• ਸਦਨ 'ਚ ਜੋ ਵੀ ਨੇਮ ਨਾਲ ਨਹੀਂ ਚਲੇਗਾ, ਉਸ ਦਾ ਮਾਈਕ ਬੰਦ ਹੋਵੇਗਾ-ਅਮਿਤ ਸ਼ਾਹ • ਵਿਰੋਧੀ ਧਿਰ ਨੇ ਜੰਮ ਕੇ ਕੀਤਾ ਹੰਗਾਮਾ
ਉਪਮਾ ਡਾਗਾ ਪਾਰਥ
ਨਵੀਂ ਦਿੱਲੀ, 11 ਮਾਰਚ-ਲੋਕ ਸਭਾ ਦੇ ਸਪੀਕਰ ਓਮ ਬਿਰਲਾ ਦੇ ਖ਼ਿਲਾਫ਼ ਵਿਰੋਧੀ ਧਿਰਾਂ ਵਲੋਂ ਲਿਆਂਦਾ ਬੇਭਰੋਸਗੀ ਮਤਾ ਸੰਭਾਵਨਾਵਾਂ ਮੁਤਾਬਿਕ ਜ਼ਬਾਨੀ ਵੋਟਾਂ ਰਾਹੀਂ ਖਾਰਜ ਹੋ ਗਿਆ | ਹਾਲਾਂਕਿ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਵਲੋਂ ਲੋਕ ਸਭਾ 'ਚ ਵਿਰੋਧੀ ਧਿਰ ਦੇ ਨੇਤਾ ਰਾਹੁਲ ਗਾਂਧੀ ਖ਼ਿਲਾਫ਼ ਕੀਤੀਆਂ ਟਿੱਪਣੀਆਂ ਨੂੰ ਲੈ ਕੇ ਵਿਰੋਧੀ ਧਿਰਾਂ ਨੇ ਜੰਮ ਕੇ ਹੰਗਾਮਾ ਕੀਤਾ ਅਤੇ ਸ਼ਾਹ ਦੇ ਖ਼ਿਲਾਫ਼ ਅਸੰਸਦੀ ਭਾਸ਼ਾ ਦੀ ਵਰਤੋਂ ਕਰਨ ਦੇ ਇਲਜ਼ਾਮ ਲਾਉਂਦਿਆਂ 'ਮੁਆਫ਼ੀ ਮੰਗੋ' ਦੇ ਨਾਅਰੇ ਲਾਏ | ਸਪੀਕਰ ਦੇ ਆਸਣ 'ਤੇ ਬੈਠੇ ਜਗਦੰਬਿਕਾ ਪਾਲ ਨੇ ਕਿਹਾ ਕਿ ਉਹ ਅਸੰਸਦੀ ਸ਼ਬਦ ਭਾਸ਼ਨ ਤੋਂ ਹਟਾ ਦੇਣਗੇ ਪਰ ਵਿਰੋਧੀ ਧਿਰਾਂ ਵਲੋਂ ਲਗਾਤਾਰ ਹੰਗਾਮਾ ਜਾਰੀ ਰੱਖਣ 'ਤੇ ਅਮਿਤ ਸ਼ਾਹ ਨੇ ਵੀ ਤਿੱਖੇ ਸ਼ਬਦਾਂ ਦੀ ਵਰਤੋਂ ਕਰਦਿਆਂ ਕਿਹਾ ਕਿ ਇਹ (ਵਿਰੋਧੀ ਧਿਰਾਂ) ਵਿਹਾਰ ਦੀ ਗੱਲ ਕਰਦੀਆਂ ਹਨ ਜਦਕਿ ਇਨ੍ਹਾਂ ਦਾ ਨੇਤਾ (ਰਾਹੁਲ ਗਾਂਧੀ) ਆਪ ਹੀ ਅੱਖ ਮਾਰਦੇ ਹਨ ਅਤੇ ਜਾ ਕੇ ਪ੍ਰਧਾਨ ਮੰਤਰੀ ਨੂੰ ਗਲ ਨਾਲ ਲਾ ਲੈਂਦੇ ਹਨ | ਹੰਗਾਮਾ ਜਾਰੀ ਰਹਿਣ 'ਤੇ ਜਗਦੰਬਿਕਾ ਪਾਲ ਨੇ ਬਿਨਾਂ ਵੋਟਿੰਗ ਤੋਂ ਹੀ ਜ਼ਬਾਨੀ ਵੋਟਾਂ ਰਾਹੀਂ ਸਪੀਕਰ ਦੇ ਖ਼ਿਲਾਫ਼ ਲਿਆਂਦਾ ਬੇਭਰੋਸਗੀ ਮਤਾ ਖਾਰਜ ਕਰ ਦਿੱਤਾ | ਹੁਣ ਸਪੀਕਰ ਓਮ ਬਿਰਲਾ ਅੱਜ ਮਤੇ 