ਵਿਕਰਮਜੀਤ ਸਿੰਘ ਮਾਨ
ਚੰਡੀਗੜ੍ਹ, 11 ਮਾਰਚ-ਕਾਂਗਰਸੀ ਵਿਧਾਇਕ ਸੁਖਪਾਲ ਸਿੰਘ ਖਹਿਰਾ ਵਲੋਂ ਅÏਰਤਾਂ ਨੂੰ ਲੈ ਕੇ ਕੀਤੀ ਗਈ ਕਥਿਤ ਟਿੱਪਣੀ ਦੇ ਮਾਮਲੇ 'ਤੇ ਵਿਧਾਨ ਸਭਾ 'ਚ ਸੱਤਾ ਧਿਰ ਆਮ ਆਦਮੀ ਪਾਰਟੀ (ਆਪ) ਤੇ ਵਿਰੋਧੀ ਧਿਰ ਕਾਂਗਰਸ ਦੇ ਵਿਧਾਇਕ ਲਗਾਤਾਰ ਆਹਮੋ ਸਾਹਮਣੇ ਹਨ | ਇਸ ਮਾਮਲੇ 'ਚ ਆਪਣਾ ਪੱਖ ਰੱਖਣ ਲਈ ਸੁਖਪਾਲ ਸਿੰਘ ਖਹਿਰਾ ਅੱਜ ਸਦਨ ਵਿਚ ਪਹੁੰਚੇ ਸਨ ਪਰ ਉਨ੍ਹਾਂ ਬਾਹਰ ਆ ਕੇ ਕਿਹਾ ਕਿ ਉਨ੍ਹਾਂ ਦਾ ਪੱਖ ਸੁਣੇ ਬਗੈਰ ਹੀ ਉਨ੍ਹਾਂ ਖਿਲਾਫ਼ ਕਾਰਵਾਈ ਕਰ ਦਿੱਤੀ ਗਈ | ਉਨ੍ਹਾਂ ਕਿਹਾ ਕਿ ਮੈਂ ਕੁਝ ਵੀ ਗਲਤ ਨਾ ਬੋਲਿਆ, ਨਾ ਹੀ ਕੀਤਾ, ਇਸ ਲਈ ਮੁਆਫੀ ਨਹੀਂ ਮੰਗਾਂਗਾ | ਇਸ ਦੌਰਾਨ ਜਦੋਂ ਖਹਿਰਾ ਵਿਰੋਧੀ ਧਿਰ ਦੇ ਆਗੂ ਪ੍ਰਤਾਪ ਸਿੰਘ ਬਾਜਵਾ ਤੇ ਹੋਰ ਵਿਧਾਇਕਾਂ ਨਾਲ ਪ੍ਰੈੱਸ ਕਾਨਫ਼ਰੰਸ ਕਰ ਰਹੇ ਸਨ ਤਾਂ ਉਨ੍ਹਾਂ ਦੇ ਪਿੱਛੇ ਆਮ ਆਦਮੀ ਪਾਰਟੀ ਦੀਆਂ ਮਹਿਲਾ ਵਿਧਾਇਕਾਂ ਪ੍ਰਦਰਸ਼ਨ ਕਰਦੇ ਹੋਏ ਖਹਿਰਾ ਖਿਲਾਫ਼ ਲਗਾਤਾਰ ਨਾਅਰੇਬਾਜ਼ੀ ਕਰ ਰਹੀਆਂ ਸਨ | ਇਸ 'ਤੇ ਖਹਿਰਾ ਨੇ ਕਿਹਾ ਕਿ 'ਆਪ' ਦੀਆਂ ਮਹਿਲਾ ਵਿਧਾਇਕਾਂ ਨੇ ਇਸ ਤਰ੍ਹਾਂ ਦਾ ਵਿਵਹਾਰ ਕਰਦਿਆਂ ਪੁਲਿਸ ਦੇ ਸਿਰ 'ਤੇ ਵਿਧਾਨ ਸਭਾ ਨੂੰ ਸੀ.ਆਈ.ਏ. ਸਟਾਫ ਬਣਾ ਦਿੱਤਾ ਹੈ | ਉਨ੍ਹਾਂ ਕਿਹਾ ਕਿ ਮੈਨੂੰ ਪੱਖ ਰੱਖਣ ਤੱਕ ਦਾ ਮੌਕਾ ਨਹੀਂ ਦਿੱਤਾ ਗਿਆ ਜਦ ਕਿ ਅਦਾਲਤਾਂ ਵੀ ਬਿਨਾਂ ਪੱਖ ਸੁਣੇ ਕੋਈ ਫੈਸਲਾ ਨਹੀਂ ਕਰਦੀਆਂ | ਉਨ੍ਹਾਂ ਕਿਹਾ ਕਿ ਜਿਸ ਗੱਲ ਨੂੰ ਮੁੱਦਾ ਬਣਾਇਆ ਜਾ ਰਿਹਾ ਹੈ ਉਹ ਸ਼ਬਦ ਵੀ ਮੇਰੇ ਨਹੀਂ ਸਗੋਂ ਇਕ ਯੂ-ਟਿਊਬਰ ਨੇ ਉਸ ਮੌਕੇ ਵਰਤੇ ਸਨ ਜਦੋਂ ਬਜਟ ਪੇਸ਼ ਕਰਨ ਮੌਕੇ 'ਆਪ' ਦੀ ਸਰਕਾਰ ਨੇ ਪੰਜਾਬ ਭਰ ਵਿਚ ਸਕਰੀਨਾਂ ਲਾ ਕੇ 'ਆਪ' ਦੀਆਂ ਵਲੰਟਰੀਆਂ ਨੂੰ ਡੀਜੇ 'ਤੇ ਗਿੱਧਾ ਪਵਾਇਆ ਸੀ | ਉਨ੍ਹਾਂ ਕਿਹਾ ਕਿ 'ਆਪ' ਦੀਆਂ ਵਿਧਾਇਕਾਂ ਆਪਣੇ ਮੁੱਖ ਮੰਤਰੀ ਦੇ ਉਸ ਭਾਸ਼ਣ 'ਤੇ ਵੀ ਨਜ਼ਰ ਮਾਰ ਲੈਣ ਜਿਸ ਵਿਚ ਉਹ ਇਕ ਸਮਾਗਮ ਦੌਰਾਨ ਆਪਣੇ ਕਾਲਜ ਦਾ ਕਿੱਸਾ ਸੁਣਾਉਂਦੇ ਹੋਏ ਔਰਤਾਂ ਖਿਲਾਫ਼ ਟਿੱਪਣੀਆਂ ਕਰ ਰਹੇ ਹਨ | 'ਆਪ' ਦੀਆਂ ਵਿਧਾਇਕਾਂ ਵਲੋਂ ਇਸ ਤਰ੍ਹਾਂ ਪ੍ਰੈੱਸ ਕਾਨਫ਼ਰੰਸ ਦੌਰਾਨ ਪ੍ਰਦਰਸ਼ਨ ਕਰਨ 'ਤੇ ਵਿਰੋਧੀ ਧਿਰ ਦੇ ਆਗੂ ਪ੍ਰਤਾਪ ਸਿੰਘ ਬਾਜਵਾ ਨੇ ਕਿਹਾ ਕਿ ਮੁੱਖ ਮੰਤਰੀ ਦੇ ਮੀਡੀਆ ਸਲਾਹਕਾਰ ਪੰਨੂ ਵਲੋਂ ਮਹਿਲਾ ਵਿਧਾਇਕਾਂ ਨੂੰ ਅੰਦਰੋਂ ਬੁਲਾ ਕੇ ਇਹ ਸਭ ਕਰਵਾਇਆ ਜਾ ਰਿਹਾ ਹੈ ਤਾਂ ਜੋ ਮੁੱਖ ਮੰਤਰੀ ਦੀ ਇਸ ਗੱਲ 'ਤੇ ਪਰਦਾ ਪਾਇਆ ਜਾ ਸਕੇ | ਬਾਜਵਾ ਨੇ ਕਿਹਾ ਕਿ ਮੱੁਖ ਮੰਤਰੀ ਵਲੋਂ ਇਕ ਸਮਾਗਮ ਦੌਰਾਨ ਔਰਤਾਂ ਖਿਲਾਫ ਜੋ ਟਿੱਪਣੀਆਂ ਕੀਤੀਆਂ ਗਈਆਂ ਹਨ ਉਸ ਨੂੰ ਲੈ ਕੇ ਪੰਜਾਬ ਕਾਂਗਰਸ ਵਲੋਂ ਲਿਖਤੀ ਸ਼ਿਕਾਇਤ ਕੌਮੀ ਮਹਿਲਾ ਕਮਿਸ਼ਨ ਨੂੰ ਭੇਜ ਕੇ ਕਾਰਵਾਈ ਦੀ ਮੰਗ ਕੀਤੀ ਗਈ ਹੈ |
ਔਰਤਾਂ ਬਾਰੇ ਟਿੱਪਣੀ ਨੂੰ ਲੈ ਕੇ ਸੱਤਾ ਧਿਰ ਤੇ ਵਿਰੋਧੀ ਧਿਰ ਆਹਮੋ-ਸਾਹਮਣੇ
ਅਜੀਤ ਡੈਸਕ
12-03-2026