• ਖਹਿਰਾ ਦੀ ਪੋਸਟ ਨੂੰ ਲੈ ਕੇ ਭਾਰੀ ਹੰਗਾਮਾ-ਕਾਂਗਰਸ ਵਲੋਂ ਵਾਕਆਊਟ
• ਬਜਟ 'ਤੇ ਚਰਚਾ ਤੋਂ ਭੱਜੀ ਵਿਰੋਧੀ ਧਿਰ-ਮੁੱਖ ਮੰਤਰੀ
ਹਰਕਵਲਜੀਤ ਸਿੰਘ
ਚੰਡੀਗੜ੍ਹ, 11 ਮਾਰਚਪੰਜਾਬ ਵਿਧਾਨ ਸਭਾ ਵਲੋਂ ਅੱਜ ਆਉਂਦੇ ਵਿੱਤੀ ਸਾਲ 2026-27 ਲਈ ਰਾਜ ਦੀਆਂ ਬਜਟ ਤਜਵੀਜ਼ਾਂ ਸੰਬੰਧੀ ਖ਼ਜ਼ਾਨਾ ਬਿੱਲ ਨੂੰ ਕਾਂਗਰਸ ਮੈਂਬਰਾਂ ਦੀ ਗੈਰ-ਹਾਜ਼ਰੀ ਵਿਚ ਪਾਸ ਕਰ ਦਿੱਤਾ ਗਿਆ | ਕਾਂਗਰਸੀ ਮੈਂਬਰ ਸੁਖਪਾਲ ਸਿੰਘ ਖਹਿਰਾ ਦੇ ਫੇਸਬੁੱਕ ਟਵੀਟ ਨੂੰ ਲੈ ਕੇ ਅੱਜ ਇਜਲਾਸ ਦੌਰਾਨ ਦੁਬਾਰਾ ਭਾਰੀ ਹੰਗਾਮਾ ਹੋਇਆ, ਜਿਸ ਕਾਰਨ ਸਦਨ ਦੀ ਕਾਰਵਾਈ ਵੀ ਮੁਅੱਤਲ ਕਰਨੀ ਪਈ, ਪਰ ਸਪੀਕਰ ਕੁਲਤਾਰ ਸਿੰਘ ਸੰਧਵਾਂ ਨੇ ਕਿਹਾ ਕਿ ਖਹਿਰਾ ਨੂੰ ਸਦਨ ਵਿਚ ਸਪੱਸ਼ਟੀਕਰਨ ਲਈ ਮੌਕਾ ਪਹਿਲਾਂ ਮੁਆਫ਼ੀ ਮੰਗਣ ਤੋਂ ਬਾਅਦ ਹੀ ਮਿਲ ਸਕੇਗਾ | ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਨੂੰ ਵੀ ਮੁੱਖ ਮੰਤਰੀ ਵਿਰੁੱਧ ਇਕ ਨਿੰਦਾ ਪ੍ਰਸਤਾਵ ਪੇਸ਼ ਕਰਨ ਦੀ ਇਜਾਜ਼ਤ ਨਾ ਮਿਲਣ 'ਤੇ ਜਦੋਂ ਕਾਂਗਰਸ ਮੈਂਬਰ ਸਪੀਕਰ ਦੀ ਕੁਰਸੀ ਸਾਹਮਣੇ ਗਏ ਤਾਂ ਹੁਕਮਰਾਨ ਪਾਰਟੀ ਦੇ ਵਿਧਾਇਕ ਵੀ ਬੈਂਚ ਛੱਡ ਨਾਅਰੇ ਮਾਰਦੇ ਹੋਏ ਉਨ੍ਹਾਂ ਵੱਲ ਵੱਧ ਪਏ ਅਤੇ ਹੱਥੋਪਾਈ ਦੀ ਸਥਿਤੀ ਪੈਦਾ ਹੁੰਦੀ ਵੇਖ ਕੇ ਬਾਜਵਾ ਕਾਂਗਰਸ ਵਿਧਾਇਕਾਂ ਨੂੰ ਲੈ ਕੇ ਸਦਨ ਤੋਂ ਵਾਕਆਊਟ ਕਰ ਗਏ | ਬਜਟ ਤਜਵੀਜ਼ਾਂ 'ਤੇ ਹੋਈ ਬਹਿਸ ਦਾ ਜੁਆਬ ਦਿੰਦਿਆਂ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਸਾਡੀ ਸਰਕਾਰ ਸ਼ਹੀਦ ਭਗਤ ਸਿੰਘ ਤੇ ਸ਼ਹੀਦ ਊਧਮ ਸਿੰਘ ਦੇ ਸੁਪਨਿਆਂ ਅਨੁਸਾਰ ਕੰਮ ਕਰ ਰਹੀ ਹੈ |
ਉਨ੍ਹਾਂ ਕਿਹਾ ਕਿ ਅਫਸੋਸ ਇਸ ਗੱਲ ਦਾ ਹੈ ਕਿ ਆਜ਼ਾਦੀ ਦੇ 80 ਸਾਲ ਬਾਅਦ ਵੀ ਅਸੀਂ ਅਜੇ ਤੱਕ ਟੋਬੇ ਸਾਫ਼ ਕਰਨ ਤੇ ਸੀਵਰੇਜ ਦੇ ਢੱਕਣ ਲਗਾਉਣ 'ਤੇ ਹੀ ਖੜੇ ਹਾਂ | ਉਨ੍ਹਾਂ ਕਿਹਾ ਕਿ ਯੂਕਰੇਨ ਵਰਗਾ ਦੇਸ਼ ਜੋ 25 ਸਾਲ ਪਹਿਲਾਂ ਹੀ ਆਜ਼ਾਦ ਹੋਇਆ, ਸਾਡੇ ਬੱਚੇ ਡਾਕਟਰੀ ਦੀ ਪੜ੍ਹਾਈ ਲਈ ਉਥੇ ਜਾ ਰਹੇ ਹਨ ਕਿਉਂਕਿ ਉਥੇ ਡਾਕਟਰੀ ਦੀ ਪੜ੍ਹਾਈ ਦੀ ਫ਼ੀਸ 11 ਲੱਖ ਅਤੇ ਦੇਸ਼ ਵਿਚ 30 ਲੱਖ ਤੋਂ ਵੀ ਵੱਧ ਹੈ | ਉਨ੍ਹਾਂ ਦਾਅਵਾ ਕੀਤਾ ਅਸੀਂ ਸੂਬੇ ਵਿਚ ਮੈਡੀਕਲ ਸਿੱਖਿਆ ਦੀਆਂ 600 ਹੋਰ ਸੀਟਾਂ ਸ਼ਾਮਿਲ ਕਰ ਰਹੇ ਹਾਂ ਅਤੇ ਅਜਿਹਾ ਨਵੇਂ ਮੈਡੀਕਲ ਕਾਲਜਾਂ ਦੇ ਸ਼ੁਰੂ ਹੋਣ ਨਾਲ ਹੀ ਸੰਭਵ ਹੋ ਸਕੇਗਾ | ਉਨ੍ਹਾਂ ਦੱਸਿਆ ਕਿ ਸਰਕਾਰ ਵਲੋਂ ਸ੍ਰੀ ਗੁਰੂ ਤੇਗ਼ ਬਹਾਦਰ ਜੀ ਦੀ ਯਾਦ ਵਿਚ ਸ੍ਰੀ ਅਨੰਦਪੁਰ ਸਾਹਿਬ ਵਿਖੇ ਇਕ ਵਿਸ਼ਵ ਪੱਧਰੀ ਯੂਨੀਵਰਸਿਟੀ ਦੀ ਸਥਾਪਤੀ ਲਈ ਪ੍ਰਕਿਰਿਆ ਸ਼ੁਰੂ ਕਰ ਦਿੱਤੀ ਗਈ ਹੈ | ਮੁੱਖ ਮੰਤਰੀ ਨੇ ਕਿਹਾ ਕਿ ਜੋ ਮਗਰਲੀਆਂ ਸਰਕਾਰਾਂ 'ਚ 7 ਪ੍ਰਤੀਸ਼ਤ ਤੋਂ ਵੱਧ ਪੰਜਾਬੀਆਂ ਨੂੰ 100 