'ਤੇ ਜਵਾਬ ਦੇਣਗੇ | ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਸਪੀਕਰ ਖ਼ਿਲਾਫ਼ ਚਲ ਰਹੀ ਬੇਭਰੋਸਗੀ ਮਤੇ 'ਤੇ ਚਰਚਾ ਦਰਮਿਆਨ ਬੋਲਦਿਆਂ ਕਿਹਾ ਕਿ ਸਦਨ ਕੋਈ ਮੇਲਾ ਨਹੀਂ ਹੈ, ਇਹ ਨੇਮ ਨਾਲ ਚੱਲੇਗਾ | ਜੋ ਵੀ ਨੇਮ ਨਾਲ ਨਹੀਂ ਬੋਲਣਗੇ, ਉਨ੍ਹਾਂ ਦਾ ਮਾਈਕ ਬੰਦ ਕਰ ਦਿੱਤਾ ਜਾਵੇਗਾ | ਸ਼ਾਹ ਨੇ ਲੋਕ ਸਭਾ 'ਚ ਦਿੱਤੇ ਤਕਰੀਬਨ 56 ਮਿੰਟ ਦੇ ਭਾਸ਼ਨ 'ਚ ਵਿਰੋਧੀ ਧਿਰ ਦੇ ਨੇਤਾ ਰਾਹੁਲ ਗਾਂਧੀ ਖ਼ਿਲਾਫ਼ ਜੰਮ ਕੇ ਸ਼ਬਦੀ ਤੀਰ ਚਲਾਏ | ਉਨ੍ਹਾਂ ਰਾਹੁਲ ਗਾਂਧੀ ਵਲੋਂ ਸਦਨ 'ਚ ਬੋਲਣ ਨਾ ਦਿੱਤੇ ਜਾਣ ਦੇ ਇਲਜ਼ਾਮਾਂ 'ਤੇ ਜਵਾਬ ਵਜੋਂ ਅੰਕੜੇ ਪੇਸ਼ ਕਰਦਿਆਂ ਕਿਹਾ ਕਿ 17ਵੀਂ ਲੋਕ ਸਭਾ 'ਚ ਕਾਂਗਰਸ ਨੂੰ 157 ਘੰਟੇ 55 ਮਿੰਟ ਦਾ ਸਮਾਂ ਦਿੱਤਾ ਗਿਆ ਜੋ ਭਾਜਪਾ ਤੋਂ 6 ਗੁਣਾ ਜ਼ਿਆਦਾ ਸੀ | 18ਵੀਂ ਲੋਕ ਸਭਾ 'ਚ ਵੀ ਕਾਂਗਰਸ ਨੂੰ ਭਾਜਪਾ ਤੋਂ ਦੁੱਗਣਾ ਸਮਾਂ ਮਿਲਿਆ | ਅਮਿਤ ਸ਼ਾਹ ਨੇ ਰਾਹੁਲ ਗਾਂਧੀ 'ਤੇ ਤਨਜ਼ ਕੱਸਦਿਆਂ ਕਿਹਾ ਕਿ ਵਿਰੋਧੀ ਧਿਰ ਦੇ ਨੇਤਾ ਕਹਿੰਦੇ ਹਨ ਕਿ ਸਾਨੂੰ ਬੋਲਣ ਨਹੀਂ ਦਿੱਤਾ ਜਾਂਦਾ, ਪਰ ਜਦੋਂ ਬੋਲਣ ਦਾ ਮੌਕਾ ਆਉਂਦਾ ਹੈ ਤਾਂ ਉਹ ਜਰਮਨੀ 'ਚ ਹੁੰਦੇ ਹਨ, ਇੰਗਲੈਂਡ 'ਚ ਹੁੰਦੇ ਹਨ ਅਤੇ ਫਿਰ ਸ਼ਿਕਾਇਤ ਕਰਦੇ ਹਨ |
ਚੀਨ ਨੂੰ ਲੈ ਕੇ ਕਾਂਗਰਸ 'ਤੇ ਚਲਾਏ ਸ਼ਬਦੀ ਤੀਰ
