13 ਸਾਲਾਂ ਤੋਂ ਕੋਮਾ 'ਚ ਹੈ ਹਰੀਸ਼ ਰਾਣਾ
ਨਵੀਂ ਦਿੱਲੀ, 11 ਮਾਰਚ (ਜਗਤਾਰ ਸਿੰਘ)-'ਇੱਛਾ ਮੌਤ' ਦੇ ਇਕ ਮਾਮਲੇ ਨੂੰ ਲੈ ਕੇ ਸੁਪਰੀਮ ਕੋਰਟ ਨੇ ਇਤਿਹਾਸਕ ਤੇ ਭਾਵੁਕ ਕਰਨ ਵਾਲਾ ਫ਼ੈਸਲਾ ਸੁਣਾਇਆ ਹੈ | ਬੀਤੇ ਕਰੀਬ 13 ਸਾਲਾਂ ਤੋਂ ਗਾਜ਼ੀਆਬਾਦ ਦੇ ਆਪਣੇ ਘਰ 'ਚ ਬੈੱਡ ਉਤੇ 'ਕੋਮਾ' (ਡੂੰਘੀ ਬੇਹੋਸ਼ੀ) ਵਿਚ ਪਏ ਹਰੀਸ਼ ਰਾਣਾ ਦੀ ਇੱਛਾ ਮੌਤ ਭਾਵ 'ਪੈਸਿਵ ਯੂਥੇਨੇਸ਼ੀਆ' ਦੇਣ ਦੀ ਗੁਹਾਰ ਨੂੰ ਅਦਾਲਤ ਨੇ ਮਨਜ਼ੂਰੀ ਦੇ ਦਿੱਤੀ ਹੈ | ਇਹ ਦੇਸ਼ ਵਿਚ 'ਅਜਿਹਾ' ਪਹਿਲਾ ਮਾਮਲਾ ਹੈ ਅਤੇ ਸੁਪਰੀਮ ਕੋਰਟ ਨੇ ਇਹ ਫ਼ੈਸਲਾ ਹਰੀਸ਼ ਦੀ ਮਾਂ ਨਿਰਮਲਾ ਰਾਣਾ ਅਤੇ ਪਿਤਾ ਅਸ਼ੋਕ ਰਾਣਾ ਵਲੋਂ ਕੀਤੀ ਗਈ 'ਇੱਛਾ ਮੌਤ' ਦੀ ਅਪੀਲ ਤੋਂ ਬਾਅਦ ਸੁਣਾਇਆ ਹੈ | ਦੱਸਣਯੋਗ ਹੈ ਕਿ ਇੱਛਾ ਮੌਤ ਦਾ ਅਰਥ ਹੈ ਕਿ ਇਕ ਗੰਭੀਰ ਰੂਪ ਵਿਚ ਬਿਮਾਰ ਮਰੀਜ਼ ਨੂੰ ਜ਼ਿੰਦਾ ਰੱਖਣ ਲਈ ਬਾਹਰੀ ਜੀਵਨ ਸਹਾਇਤਾ ਜਾਂ ਇਲਾਜ ਨੂੰ ਰੋਕਣਾ ਜਾਂ ਵਾਪਸ ਲੈਣਾ, ਜਿਸ ਨਾਲ ਮਰੀਜ਼ ਕੁਦਰਤੀ ਤੌਰ 'ਤੇ ਮਰ ਸਕਦਾ ਹੈ | ਫ਼ੈਸਲਾ ਸੁਣਾਉਂਦੇ ਹੋਏ ਅਦਾਲਤ ਨੇ ਕਿਹਾ ਕਿ ਹਰੀਸ਼ ਰਾਣਾ ਨੂੰ ਏਮਜ਼ ਦੇ ਪੈਲਿਏਟਿਵ ਕੇਅਰ ਵਾਰਡ ਵਿਚ ਦਾਖ਼ਲ ਕਰਾਇਆ ਜਾਵੇ ਤਾਂ ਕਿ ਮੈਡੀਕਲ ਇਲਾਜ ਵਾਪਸ ਲਿਆ ਜਾ ਸਕੇ | ਜਸਟਿਸ ਜੇ.ਬੀ. ਪਾਰਦੀਵਾਲਾ ਅਤੇ ਕੇ.ਵੀ. ਵਿਸ਼ਵਨਾਥਨ ਦੇ ਬੈਂਚ ਨੇ ਏਮਜ਼ ਨੂੰ ਹਰੀਸ਼ ਦੀ ਜੀਵਨ ਸਹਾਇਤਾ ਪ੍ਰਣਾਲੀ ਨੂੰ ਪੜਾਅਵਾਰ ਬੰਦ ਕਰਨ ਦਾ ਨਿਰਦੇਸ਼ ਦਿੱਤਾ ¢ ਦੱਸਣਯੋਗ ਹੈ ਕਿ ਹਰੀਸ਼ ਰਾਣਾ ਦੀ ਅਜਿਹੀ ਹਾਲਤ ਉਸ ਸਮੇਂ ਹੋਈ ਜਦੋਂ ਉਹ ਚੰਡੀਗੜ੍ਹ ਵਿਚ ਪੰਜਾਬ ਯੂਨੀਵਰਸਿਟੀ ਵਿਚ ਬੀ. ਟੈਕ ਦੀ ਡਿਗਰੀ ਕਰ ਰਿਹਾ ਸੀ ਅਤੇ ਸਾਲ 2013 'ਚ ਉਹ ਆਪਣੇ ਹੋਸਟਲ ਦੀ ਚੌਥੀ ਮੰਜ਼ਿਲ ਤੋਂ ਡਿੱਗ ਪਿਆ ਸੀ | ਇਸ ਹਾਦਸੇ 'ਚ ਉਸ ਦੇ ਸਿਰ 'ਤੇ ਗੰਭੀਰ ਸੱਟਾਂ ਵੱਜੀਆਂ ਤੇ ਉਹ ਪੂਰੀ ਤਰ੍ਹਾਂ ਕੋਮਾ ਵਿਚ ਚਲਾ ਗਿਆ ਸੀ | ਡਾਕਟਰਾਂ ਨੇ ਹਰੀਸ਼ ਨੂੰ ਕਵਾਡ੍ਰੀਪਲੇਜੀਆ ਬਿਮਾਰੀ ਨਾਲ ਪੀੜਤ ਦੱਸਿਆ ਸੀ, ਜਿਸ ਵਿਚ ਮਰੀਜ਼ ਪੂਰੀ ਤਰ੍ਹਾਂ ਫੀਡਿੰਗ ਟਿਊਬਾਂ ਅਤੇ ਵੈਂਟੀਲੇਟਰ ਸਹਾਇਤਾ 'ਤੇ ਨਿਰਭਰ ਕਰਦੇ ਹਨ ਤੇ ਠੀਕ ਹੋਣ ਦੀ ਕੋਈ ਸੰਭਾਵਨਾ ਨਹੀਂ ਹੁੰਦੀ |
ਸੁਪਰੀਮ ਕੋਰਟ ਨੇ ਪਹਿਲੀ ਵਾਰ ਇੱਛਾ ਮੌਤ ਦੀ ਦਿੱਤੀ ਇਜਾਜ਼ਤ
ਅਜੀਤ ਡੈਸਕ
12-03-2026