ਨਵੀਂ ਦਿੱਲੀ, 11 ਮਾਰਚ (ਏਜੰਸੀ)-ਪੱਛਮੀ ਏਸ਼ੀਆ 'ਚ ਚੱਲ ਰਹੇ ਤਣਾਅ ਦਰਮਿਆਨ ਤੇਲ ਪੈਟਰੋਲ ਮੰਤਰਾਲੇ ਦੇ ਇਕ ਸੀਨੀਅਰ ਅਧਿਕਾਰੀ ਨੇ ਬੁੱਧਵਾਰ ਨੂੰ ਕਿਹਾ ਕਿ ਐਲ. ਪੀ. ਜੀ. ਸਿਲੰਡਰ ਬੁੱਕ ਕਰਵਾਉਣ ਸੰਬੰਧੀ ਘਬਰਾਉਣ ਦੀ ਕੋਈ ਲੋੜ ਨਹੀਂ ਹੈ ਤੇ ਕਿਹਾ ਕਿ ਢਾਈ ਦਿਨਾਂ ਦੇ ਅੰਦਰ ਸਿਲੰਡਰ ਮਿਲਦਾ ਰਹੇਗਾ | ਪੈਟਰੋਲੀਅਮ ਅਤੇ ਕੁਦਰਤੀ ਗੈਸ ਮੰਤਰਾਲੇ 'ਚ ਸੰਯੁਕਤ ਸਕੱਤਰ ਸੁਜਾਤਾ ਸ਼ਰਮਾ ਨੇ ਪੱਤਰਕਾਰਾਂ ਨੂੰ ਕਿਹਾ ਕਿ ਭਾਰਤ ਦੀ ਕੱਚੇ ਤੇਲ ਦੀ ਸਪਲਾਈ ਸੁਰੱਖਿਅਤ ਹੈ | ਉਨ੍ਹਾਂ ਕਿਹਾ ਕਿ ਕੱਚਾ ਤੇਲ ਹੋਰਮੁਜ਼ ਸਟ੍ਰੇਟ ਤੋਂ ਇਲਾਵਾ ਹੋਰ ਮਾਰਗਾਂ ਰਾਹੀਂ ਪ੍ਰਾਪਤ ਕੀਤਾ ਜਾ ਰਿਹਾ ਹੈ | ਮੰਤਰਾਲੇ ਅਨੁਸਾਰ ਸਰਕਾਰੀ ਉਪਾਵਾਂ ਕਾਰਨ ਐਲ. ਪੀ. ਜੀ. ਦੇ ਉਤਪਾਦਨ 'ਚ 25 ਪ੍ਰਤੀਸ਼ਤ ਵਾਧਾ ਹੋਇਆ ਹੈ | ਉਨ੍ਹਾਂ ਕਿਹਾ ਕਿ ਰਸੋਈ ਗੈਸ ਸਿਲੰਡਰ ਬੁੱਕ ਕਰਵਾਉਣ ਸੰਬੰਧੀ ਘਬਰਾਉਣ ਦੀ ਕੋਈ ਲੋੜ ਨਹੀਂ ਹੈ ਤੇ ਭਰੋਸਾ ਦਿੱਤਾ ਕਿ ਘਰੇਲੂ ਘਰਾਂ ਲਈ ਆਮ ਡਿਲੀਵਰੀ ਚੱਕਰ ਢਾਈ ਦਿਨਾਂ ਦਾ ਬਰਕਰਾਰ ਹੈ | ਉਨ੍ਹਾਂ ਕਿਹਾ ਕਿ ਫੀਡਬੈਕ ਤੋਂ ਪਤਾ ਲੱਗਾ ਹੈ ਕਿ ਗਲਤ ਜਾਣਕਾਰੀ ਦੇ ਕਾਰਨ ਕੁਝ ਲੋਕ ਦਹਿਸ਼ਤ 'ਚ ਆ ਕੇ ਬੁਕਿੰਗ ਅਤੇ ਜਮ੍ਹਾਂਖੋਰੀ ਕਰ ਰਹੇ ਹਨ | ਮੈਂ ਸਪੱਸ਼ਟ ਕਰਨਾ ਚਾਹੁੰਦੀ ਹਾਂ ਕਿ ਘਰੇਲੂ ਐਲ.ਪੀ.