ਕਰੀਬ ਡੇਢ ਹਫ਼ਤੇ 'ਚ ਮੁਕੰਮਲ ਹੋਵੇਗੀ ਸੇਵਾ-ਭਾਈ ਸਾਹਿਬ ਭਾਈ ਮਹਿੰਦਰ ਸਿੰਘ
ਅੰਮਿ੍ਤਸਰ, 6 ਮਾਰਚ (ਜਸਵੰਤ ਸਿੰਘ ਜੱਸ)-ਸ੍ਰੀ ਹਰਿਮੰਦਰ ਸਾਹਿਬ ਦੇ ਮੁੱਖ ਗੁੰਬਦ ਸਮੇਤ ਇਸ ਪਾਵਨ ਅਸਥਾਨ ਦੇ ਬਾਹਰ ਤੇ ਅੰਦਰ ਦੀਵਾਰਾਂ 'ਤੇ ਲੱਗੇ ਸੋਨੇ ਦੇ ਪੱਤਰਿਆਂ ਦੀ ਧੁਆਈ ਤੇ ਸਾਫ-ਸਫਾਈ ਦੀ ਸੇਵਾ ਅੱਜ ਅਰਦਾਸ ਉਪਰੰਤ ਕਾਰਜਕਾਰੀ ਮੁੱਖ ਗ੍ਰੰਥੀ ਗਿਆਨੀ ਅਮਰਜੀਤ ਸਿੰਘ, ਸ਼ੋ੍ਰਮਣੀ ਕਮੇਟੀ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਤੇ ਭਾਈ ਸਾਹਿਬ ਭਾਈ ਮਹਿੰਦਰ ਸਿੰਘ ਯੂ.ਕੇ. ਵਲੋਂ ਪ੍ਰਮੁੱਖ ਸਿੱਖ ਸ਼ਖ਼ਸੀਅਤਾਂ ਦੀ ਹਾਜ਼ਰੀ ਤੇ ਬੋਲੇ ਸੋ ਨਿਹਾਲ ਦੇ ਜੈਕਾਰਿਆਂ ਦੀ ਗੂੰਜ 'ਚ ਆਰੰਭ ਕੀਤੀ ਗਈ | ਇਸ ਮੌਕੇ ਗੱਲਬਾਤ ਕਰਦਿਆਂ ਪ੍ਰਧਾਨ ਐਡਵੋਕੇਟ ਧਾਮੀ ਨੇ ਦੱਸਿਆ ਕਿ ਨਿਸ਼ਕਾਮ ਸੇਵਕ ਜਥਾ ਇਹ ਸੇਵਾ ਨਿਸ਼ਕਾਮ ਰੂਪ 'ਚ ਕਰਦਾ ਹੈ ਤੇ ਇਸ ਦੌਰਾਨ ਸ੍ਰੀ ਹਰਿਮੰਦਰ ਸਾਹਿਬ ਤੋਂ ਇਲਾਵਾ ਅਕਾਲ ਤਖ਼ਤ ਸਾਹਿਬ ਗੰੁਬਦ, ਗੁਰਦੁਆਰਾ ਬਾਬਾ ਅਟੱਲ ਰਾਏ ਸਾਹਿਬ ਦੇ ਗੁੰਬਦ ਤੇ ਘੰਟਾ ਘਰ ਡਿਓੜੀ ਦੇ ਗੁੰਬਦਾਂ ਦੇ ਉੱਪਰ ਲੱਗੇ ਸੁਨਹਿਰੀ ਪੱਤਰਿਆਂ ਦੀ ਧੁਆਈ ਦੀ ਸੇਵਾ ਕੀਤੀ ਜਾਵੇਗੀ | ਉਨ੍ਹਾਂ ਕਿਹਾ ਕਿ ਇਸ ਜਥੇ ਵਲੋਂ ਸ੍ਰੀ ਹਰਿਮੰਦਰ ਸਾਹਿਬ ਦੇ ਅੰਦਰਲੇ ਹਿੱਸੇ 'ਚ ਸੁਨਹਿਰੀ ਪੱਤਰਿਆਂ ਤੇ ਮੀਨਾਕਾਰੀ ਦੀ ਮੁਰੰਮਤ ਦਾ ਕਾਰਜ ਵੀ ਨਿਰੰਤਰ ਚੱਲ ਰਿਹਾ ਹੈ | ਯੂ.ਕੇ. ਤੋਂ ਸੰਗਤ ਸਮੇਤ ਪੁੱਜੇ ਗੁਰੂ ਨਾਨਕ ਨਿਸ਼ਕਾਮ ਸੇਵਕ ਜਥਾ ਬਰਮਿੰਘਮ ਦੇ ਮੁਖੀ ਭਾਈ ਮਹਿੰਦਰ ਸਿੰਘ ਨੇ ਕਿਹਾ ਕਿ ਗੁਰੂ ਸਾਹਿਬ ਦੀ ਕਿਰਪਾ ਨਾਲ ਕਰੀਬ ਇਕ ਦਹਾਕੇ ਤੋਂ ਜਥੇ ਵਲੋਂ ਹਰ ਸਾਲ ਸ਼੍ਰੋਮਣੀ ਕਮੇਟੀ ਦੇ ਸਹਿਯੋਗ ਨਾਲ ਸੋਨੇ ਦੀ ਧੁਆਈ ਦੀ ਸੇਵਾ ਦਾ ਕਾਰਜ ਸ਼ਰਧਾ ਸਹਿਤ ਕੀਤਾ ਜਾਂਦਾ ਹੈ | ਇਸ ਵਾਰ ਵੀ ਯੂ. ਕੇ. ਤੋਂ ਕਰੀਬ 65 ਸ਼ਰਧਾਲੂ, ਜਿਨ੍ਹ੍ਹਾਂ 'ਚ ਬੀਬੀਆਂ ਤੇ ਬੱਚੇ ਵੀ ਸ਼ਾਮਿਲ ਹਨ, ਸ਼ਰਧਾ ਸਹਿਤ ਸੋਨੇ ਦੀ ਧੁਆਈ ਦੀ ਸੇਵਾ 'ਚ ਹਿੱਸਾ ਲੈਣ ਲਈ ਵਿਸ਼ੇਸ਼ ਤੌਰ 'ਤੇ ਅੰਮਿ੍ਤਸਰ ਪੁੱਜੇ ਹਨ | ਉਨ੍ਹਾਂ ਦੱਸਿਆ ਕਿ ਇਹ ਸੇਵਾ ਕਰੀਬ 10-12 ਦਿਨ ਜਾਰੀ ਰਹੇਗੀ, ਜਿਸ ਤਹਿਤ ਪਾਵਨ ਅਸਥਾਨ ਦੇ ਬਾਹਰੀ ਹਿੱਸੇ 'ਤੇ ਲੱਗੇ ਸੋਨੇ ਦੀ ਧੁਆਈ ਕੁਦਰਤੀ ਢੰਗ ਨਾਲ ਕੀਤੀ ਜਾਵੇਗੀ | ਉਨ੍ਹਾਂ ਦੱਸਿਆ ਕਿ ਸੋਨੇ ਦੀ ਧੁਆਈ ਲਈ ਰੀਠੇ ਨੂੰ ਉਬਾਲ ਕੇ ਉਸ ਦਾ ਪਾਣੀ ਤੇ ਨਿੰਬੂ ਦਾ ਰਸ ਵਰਤਿਆ ਜਾਂਦਾ ਹੈ | ਇਸ 'ਚ ਕਿਸੇ ਵੀ ਰਸਾਇਣ ਦੀ ਵਰਤੋਂ ਨਹੀਂ ਕੀਤੀ ਜਾਂਦੀ | ਅੱਜ ਸੇਵਾ ਦੀ ਆਰੰਭਤਾ ਮੌਕੇ ਸ਼੍ਰੋਮਣੀ ਕਮੇਟੀ ਦੇ ਅੰਤਿ੍ੰਗ ਕਮੈਟੀ ਮੈਂਬਰ ਗੁਰਪ੍ਰੀਤ ਸਿੰਘ ਝੱਬਰ, ਮੈਂਬਰ ਭਾਈ ਰਾਜਿੰਦਰ ਸਿੰਘ ਮਹਿਤਾ, ਭਾਈ ਅਮਰਜੀਤ ਸਿੰਘ ਚਾਵਲਾ, ਫੁੰਮਣ ਸਿੰਘ, ਬਾਬਾ ਸਤਨਾਮ ਸਿੰਘ ਮੁਖੀ ਕਾਰ ਸੇਵਾ ਕਿਲ੍ਹਾ ਅਨੰਦਗੜ੍ਹ ਸਾਹਿਬ, ਗਿਆਨੀ ਗੁਰਬਖ਼ਸ਼ ਸਿੰਘ ਗੁਲਸ਼ਨ, ਧਰਮ ਪ੍ਰਚਾਰ ਕਮੇਟੀ ਦੇ ਸਕੱਤਰ ਬਲਵਿੰਦਰ ਸਿੰਘ ਕਾਹਲਵਾਂ, ਵਧੀਕ ਸਕੱਤਰ ਸ਼ਾਹਬਾਜ਼ ਸਿੰਘ, ਮੀਤ ਸਕੱਤਰ ਹਰਭਜਨ ਸਿੰਘ ਵਕਤਾ, ਸ੍ਰੀ ਦਰਬਾਰ ਸਾਹਿਬ ਦੇ ਮੁੱਖ ਮੈਨੇਜਰ ਭਗਵੰਤ ਸਿੰਘ ਧੰਗੇੜਾ, ਮੈਨੇਜਰ ਜਸਪਾਲ ਸਿੰਘ ਢੱਡੇ, ਵਧੀਕ ਮੈਨੇਜਰ ਗੁਰਵਿੰਦਰ ਸਿੰਘ ਦੇਵੀਦਾਸਪੁਰ, ਨਿਸ਼ਕਾਮ ਸੇਵਕ ਜਥੇ ਵਲੋਂ ਭਾਈ ਇੰਦਰਜੀਤ ਸਿੰਘ, ਭਾਈ ਗੁਰਦਿਆਲ ਸਿੰਘ, ਭਾਈ ਗੁਰਨਾਮ ਸਿੰਘ, ਭਾਈ ਅੰਮਿ੍ਤਪਾਲ ਸਿੰਘ, ਭਾਈ ਸੋਮਾ ਸਿੰਘ, ਭਾਈ ਇਕਬਾਲ ਸਿੰਘ, ਪਰਵਿੰਦਰਜੀਤ ਸਿੰਘ ਬਰਮਿੰਘਮ ਸਮੇਤ ਹੋਰ ਮੌਜੂਦ ਸਨ |
ਸ੍ਰੀ ਹਰਿਮੰਦਰ ਸਾਹਿਬ ਵਿਖੇ ਸੋਨੇ ਦੀ ਧੁਆਈ ਦੀ ਸੇਵਾ ਸ਼ੁਰੂ <br/>
ਅਜੀਤ ਡੈਸਕ
07-03-2026