ਦਿਨਾਂ ਲਈ ਮਗਨਰੇਗਾ ਹੇਠ ਕੰਮ ਨਹੀਂ ਦੇ ਸਕੇ ਹੁਣ ਉਹ ਮਗਨਰੇਗਾ ਸੰਬੰਧੀ ਅੰਦੋਲਨ ਕਰ ਰਹੇ ਹਨ | ਮੁੱਖ ਮੰਤਰੀ ਨੇ ਦਾਅਵਾ ਕੀਤਾ ਕਿ ਸੰਸਦ ਮੈਂਬਰ ਹੁੰਦਿਆਂ ਮੈਂ ਦੇਸ਼ ਦੇ ਇਤਿਹਾਸ ਵਿਚ ਪਹਿਲੀ ਵਾਰ 27 ਦਸੰਬਰ 2018 ਨੂੰ ਛੋਟੇ ਸਾਹਿਬਜ਼ਾਦਿਆਂ ਬਾਬਾ ਜ਼ੋਰਾਵਰ ਸਿੰਘ ਅਤੇ ਬਾਬਾ ਫ਼ਤਹਿ ਸਿੰਘ ਦੀ ਬੇਮਿਸਾਲ ਸ਼ਹੀਦੀ ਲਈ ਸੰਸਦ ਵਿਚ ਸ਼ਰਧਾਂਜਲੀ ਦਿੱਤੀ ਅਤੇ ਸਪੀਕਰ ਵਲੋਂ ਮੇਰੀ ਬੇਨਤੀ 'ਤੇ ਅੱਧੇ ਘੰਟੇ ਦਾ ਸਮਾਂ ਵੀ ਨਿਸ਼ਚਿਤ ਹੋਇਆ, ਜਦੋਂ ਕਿ ਇਸ ਤੋਂ ਪਹਿਲਾਂ ਸਾਰੇ ਵੱਡੇ ਪੰਥਕ ਮਹਾਂਰਥੀ ਤੇ ਅਕਾਲੀ ਮੈਂਬਰ ਰਹੇ ਪਰ ਕਿਸੇ ਨੇ ਇਸ ਬਾਰੇ ਨਹੀਂ ਸੋਚਿਆ | ਮੁੱਖ ਮੰਤਰੀ ਨੇ ਦੱਸਿਆ ਕਿ ਲੰਬੇ ਸਮੇਂ ਬਾਅਦ ਸੂਬੇ 'ਚ 57 ਪ੍ਰਤੀਸ਼ਤ ਖੇਤਰ 'ਚ ਧਰਤੀ ਹੇਠਲੇ ਪਾਣੀ ਦਾ ਪੱਧਰ 4 ਮੀਟਰ ਤੱਕ ਵਧਿਆ ਹੈ | ਪਰ ਉਨ੍ਹਾਂ ਕਿਹਾ ਕਿ ਸਾਡਾ ਸਤਲੁਜ ਦਰਿਆ ਹੀ ਕਈ ਥਾਵਾਂ 'ਤੇ ਕਸੀ ਬਣ ਗਿਆ ਹੈ ਤੇ ਸਤਲੁਜ ਿਲੰਕ ਨਹਿਰ ਕਿਵੇਂ ਬਣਾ ਦਈਏ | ਉਨ੍ਹਾਂ ਕਿਹਾ ਕਿ ਇਥੇ ਸਾਡੇ ਚੰਗੇ ਕੰਮਾਂ ਲਈ ਵੀ ਗਾਲਾਂ ਹੀ ਮਿਲਦੀਆਂ ਹਨ, ਜਦੋਂ ਕਿ ਬਤੌਰ ਕਲਾਕਾਰ ਫ਼ਿਲਮ ਚੱਲ ਜਾਵੇ ਤਾਂ ਕਲਾਕਾਰ ਚੰਗਾ, ਜੇ ਫ਼ੇਲ੍ਹ ਹੋ ਜਾਵੇ ਤਾਂ ਪ੍ਰੋਡਿਊਸਰ ਜ਼ਿੰਮੇਵਾਰ ਹੁੰਦਾ ਹੈ | ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਬਜਟ ਤਜਵੀਜ਼ਾਂ 'ਤੇ ਬਹਿਸ ਦਾ ਜਵਾਬ ਦਿੰਦਿਆਂ ਕਿਹਾ ਕਿ ਦਿਨੇਸ਼ ਚੱਢਾ ਵਲੋਂ ਹਿਮਾਚਲ 'ਚ 170 ਰੁਪਏ ਤੱਕ ਪੰਜਾਬੀਆਂ ਲਈ ਜੋ ਦਾਖ਼ਲਾ ਟੈਕਸ ਲਗਾਇਆ ਹੈ, ਮੈਂ ਸਥਾਨਕ ਸਰਕਾਰਾਂ ਬਾਰੇ ਮੰਤਰੀ ਨੂੰ ਕਹਾਂਗਾ ਕਿ ਉਹ ਵੀ ਹਿਮਾਚਲ ਤੋਂ ਆਉਣ ਵਾਲਿਆਂ ਲਈ ਪੰਜਾਬ 'ਚ ਦਾਖ਼ਲੇ ਲਈ ਟੈਕਸ ਲਗਾਉਣ ਦੀ ਤਜਵੀਜ਼ ਵਿਚਾਰਨ | ਉਨ੍ਹਾਂ ਕਿਹਾ ਕਿ ਅਸੀਂ ਸਹਿਕਾਰਤਾ ਬੈਂਕ ਦੇ ਰਲੇਵੇਂ ਨਾਲ ਇਕੋ ਬੈਂਕ ਬਣਾਉਣ ਦਾ ਵੀ ਫ਼ੈਸਲਾ ਲਿਆ ਹੈ | ਉਨ੍ਹਾਂ ਕਿਹਾ ਕਿ ਪੁਰਾਣੀ ਪੈਨਸ਼ਨ ਸਕੀਮ ਨੂੰ ਲਾਗੂ ਕਰਨਾ ਕਮੇਟੀ ਦੇ ਵਿਚਾਰ ਅਧੀਨ ਹੈ | ਉਨ੍ਹਾਂ ਪੈਨਸ਼ਨਰਾਂ ਦੇ ਬਕਾਏ ਵੀ ਆਉਂਦੇ ਵਿੱਤੀ ਸਾਲ 'ਚ ਦੇਣ ਦਾ ਐਲਾਨ ਕੀਤਾ | ਉਨ੍ਹਾਂ ਆਰਜ਼ੀ ਡਰਾਈਵਰਾਂ ਦੀਆਂ ਤਨਖ਼ਾਹਾਂ ਵਧਾਉਣ, ਗੁਰੂ ਰਵਿਦਾਸ ਜੀ ਦੇ ਸ਼ਤਾਬਦੀ ਸਮਾਗਮਾਂ ਨਾਲ ਸੰਬੰਧਿਤ ਪ੍ਰਾਜੈਕਟਾਂ ਲਈ 100 ਕਰੋੜ ਰੁਪਏ ਰੱਖਣ ਅਤੇ ਸਿਹਤ ਬੀਮਾ ਯੋਜਨਾ ਲਈ ਲੋੜ ਅਨੁਸਾਰ ਵਾਧੂ ਫੰਡ ਮੁਹੱਈਆ ਕਰਵਾਏ ਜਾਣ ਦਾ ਵੀ ਐਲਾਨ ਕੀਤਾ | ਬਜਟ ਤਜਵੀਜ਼ਾਂ 'ਤੇ ਕਾਂਗਰਸ ਦੀ ਗੈਰ-ਹਾਜ਼ਰੀ 'ਚ ਕਈ ਮੰਤਰੀਆਂ ਤੇ ਵਿਧਾਇਕਾਂ ਨੇ ਵਿਚਾਰ ਪੇਸ਼ ਕੀਤੇ |