ਜੀ. ਲਈ ਸਾਡਾ ਆਮ ਡਿਲੀਵਰੀ ਚੱਕਰ ਲਗਭਗ ਢਾਈ ਦਿਨ ਰਹਿੰਦਾ ਹੈ, ਇਸ ਲਈ ਮੈਂ ਬੇਨਤੀ ਕਰਦੀ ਹਾਂ ਕਿ ਗਾਹਕਾਂ ਨੂੰ ਜਲਦਬਾਜ਼ੀ 'ਚ ਸਿਲੰਡਰ ਬੁੱਕ ਕਰਨ ਦੀ ਕੋਈ ਲੋੜ ਨਹੀਂ ਹੈ, ਘਬਰਾਹਟ ਵਿੱਚ ਬੁਕਿੰਗ ਦੀ ਕੋਈ ਲੋੜ ਨਹੀਂ ਹੈ | ਮੰਤਰਾਲੇ ਅਨੁਸਾਰ ਰਾਜ ਸਰਕਾਰਾਂ ਨੂੰ ਗੈਸ ਦੀ ਜਮ੍ਹਾਂਖੋਰੀ ਤੇ ਕਾਲਾਬਾਜ਼ਾਰੀ ਨੂੰ ਰੋਕਣ ਲਈ ਰੋਕਥਾਮ ਵਾਲੇ ਕਦਮ ਚੁੱਕਣ ਲਈ ਕਿਹਾ ਗਿਆ ਹੈ | ਉਨ੍ਹਾਂ ਕਿਹਾ ਕਿ ਭਾਰਤ ਦੀ ਕੱਚੇ ਤੇਲ ਦੀ ਸਪਲਾਈ ਸੁਰੱਖਿਅਤ ਹੈ | ਸਾਡੀ ਰੋਜ਼ਾਨਾ ਖਪਤ ਲਗਭਗ 55 ਲੱਖ ਬੈਰਲ ਹੈ, ਵਿਭਿੰਨ ਖਰੀਦਦਾਰੀ ਰਾਹੀਂ ਅੱਜ ਅਸੀਂ ਜੋ ਮਾਤਰਾ ਪ੍ਰਾਪਤ ਕੀਤੀ ਹੈ ਉਹ ਇਸ ਸਮੇਂ ਦÏਰਾਨ ਹੋਰਮੁਜ਼ ਜਲਡਮਰੂ ਰਾਹੀਂ ਆਮ ਤÏਰ 'ਤੇ ਪਹੁੰਚਣ ਵਾਲੇ ਤੇਲ ਤੋਂ ਵੱਧ ਹੈ | ਉਨ੍ਹਾਂ ਕਿਹਾ ਕਿ ਭਾਰਤ ਲਗਭਗ 40 ਦੇਸ਼ਾਂ ਤੋਂ ਕੱਚਾ ਤੇਲ ਦਰਾਮਦ ਕਰਦਾ ਹੈ | ਤੇਲ ਮਾਰਕੀਟਿੰਗ ਕੰਪਨੀਆਂ ਨੇ ਵੱਖ-ਵੱਖ ਸਰੋਤਾਂ ਤੋਂ ਵੱਖ-ਵੱਖ ਕੱਚੇ ਤੇਲ ਦੇ ਕਾਰਗੋ ਪ੍ਰਾਪਤ ਕੀਤੇ ਹਨ ਤੇ ਇਸ ਵਿਭਿੰਨਤਾ ਦੇ ਨਤੀਜੇ ਵਜੋਂ ਭਾਰਤ ਦੇ ਲਗਭਗ 70 ਪ੍ਰਤੀਸ਼ਤ ਕੱਚੇ ਤੇਲ ਦੀ ਦਰਾਮਦ ਹੁਣ ਹੋਰਮੁਜ਼ ਜਲਡਮਰੂ ਤੋਂ ਬਾਹਰਲੇ ਮਾਰਗਾਂ ਤੋਂ ਆ ਰਹੀ ਹੈ, ਜਦੋਂ ਕਿ ਪਹਿਲਾਂ ਇਹ ਲਗਭਗ 55 ਪ੍ਰਤੀਸ਼ਤ ਸੀ | ਉਨ੍ਹਾਂ ਕਿਹਾ ਕਿ ਜਦੋਂ ਅੱਜ ਮੈਂ ਤੁਹਾਡੇ ਨਾਲ ਗੱਲ ਕਰ ਰਹੀ ਹਾਂ, ਲਗਭਗ ਦੋ ਐਲ.ਐਨ.ਜੀ. ਕਾਰਗੋ ਭਾਰਤ ਵੱਲ ਆ ਰਹੇ ਹਨ ਅਤੇ ਉਹ ਕੁਝ ਦਿਨਾਂ ਦੇ ਅੰਦਰ ਪਹੁੰਚ ਜਾਣਗੇ, ਜੋ ਦੇਸ਼ 'ਚ ਕੱਚੇ ਤੇਲ ਦੀ ਸਪਲਾਈ ਸਥਿਤੀ ਨੂੰ ਹੋਰ ਮਜ਼ਬੂਤ ਕਰੇਗਾ |