ਰਾਜਪਾਲ ਦੇ ਭਾਸ਼ਨ ਨਾਲ ਹੋਵੇਗੀ ਸ਼ੁਰੂਆਤ
ਹਰਕਵਲਜੀਤ ਸਿੰਘ
ਚੰਡੀਗੜ੍ਹ, 5 ਮਾਰਚਪੰਜਾਬ ਵਿਧਾਨ ਸਭਾ ਦਾ ਬਜਟ ਇਜਲਾਸ ਕੱਲ੍ਹ (6 ਮਾਰਚ) ਰਾਜਪਾਲ ਦੇ ਭਾਸ਼ਨ ਪੜ੍ਹੇ ਜਾਣ ਨਾਲ ਸ਼ੁਰੂ ਹੋਵੇਗਾ ਜੋ ਹੰਗਾਮਿਆਂ ਭਰਪੂਰ ਰਹਿਣ ਦੀ ਸੰਭਾਵਨਾ ਹੈ | ਵਿਰੋਧੀ ਧਿਰ ਵਲੋਂ ਅਮਨ ਕਾਨੂੰਨ ਦੀ ਵਿਗੜ ਰਹੀ ਸਥਿਤੀ ਅਤੇ ਫ਼ਰਜ਼ੀ ਪੁਲਿਸ ਮੁਕਾਬਲਿਆਂ ਨੂੰ ਵੀ ਇਜਲਾਸ ਦੌਰਾਨ ਵੱਡਾ ਮੁੱਦਾ ਬਣਾਏ ਜਾਣ ਦੀ ਸੰਭਾਵਨਾ ਹੈ | ਮੌਜੂਦਾ ਸਰਕਾਰ ਦਾ ਆਖ਼ਰੀ ਬਜਟ ਇਜਲਾਸ ਹੋਣ ਕਾਰਨ ਸਰਕਾਰ ਵੀ ਇਸ ਇਜਲਾਸ ਦੌਰਾਨ ਮਗਰਲੇ ਚਾਰ ਸਾਲਾਂ ਦੌਰਾਨ ਕੀਤੇ ਗਏ ਕੰਮਾਂ ਨੂੰ ਜ਼ੋਰਦਾਰ ਢੰਗ ਨਾਲ ਪ੍ਰਚਾਰਨ ਤੋਂ ਇਲਾਵਾ ਵੱਖ ਵੱਖ ਵਰਗਾਂ ਲਈ ਰਿਆਇਤਾਂ ਅਤੇ ਰਾਹਤਾਂ ਦਾ ਵੀ ਐਲਾਨ ਕਰ ਸਕਦੀ ਹੈ | ਪੰਜਾਬ ਵਿਧਾਨ ਸਭਾ ਦੇ ਸਕੱਤਰ ਰਾਮਲੋਕ ਖਟਾਣਾ ਦੇ ਦਸਤਖ਼ਤਾਂ ਹੇਠ ਜਾਰੀ ਕੀਤੇ ਗਏ ਪ੍ਰੋਗਰਾਮ ਅਨੁਸਾਰ 6 ਮਾਰਚ ਨੂੰ ਸਵੇਰੇ ਰਾਜਪਾਲ ਦੇ ਭਾਸ਼ਨ ਤੋਂ ਬਾਅਦ 2 ਵਜੇ ਦੀ ਬੈਠਕ 'ਚ ਸ਼ੋਕ ਮਤੇ ਪਾਸ ਕੀਤੇ ਜਾਣੇ ਹਨ | ਸੂਚੀ ਵਿਚ ਸਾਬਕਾ ਮੰਤਰੀ ਰਘਬੀਰ ਸਿੰਘ, ਸਾਬਕਾ ਵਿਧਾਇਕ ਗੁਰਦੀਪ ਸਿੰਘ ਭੈਣੀ, ਆਜ਼ਾਦੀ ਘੁਲਾਟੀਏ ਦਲੀਪ ਸਿੰਘ ਅਤੇ ਸ਼ਹੀਦ ਹੋਏ ਫ਼ੌਜੀ ਜਵਾਨ ਜੋਬਨਜੀਤ ਸਿੰਘ ਤੇ ਪਨਸੀਡ ਦੇ ਸਾਬਕਾ ਚੇਅਰਮੈਨ ਅਸ਼ੋਕ ਧੀਰ ਦੇ ਨਾਂਅ ਸ਼ਾਮਿਲ ਹਨ | ਸਨਿਚਰਵਾਰ 7 ਮਾਰਚ ਛੁੱਟੀ ਵਾਲਾ ਦਿਨ ਹੋਵੇਗਾ ਅਤੇ ਐਤਵਾਰ 8 ਮਾਰਚ ਨੂੰ ਸਵੇਰੇ 10 ਵਜੇ ਦੀ ਬੈਠਕ 'ਚ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਵਲੋਂ ਵਿੱਤੀ ਸਾਲ 2026-27 ਲਈ ਬਜਟ ਤਜਵੀਜ਼ਾਂ ਪੇਸ਼ ਕੀਤੀਆਂ ਜਾਣਗੀਆਂ | ਜਦੋਂ ਕਿ ਸੋਮਵਾਰ 9 ਮਾਰਚ ਨੂੰ ਰਾਜਪਾਲ ਦੇ ਭਾਸ਼ਨ 'ਤੇ ਬਹਿਸ ਅਤੇ ਧੰਨਵਾਦ ਦਾ ਮਤਾ ਪਾਸ ਕੀਤਾ ਜਾਵੇਗਾ | ਮੰਗਲਵਾਰ 10 ਮਾਰਚ ਨੂੰ ਚਾਲੂ ਵਿੱਤੀ ਸਾਲ 2025-26 ਲਈ ਅਨੁਪੂਰਕ ਮੰਗਾਂ ਪੇਸ਼ ਕੀਤੀਆਂ ਜਾਣਗੀਆਂ ਅਤੇ ਇਨ੍ਹਾਂ 'ਤੇ ਬਹਿਸ ਕਰਨ ਉਪਰੰਤ ਇਸੇ ਦਿਨ ਇਨ੍ਹਾਂ ਮੰਗਾਂ ਲਈ ਨਮਿੱਤਣ ਬਿੱਲ ਵੀ ਪਾਸ ਕਰਨ ਉਪਰੰਤ ਆਉਂਦੇ ਵਿੱਤੀ ਸਾਲ ਦੀਆਂ ਬਜਟ ਤਜਵੀਜ਼ਾਂ 'ਤੇ ਬਹਿਸ ਸ਼ੁਰੂ ਹੋਵੇਗੀ | 11 ਮਾਰਚ ਨੂੰ ਬਜਟ ਤਜਵੀਜ਼ 'ਤੇ ਬਹਿਸ ਪੂਰੀ ਕਰਨ ਤੋਂ ਬਾਅਦ ਇਸੇ ਦਿਨ ਆਉਂਦੇ ਵਿੱਤੀ ਸਾਲ ਲਈ ਬਜਟ ਤਜਵੀਜ਼ਾਂ ਤੇ ਖ਼ਜ਼ਾਨਾ ਬਿੱਲ ਪਾਸ ਕੀਤਾ ਜਾਵੇਗਾ | 12 ਮਾਰਚ ਨੂੰ ਗੈਰ-ਸਰਕਾਰੀ ਕੰਮਕਾਜ ਦਾ ਦਿਨ ਹੋਵੇਗਾ, ਜਦੋਂ ਕਿ 13, 14, 15 ਮਾਰਚ ਛੁੱਟੀਆਂ ਵਾਲੇ ਦਿਨ ਹੋਣਗੇ | 16 ਮਾਰਚ ਨੂੰ ਵਿਧਾਨਿਕ ਕੰਮਕਾਜ ਕਰਨ ਤੋਂ ਬਾਅਦ ਇਜਲਾਸ ਉਠਾਉਣ ਲਈ ਮਤਾ ਪੇਸ਼ ਕੀਤਾ ਜਾਵੇਗਾ | ਇਸ ਬਜਟ ਇਜਲਾਸ ਦੌਰਾਨ ਕੰਮਕਾਜ ਲਈ 7 ਦਿਨ ਰੱਖੇ ਗਏ ਹਨ ਅਤੇ ਵਿਰੋਧੀ ਧਿਰ ਦਾ ਦੋਸ਼ ਹੈ ਕਿ ਇਜਲਾਸ 'ਚ ਸੂਬੇ ਨੂੰ ਦਰਪੇਸ਼ ਮਾਮਲਿਆਂ 'ਤੇ ਵਿਚਾਰ ਲਈ ਸਮਾਂ ਬਹੁਤ ਘੱਟ ਰੱਖਿਆ ਗਿਆ ਹੈ | ਜਦੋਂ ਕਿ ਵਿਰੋਧੀ ਧਿਰ ਨਸ਼ਿਆਂ, ਅਮਨ ਕਾਨੂੰਨ, ਫ਼ਰਜ਼ੀ ਪੁਲਿਸ ਮੁਕਾਬਲਿਆਂ, ਖਾੜੀ ਦੇਸ਼ਾਂ 'ਚ ਫਸੇ ਪੰਜਾਬੀਆਂ ਤੇ ਕਿਸਾਨੀ ਮੰਗਾਂ ਆਦਿ ਸੰਬੰਧੀ ਬਹਿਸ ਲਈ ਖ਼ਾਸ ਸਮਾਂ ਰੱਖੇ ਜਾਣ ਦੀ ਮੰਗ ਕਰ ਰਹੀ ਹੈ |
ਮੰਤਰੀ ਮੰਡਲ ਦੀ ਬੈਠਕ
ਬਜਟ ਇਜਲਾਸ ਤੋਂ ਪਹਿਲਾਂ ਸਵੇਰੇ 9.30 ਵਜੇ ਮੁੱਖ ਮੰਤਰੀ ਨਿਵਾਸ 'ਤੇ ਮੁੱਖ ਮੰਤਰੀ ਵਲੋਂ ਮੰਤਰੀ ਮੰਡਲ ਦੀ ਬੈਠਕ ਵੀ ਸੱਦੀ ਗਈ ਹੈ, ਜਿਸ 'ਚ ਰਾਜਪਾਲ ਵਲੋਂ ਪੜ੍ਹੇ ਜਾਣ ਵਾਲੇ ਭਾਸ਼ਨ, ਬਜਟ ਤਜਵੀਜ਼ਾਂ, ਇਜਲਾਸ ਦੌਰਾਨ ਪੇਸ਼ ਕੀਤੇ ਜਾਣ ਵਾਲੇ ਕੰਮਕਾਜ ਤੇ ਬਿੱਲਾਂ ਨੂੰ ਪ੍ਰਵਾਨਗੀ ਦਿੱਤੀ ਜਾਣੀ ਹੈ, ਜਦੋਂ ਕਿ ਇਸ ਮੀਟਿੰਗ 'ਚ ਹੀ ਰਾਜ ਦੀ ਸਨਅਤੀ ਨੀਤੀ ਨੂੰ ਵੀ ਪ੍ਰਵਾਨਗੀ ਲਈ ਪੇਸ਼ ਕੀਤਾ ਜਾਣਾ ਹੈ | ਸਰਕਾਰ ਨਿਵੇਸ਼ ਸੰਮੇਲਨ ਤੋਂ ਪਹਿਲਾਂ ਇਸ ਨਵੀਂ ਨੀਤੀ ਨੂੰ ਅਮਲ 'ਚ ਲਿਆਉਣਾ ਚਾਹੁੰਦੀ ਹੈ |
ਪੰਜਾਬ ਦਾ ਬਜਟ ਇਜਲਾਸ ਅੱਜ ਤੋਂ
ਅਜੀਤ ਡੈਸਕ
06-03-2026