ਵਪਾਰਕ ਜਹਾਜ਼ਾਂ 'ਤੇ ਹਮਲੇ ਦੌਰਾਨ ਦੋ ਭਾਰਤੀਆਂ ਦੀ ਮੌਤ, ਇਕ ਲਾਪਤਾ
ਦੁਬਈ/ਨਵੀਂ ਦਿੱਲੀ, 11 ਮਾਰਚ (ਏਜੰਸੀ)-ਈਰਾਨ ਨੇ ਬੁੱਧਵਾਰ ਨੂੰ ਫਾਰਸ ਦੀ ਖਾੜੀ 'ਚ ਵਪਾਰਕ ਸਮੁੰਦਰੀ ਜਹਾਜ਼ਾਂ 'ਤੇ ਹਮਲਾ ਕੀਤਾ ਅਤੇ ਦੁਬਈ ਅੰਤਰਰਾਸ਼ਟਰੀ ਹਵਾਈ ਅੱਡੇ ਨੂੰ ਨਿਸ਼ਾਨਾ ਬਣਾਇਆ | ਓਧਰ ਭਾਰਤੀ ਵਿਦੇਸ਼ ਮੰਤਰਾਲੇ ਦੇ ਬੁਲਾਰੇ ਨੇ ਬੁੱਧਵਾਰ ਨੂੰ ਕਿਹਾ ਕਿ ਪੱਛਮੀ ਏਸ਼ੀਆ 'ਚ ਚੱਲ ਰਹੀ ਜੰਗ ਦÏਰਾਨ ਸਮੁੰਦਰੀ ਵਪਾਰਕ ਜਹਾਜ਼ਾਂ 'ਤੇ ਹਮਲੇ 'ਚ ਦੋ ਭਾਰਤੀਆਂ ਦੀ ਮÏਤ ਹੋ ਗਈ ਤੇ ਇਕ ਲਾਪਤਾ ਹੈ | ਉਨ੍ਹਾਂ ਕਿਹਾ ਕਿ ਭਾਰਤ ਖਾੜ੍ਹੀ ਖੇਤਰ 'ਚ ਰਹਿਣ ਵਾਲੇ ਨਾਗਰਿਕਾਂ ਦੀ ਭਲਾਈ ਲਈ ਵਚਨਬੱਧ ਹੈ | ਇਸ ਨਾਲ ਤੇਲ ਨਾਲ ਭਰਪੂਰ ਇਸ ਇਲਾਕੇ 'ਤੇ ਕਬਜ਼ਾ ਕਰਨ ਦੀ ਮੁਹਿੰਮ ਹੋਰ ਤੇਜ਼ ਹੋ ਗਈ ਕਿਉਂਕਿ ਵਿਸ਼ਵ ਵਿਆਪੀ ਊਰਜਾ ਨੂੰ ਲੈ ਕੇ ਚਿੰਤਾਵਾਂ ਵਧ ਰਹੀਆਂ ਹਨ ਤੇ ਅਮਰੀਕੀ ਅਤੇ ਇਜ਼ਰਾਈਲੀ ਹਮਲੇ ਇਸਲਾਮਿਕ ਰਿਪਬਲਿਕ 'ਤੇ ਹੋ ਰਹੇ ਹਨ | ਦੁਬਈ ਅੰਤਰਰਾਸ਼ਟਰੀ ਹਵਾਈ ਅੱਡੇ ਕੋਲ ਦੋ ਈਰਾਨੀ ਡਰੋਨਾਂ ਨੇ ਹਮਲਾ ਕੀਤਾ, ਜੋ ਲੰਬੀ ਦੂਰੀ ਦੀ ਏਅਰਲਾਈਨ ਏਮੀਰੇਟਸ ਦਾ ਘਰ ਹੈ ਤੇ ਅੰਤਰਰਾਸ਼ਟਰੀ ਯਾਤਰਾ ਲਈ ਦੁਨੀਆ ਦਾ ਸਭ ਤੋਂ ਰੁਝੇਵਿਆਂ ਵਾਲਾ ਹਵਾਈ ਅੱਡਾ ਹੈ | ਦੁਬਈ ਮੀਡੀਆ ਦਫ਼ਤਰ ਨੇ ਕਿਹਾ ਕਿ ਚਾਰ ਲੋਕ ਜ਼ਖ਼ਮੀ ਹੋ ਗਏ ਪਰ ਉਡਾਣਾਂ ਜਾਰੀ ਰਹੀਆਂ | ਦਫ਼ਤਰ ਨੇ ਕਿਹਾ ਕਿ ਹਮਲੇ 'ਚ ਦੋ ਘਾਨਾ ਦੇ ਨਾਗਰਿਕਾਂ ਤੇ ਇਕ ਬੰਗਲਾਦੇਸ਼ੀ ਨਾਗਰਿਕ ਨੂੰ ਮਾਮੂਲੀ ਸੱਟਾਂ ਲੱਗੀਆਂ ਤੇ ਇਕ ਭਾਰਤੀ ਨਾਗਰਿਕ ਨੂੰ ਦਰਮਿਆਨੀਆਂ ਸੱਟਾਂ ਲੱਗੀਆਂ ਹਨ | ਈਰਾਨ ਦੀ ਜੁਆਇੰਟ ਮਿਲਟਰੀ ਕਮਾਂਡ ਨੇ ਐਲਾਨ ਕੀਤਾ ਕਿ ਉਹ ਮੱਧ ਪੂਰਬ 'ਚ ਬੈਂਕਾਂ ਅਤੇ ਵਿੱਤੀ ਸੰਸਥਾਵਾਂ ਨੂੰ ਨਿਸ਼ਾਨਾ ਬਣਾਉਣਾ ਸ਼ੁਰੂ ਕਰੇਗੀ, ਜਿਸ ਨਾਲ ਖਾਸ ਕਰਕੇ ਦੁਬਈ, ਯੂਨਾਈਟਿਡ ਅਰਬ ਅਮੀਰਾਤ, ਜੋ ਕਈ ਅੰਤਰਰਾਸ਼ਟਰੀ ਵਿੱਤੀ ਸੰਸਥਾਵਾਂ ਦਾ ਘਰ ਹੈ, ਨਾਲ ਹੀ ਸਾਊਦੀ ਅਰਬ ਅਤੇ ਬਹਿਰੀਨ ਦੇ ਆਈਲੈਂਡ ਕਿੰਗਡਮ ਨੂੰ ਖ਼ਤਰਾ ਹੋਵੇਗਾ | ਇਸ ਤੋਂ ਪਹਿਲਾਂ ਬਰਤਾਨਵੀ ਸੈਨਾ ਨੇ ਕਿਹਾ ਕਿ ਇਕ ਪ੍ਰੋਜੈਕਟਾਈਲ ਨਾਲ ਹੋਰਮਜ਼ ਸਟ੍ਰੇਟ 'ਚ ਓਮਾਨ ਦੇ ਤਟ 'ਤੇ ਇਕ ਕੰਟੇਨਰ ਜਹਾਜ਼ ਨੂੰ ਨਿਸ਼ਾਨਾ ਬਣਾਇਆ, ਜਿਸ ਨਾਲ ਉਸ ਵਿਚ ਅੱਗ ਲੱਗ ਗਈ ਤੇ ਜ਼ਿਆਦਾਤਰ ਅਮਲੇ ਨੂੰ ਜਹਾਜ਼ ਛੱਡਣਾ ਪਿਆ | ਕੁਵੈਤ ਨੇ ਕਿਹਾ ਕਿ ਉਸ ਦੇ ਡਿਫੈਂਸ ਨੇ ਅੱਠ ਈਰਾਨੀ ਡਰੋਨ ਸੁੱਟ ਦਿੱਤੇ ਅਤੇ ਸਾਊਦੀ ਅਰਬ ਨੇ ਕਿਹਾ ਕਿ ਉਸਨੇ ਕਿੰਗਡਮ ਦੇ ਸ਼ਾਇਬਾ ਆਇਲ ਫੀਲਡ ਵੱਲ ਜਾ ਰਹੇ ਪੰਜ ਡਰੋਨਾਂ ਨੂੰ ਰੋਕ ਲਿਆ | ਈਰਾਨ ਨੇ ਇਸ ਪਤਲੀ ਜਿਹੀ ਸਟ੍ਰੇਟ 'ਚ ਕਾਰਗੋ ਟ੍ਰੈਫਿਕ ਨੂੰ ਅਸਰਦਾਰ ਤਰੀਕੇ ਨਾਲ ਰੋਕ ਦਿੱਤਾ, ਜਿਸ ਨਾਲ ਫਾਰਸ ਦੀ ਖਾੜੀ ਤੋਂ ਹਿੰਦ ਮਹਾਂਸਾਗਰ ਵੱਲ ਜਾਣ ਵਾਲੇ ਕੁਲ ਤੇਲ ਦਾ ਲਗਪਗ ਪੰਜਵਾਂ ਹਿੱਸਾ ਭੇਜਿਆ ਜਾਂਦਾ ਹੈ | ਉਸ ਨੇ ਖਾੜੀ ਦੇ ਅਰਬ ਦੇਸ਼ਾਂ 'ਚ ਆਇਲ ਫੀਲਡ ਅਤੇ ਰਿਫਾਇਨਰੀਆਂ ਨੂੰ ਵੀ ਨਿਸ਼ਾਨਾ ਬਣਾਇਆ, ਜਿਸ ਦਾ ਉਦੇਸ਼ ਦੁਨੀਆ ਭਰ 'ਚ ਏਨੀ ਆਰਥਿਕ ਪ੍ਰੇਸ਼ਾਨੀ ਪੈਦਾ ਕਰਨਾ ਹੈ ਕਿ ਅਮਰੀਕਾ ਅਤੇ ਇਜ਼ਰਾਈਲ 'ਤੇ ਆਪਣੇ ਹਮਲੇ ਬੰਦ ਕਰਨ ਦਾ ਦਬਾਅ ਬਣ ਸਕੇ | ਇਜ਼ਰਾਈਲ ਨੇ ਕਿਹਾ ਕਿ ਉਸਨੇ ਮੰਗਲਵਾਰ ਨੂੰ ਕਈ ਹਮਲਿਆਂ ਬਾਅਦ ਈਰਾਨ ਦੀ ਰਾਜਧਾਨੀ ਤਹਿਰਾਨ 'ਤੇ ਫਿਰ ਤੋਂ ਹਮਲੇ ਸ਼ੁਰੂ ਕਰ ਦਿੱਤੇ ਹਨ, ਜਿਨ੍ਹਾਂ ਨੂੰ ਉਥੋਂ ਦੇ ਲੋਕਾਂ ਨੇ ਯੁੱਧ ਦੌਰਾਨ ਸਭ ਤੋਂ ਭਾਰੀ ਹਮਲਿਆਂ 'ਚੋਂ ਕੁਝ ਦੱਸਿਆ | ਬੈਰੂਤ ਅਤੇ ਦੱਖਣੀ ਲਿਬਨਾਨ 'ਚ ਵੀ ਧਮਾਕੇ ਸੁਣੇ ਗਏ, ਜਦੋਂ ਇਜ਼ਰਾਈਲ ਨੇ ਕਿਹਾ ਕਿ ਉਹ ਈਰਾਨ ਨਾਲ ਜੁੜੇ ਅੱਤਵਾਦੀ ਹਿਜ਼ਬੁੱਲਾ ਸਮੂਹ ਨਾਲ ਜੁੜੇ ਟੀਚਿਆਂ 'ਤੇ ਹਮਲੇ ਕਰ ਰਿਹਾ ਹੈ |
ਈਰਾਨ 'ਤੇ ਨਵੇਂ ਹਮਲੇ
ਇਨ੍ਹਾਂ ਹਮਲਿਆਂ 'ਚ ਕੇਂਦਰੀ ਬੈਰੂਤ ਦੇ ਸੰਘਣੀ ਆਬਾਦੀ ਵਾਲੇ ਆਈਚਾ ਬੱਕਰ ਇਲਾਕੇ 'ਚ ਇਕ ਇਮਾਰਤ 'ਚ ਅੱਗ ਲੱਗ ਗਈ, ਜਿਸ ਨਾਲ ਉਪਰ ਦੀਆਂ ਦੋ ਮੰਜਿਲਾਂ ਸੜ ਗਈਆਂ | ਕਿਸੇ ਦੇ ਮਾਰੇ ਜਾਣ ਦੀ ਤੁਰੰਤ ਖ਼ਬਰ ਨਹੀਂ ਮਿਲੀ | ਦੱਖਣੀ ਅਤੇ ਪੂਰਬੀ ਲਿਬਨਾਨ 'ਤੇ ਇਜ਼ਰਾਈਲ ਦੇ ਦੂਜੇ ਹਮਲੇ 'ਚ 14 ਲੋਕ ਮਾਰੇ ਗਏ ਤੇ ਰੈਡ ਕਰਾਸ ਦੇ ਇਕ ਵਰਕਰ ਦੀ ਬੁੱਧਵਾਰ ਨੂੰ ਮੌਤ ਹੋ ਗਈ, ਜੋ ਸੋਮਵਾਰ ਨੂੰ ਜ਼ਖ਼ਮੀ ਹੋ ਗਿਆ ਸੀ, ਜਦੋਂ ਉਸ ਦੀ ਟੀਮ ਪਹਿਲਾਂ ਹੋਏ ਹਮਲੇ ਤੋਂ ਲੋਕਾਂ ਨੂੰ ਬਚਾਅ ਰਹੀ ਸੀ | ਈਰਾਨ 'ਤੇ ਅਮਰੀਕੀ ਅਤੇ ਇਜ਼ਰਾਈਲੀ ਹਮਲੇ ਸ਼ੁਰੂ ਹੋਣ ਬਾਅਦ ਹਿਜ਼ਬੁੱਲਾ ਨੇ ਇਜ਼ਰਾਈਲ ਦੇ ਨਾਲ ਲੜਾਈ ਦਾ ਨਵਾਂ ਦੌਰ ਸ਼ੁਰੂ ਕੀਤਾ ਤਦ ਤੋਂ ਲਿਬਨਾਨ 'ਚ ਹੁਣ ਤੱਕ 500 ਤੋਂ ਜ਼ਿਆਦਾ ਲੋਕ ਮਾਰੇ ਜਾ ਚੁੱਕੇ ਹਨ |
ਈਰਾਨ ਨੇ ਵਪਾਰਕ ਸਮੁੰਦਰੀ ਜਹਾਜ਼ਾਂ ਤੇ ਦੁਬਈ ਹਵਾਈ ਅੱਡੇ ਨੂੰ ਬਣਾਇਆ ਨਿਸ਼ਾਨਾ
ਅਜੀਤ ਡੈਸਕ
12-03-2026