ਸਦਨ 'ਚ ਆਵਾਜ਼ ਦੀ ਵੋਟ ਨਾਲ ਬਜਟ ਨੂੰ ਪ੍ਰਵਾਨਗੀ ਦੇ ਦਿੱਤੀ ਗਈ | ਕਾਂਗਰਸ ਮੈਂਬਰਾਂ ਦੀ ਗੈਰ-ਹਾਜ਼ਰੀ ਵਿਚ ਅੱਜ ਇਜਲਾਸ ਵਿਚ ਕੇਵਲ ਅਕਾਲੀ ਦਲ ਦੇ ਮਨਪ੍ਰੀਤ ਸਿੰਘ ਇਯਾਲੀ, ਬਹੁਜਨ ਸਮਾਜ ਪਾਰਟੀ ਦੇ ਨਛੱਤਰਪਾਲ ਅਤੇ ਆਜ਼ਾਦ ਮੈਂਬਰ ਰਾਣਾ ਇੰਦਰਪ੍ਰਤਾਪ ਸਿੰਘ ਹਾਜ਼ਰ ਸਨ, ਜਿਨ੍ਹਾਂ ਬਜਟ ਤਜਵੀਜ਼ 'ਤੇ ਆਪਣੇ ਵਿਚਾਰ ਵੀ ਰੱਖੇ |
ਹੰਗਾਮਾ ਸਵਾਲਾਂ ਦੇ ਜੁਆਬਾਂ ਦੇ ਸਮੇਂ ਤੋਂ ਤੁਰੰਤ ਬਾਅਦ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਵਲੋਂ ਕਾਂਗਰਸੀ ਵਿਧਾਇਕ ਸੁਖਪਾਲ ਸਿੰਘ ਖਹਿਰਾ ਦੇ ਫੇਸਬੁੱਕ ਟਵੀਟ ਦਾ ਮਾਮਲਾ ਉਠਾਇਆ ਗਿਆ, ਪਰ ਉਨ੍ਹਾਂ ਦੇ ਤੇਵਰ ਕਾਫ਼ੀ ਤਿੱਖੇ ਨਜ਼ਰ ਆਏ | ਉਨ੍ਹਾਂ ਤੋਂ ਇਲਾਵਾ 'ਆਪ' ਦੀਆਂ ਕਈ ਮਹਿਲਾ ਤੇ ਦੂਜੇ ਵਿਧਾਇਕ ਵੀ ਨਾਅਰੇਬਾਜ਼ੀ ਕਰਨ ਲੱਗੇ | ਜਿਸ 'ਤੇ ਸਪੀਕਰ ਨੇ ਇਜਲਾਸ 20 ਮਿੰਟਾਂ ਲਈ ਉਠਾ ਦਿੱਤਾ, ਪ੍ਰੰਤੂ ਕਾਰਵਾਈ ਦੁਬਾਰਾ ਸ਼ੁਰੂ ਹੋਣ 'ਤੇ ਦੁਬਾਰਾ 'ਆਪ' ਮੈਂਬਰਾਂ ਵਲੋਂ ਨਾਅਰੇਬਾਜ਼ੀ ਸ਼ੁਰੂ ਹੋ ਗਈ | ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਨੇ ਕਿਹਾ ਕਿ ਉਨ੍ਹਾਂ ਵਲੋਂ ਕੱਲ੍ਹ ਇਜਲਾਸ ਦੌਰਾਨ ਟਵੀਟ ਵੇਖੇ ਬਿਨਾਂ ਸਦਨ ਵਿਚ ਮੁਆਫ਼ੀ ਮੰਗ ਲਈ ਸੀ ਅਤੇ ਹੁਣ ਖਹਿਰਾ ਵਲੋਂ ਦੱਸਿਆ ਗਿਆ ਹੈ ਕਿ ਉਕਤ ਟਵੀਟ ਤਾਂ ਕਿਸੇ ਯੂ-ਟਿਊਬਰ ਦਾ ਹੈ ਅਤੇ ਇਹ ਮੇਰਾ ਬਿਆਨ ਨਹੀਂ ਹੈ | ਉਨ੍ਹਾਂ ਕਿਹਾ ਕਿ ਇਹ ਸਦਨ ਤੋਂ ਬਾਹਰ ਦੀ ਘਟਨਾ ਹੈ ਜਿਸ ਸੰਬੰਧੀ ਨਿਯਮਾਂ ਅਨੁਸਾਰ ਸਦਨ ਵਿਚ ਇਸ ਦਾ ਨੋਟਿਸ ਨਹੀਂ ਲਿਆ ਜਾ ਸਕਾ | ਉਨ੍ਹਾਂ ਖਹਿਰਾ ਨੂੰ ਆਪਣਾ ਸਪੱਸ਼ਟੀਕਰਨ ਪੇਸ਼ ਕਰਨ ਲਈ ਸਮਾਂ ਦੇਣ ਦੀ ਵੀ ਮੰਗ ਕੀਤੀ | ਪਰ ਸਪੀਕਰ ਵਲੋਂ ਆਦੇਸ਼ ਦਿੱਤਾ ਗਿਆ ਕਿ ਖਹਿਰਾ ਵਲੋਂ ਸਦਨ ਵਿਚ ਮੁਆਫ਼ੀ ਮੰਗੇ ਜਾਣ ਤੱਕ ਉਨ੍ਹਾਂ ਨੂੰ ਬੋਲਣ ਲਈ ਸਮਾਂ ਨਹੀਂ ਦਿੱਤਾ ਜਾ ਸਕਦਾ | ਬਾਜਵਾ ਨੇ ਕਿਹਾ ਕਿ ਮੁੱਖ ਮੰਤਰੀ ਵਲੋਂ ਵੀ ਬੀਤੇ ਦਿਨੀਂ ਇਕ ਜਨਤਕ ਸੰਬੋਧਨ ਦੌਰਾਨ ਔਰਤਾਂ ਲਈ ਅਪਮਾਨ ਜਨਕ ਸ਼ਬਦਾਵਲੀ ਦੀ ਵਰਤੋਂ ਕੀਤੀ ਗਈ ਜਿਸ ਲਈ ਉਹ ਕਾਂਗਰਸ ਦੇ ਵਿਧਾਇਕਾਂ ਦੇ ਦਸਤਖ਼ਤਾਂ ਨਾਲ ਇਕ ਨਿੰਦਾ ਪ੍ਰਸਤਾਵ ਪੇਸ਼ ਕਰ ਰਹੇ ਹਨ | ਪਰ ਸਪੀਕਰ ਵਲੋਂ ਇਸ ਦੀ ਇਜਾਜ਼ਤ ਨਹੀਂ ਦਿੱਤੀ ਗਈ ਅਤੇ ਕਾਂਗਰਸ ਮੈਂਬਰਾਂ ਨੇ ਵੀ ਨਾਲ ਹੀ ਜ਼ੋਰਦਾਰ ਨਾਅਰੇਬਾਜ਼ੀ ਸ਼ੁਰੂ ਕਰ ਦਿੱਤੀ | ਖਹਿਰਾ ਨੇ ਵੀ ਸਦਨ 'ਚ ਕਿਹਾ ਕਿ ਜਦੋਂ ਉਨ੍ਹਾਂ ਦਾ ਕੋਈ ਦੋਸ਼ ਹੀ ਨਹੀਂ ਤਾਂ ਉਹ ਮੁਆਫ਼ੀ ਕਿਉਂ ਮੰਗਣ ਅਤੇ ਨਾ ਹੀ ਮੰਗਣਗੇ | ਬਾਜਵਾ ਦੀ ਅਗਵਾਈ 'ਚ ਕਾਂਗਰਸ ਮੈਂਬਰ ਵੀ ਸਪੀਕਰ ਦੇ ਫੈਸਲੇ ਦਾ ਵਿਰੋਧ ਕਰਦੇ ਤੇ ਨਾਅਰੇ ਲਗਾਉਂਦੇ ਹੋਏ ਸਪੀਕਰ ਦੀ ਕੁਰਸੀ ਸਾਹਮਣੇ ਆ ਗਏ | ਪਰ ਆਮ ਆਦਮੀ ਪਾਰਟੀ ਦੇ ਤੇਵਰ ਭਾਂਪਦਿਆਂ ਜੋ ਕਿ ਉਨ੍ਹਾਂ ਵੱਲ ਵੱਧ ਰਹੇ ਸਨ, ਕਾਂਗਰਸ ਮੈਂਬਰ ਸਦਨ 'ਚੋਂ ਵਾਕਆਊਟ ਕਰ ਗਏ |
ਵਿਧਾਨ ਸਭਾ ਵਲੋਂ ਬਜਟ ਸੰਬੰਧੀ ਖ਼ਜ਼ਾਨਾ ਬਿੱਲ ਪਾਸ
ਅਜੀਤ ਡੈਸਕ
12-03-2026