ਚੰਡੀਗੜ੍ਹ, 6 ਮਾਰਚ (ਵਿਕਰਮਜੀਤ ਸਿੰਘ ਮਾਨ)-ਰਾਜਪਾਲ ਦੇ ਭਾਸ਼ਣ ਦਾ ਬਾਈਕਾਟ ਕਰਕੇ ਸਦਨ ਤੋਂ ਬਾਹਰ ਆਉਣ ਮਗਰੋਂ ਪ੍ਰਤਾਪ ਸਿੰਘ ਬਾਜਵਾ ਅਤੇ ਹੋਰ ਕਾਂਗਰਸੀ ਵਿਧਾਇਕਾਂ ਵਲੋਂ ਵਿਧਾਨ ਸਭਾ ਕੰਪਲੈਕਸ ਵਿਚ 'ਆਪ' ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਕੀਤੀ | ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਪੰਜਾਬ ਵਿਧਾਨ ਸਭਾ ਵਿਚ ਵਿਰੋਧੀ ਧਿਰ ਦੇ ਆਗੂ ਪ੍ਰਤਾਪ ਸਿੰਘ ਬਾਜਵਾ ਨੇ ਕਿਹਾ ਕਿ ਇਕ ਪਾਸੇ ਪੰਜਾਬ ਅੰਦਰ ਕਾਨੰੂਨ ਵਿਵਸਥਾ ਦੀ ਹਾਲਤ ਬੇਹੱਦ ਨਾਜ਼ੁਕ ਬਣੀ ਹੋਈ ਹੈ | ਰੋਜ਼ਾਨਾ ਹੱਤਿਆਵਾਂ ਹੋ ਰਹੀਆਂ ਹਨ ਅਤੇ ਗੈਂਗਸਟਰਵਾਦ ਸਿਖ਼ਰਾਂ 'ਤੇ ਹੈ, ਜਦੋਂਕਿ ਸੂਬੇ ਸਿਰ ਕਰਜ਼ੇ ਦੀ ਪੰਡ ਦਿਨੋਂ-ਦਿਨ ਭਾਰੀ ਹੋ ਰਹੀ ਹੈ | ਬਾਜਵਾ ਨੇ ਕਿਹਾ ਕਿ ਪੰਜਾਬ ਦੇ ਵਿਧਾਨ ਸਭਾ ਦੇ ਇਤਿਹਾਸ ਵਿਚ ਹੈਰਾਨ ਕਰਨ ਵਾਲੇ ਘਟਨਾਕ੍ਰਮ ਵਿਚ ਪੰਜਾਬ ਦੇ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਅਤੇ ਕੈਬਨਿਟ ਮੰਤਰੀ ਅਮਨ ਅਰੋੜਾ ਵਿਧਾਨ ਸਭਾ ਤੋਂ ਵਾਕਆਊਟ ਹੋ ਗਏ, ਜਦੋਂਕਿ ਰਾਜਪਾਲ ਦਾ ਭਾਸ਼ਣ ਅਜੇ ਚੱਲ ਰਿਹਾ ਸੀ ਅਤੇ ਅਚਾਨਕ ਪੈੱ੍ਰਸ ਕਾਨਫ਼ਰੰਸ ਕਰਨ ਲਈ ਸਦਨ ਦੇ ਬਾਹਰ ਚਲੇ ਗਏ | ਬਾਜਵਾ ਨੇ ਕਿਹਾ ਕਿ 'ਆਪ' ਪਾਰਟੀ ਵਲੋਂ ਅਜਿਹਾ ਸਿਰਫ਼ ਕਾਂਗਰਸੀ ਆਗੂਆਂ ਨੂੰ ਮੀਡੀਆ ਦੇ ਸਾਹਮਣੇ ਆਪਣੇ ਵਿਚਾਰ ਪੇਸ਼ ਕਰਨ ਤੋਂ ਰੋਕਣਾ ਸੀ |