ਗ੍ਰਹਿ ਮੰਤਰੀ ਨੇ ਰਾਹੁਲ ਗਾਂਧੀ ਵਲੋਂ ਸਾਬਕਾ ਫ਼ੌਜ ਮੁਖੀ ਨਰਵਾਣੇ ਦੀ ਮਿਸਾਲ ਨੂੰ ਲੈ ਕੇ ਲਾਏ ਇਲਜ਼ਾਮਾਂ ਦੇ ਜਵਾਬ 'ਚ ਕਾਂਗਰਸ ਨੂੰ ਘੇਰਦਿਆਂ ਕਿਹਾ ਕਿ 2005-06 'ਚ ਰਾਜੀਵ ਗਾਂਧੀ ਫਾਊਾਡੇਸ਼ਨ ਨੂੰ ਚੀਨੀ ਦੂਤਘਰ ਤੋਂ ਇਕ ਕਰੋੜ 35 ਲੱਖ ਰੁਪਏ ਦਾ ਚੰਦਾ ਮਿਲਿਆ | ਉਨ੍ਹਾਂ ਕਿਹਾ ਕਿ ਚੀਨੀ ਕਮਿਊਨਿਸਟ ਪਾਰਟੀ ਦੇ ਨਾਲ ਕਾਂਗਰਸ ਨੇ ਸਮਝੌਤਾ ਕੀਤਾ, ਉਹ ਐਲਾਨ ਕਰਨ ਕਿ ਉਹ ਕੀ ਸਮਝੌਤਾ ਸੀ | ਅਮਿਤ ਸ਼ਾਹ ਨੇ ਪਹਿਲੇ ਪ੍ਰਧਾਨ ਮੰਤਰੀ ਜਵਾਹਰ ਲਾਲ ਨਹਿਰੂ ਨੂੰ ਨਿਸ਼ਾਨਾ ਬਣਾਉਂਦਿਆਂ ਕਿਹਾ ਕਿ ਉਨ੍ਹਾਂ ਦੇ ਸਮੇਂ 'ਚ ਹੀ ਅਕਸਾਈ ਚਿੰਨ੍ਹ ਦਾ ਇਲਾਕਾ ਚੀਨ ਨੇ ਹੜਪਿਆ ਸੀ | ਨਾਲ ਹੀ ਕਿਹਾ ਕਿ ਸੰਯੁਕਤ ਰਾਸ਼ਟਰ ਸੁਰੱਖਿਆ ਕੌਂਸਲ 'ਚ ਵੀ ਚੀਨ ਨਹਿਰੂ ਦੀ ਫਰਾਖਦਿਲੀ ਕਾਰਨ ਹੈ | ਅਮਿਤ ਸ਼ਾਹ ਨੇ ਅਮਰੀਕਾ ਨਾਲ ਹੋਏ ਵਪਾਰ ਸਮਝੌਤੇ ਨੂੰ ਵੀ ਭਾਰਤ ਦੇ ਹਿੱਤ 'ਚ ਹੋਣ ਦਾ ਦਾਅਵਾ ਕਰਦਿਆਂ ਕਿਹਾ ਕਿ ਤੁਸੀਂ (ਕਾਂਗਰਸ) ਤਾਂ ਵਿਸ਼ਵ ਵਪਾਰ ਸਮਝੌਤੇ ਨਾਲ ਸਮਝੌਤਾ ਕਰਵਾ ਆਏ ਸੀ |
ਵਿਰੋਧੀ ਧਿਰਾਂ ਦਾ ਜ਼ਬਰਦਸਤ ਹੰਗਾਮਾ
ਅਮਿਤ ਸ਼ਾਹ ਦੇ ਬਿਆਨ 'ਤੇ ਵਿਰੋਧੀ ਧਿਰਾਂ ਨੇ ਜ਼ਬਰਦਸਤ ਰੋਹ ਪ੍ਰਦਰਸ਼ਨ ਕੀਤਾ | ਵਿਰੋਧੀ ਧਿਰਾਂ ਸਭਾ ਦੇ ਵਿਚਕਾਰ ਆ ਕੇ ਅਮਿਤ ਸ਼ਾਹ ਮੁਆਫ਼ੀ ਮੰਗੋ, ਦੇ ਨਾਅਰੇ ਲਾਉਣ ਲੱਗੀਆਂ | ਆਸਣ 'ਤੇ ਬੈਠੇ ਜਗਦੰਬਿਕਾ ਪਾਲ ਨੇ ਕਾਂਗਰਸ ਦੇ ਮੁਹੰਮਦ ਜਾਵੇਦ, ਜੋ ਸਪੀਕਰ ਦੇ ਖ਼ਿਲਾਫ਼ ਬੇਭਰੋਸਗੀ ਮਤਾ ਲੈ ਕੇ ਆਏ ਸਨ, ਉਨ੍ਹਾਂ ਦਾ ਨਾਂਅ ਵੀ ਬੁਲਾਇਆ ਪਰ ਜਾਵੇਦ ਨੇ ਵੀ ਖੜ੍ਹੇ ਹੋ ਕੇ ਕਿਹਾ ਕਿ ਉਹ ਅਮਿਤ ਸ਼ਾਹ ਵਲੋਂ ਕੀਤੀਆਂ ਟਿੱਪਣੀਆਂ ਦੀ ਨਿਖੇਧੀ ਕਰਦੇ ਹਨ | ਹੰਗਾਮਾ ਜਾਰੀ ਰਹਿਣ 'ਤੇ ਪਾਲ ਨੇ ਕਿਹਾ ਕਿ ਹੁਣ ਕਾਂਗਰਸ ਪਾਰਟੀ ਹੀ ਨਹੀਂ ਚਾਹੁੰਦੀ ਕਿ ਮੁਹੰਮਦ ਜਾਵੇਦ ਬੋਲਣ ਤਾਂ ਉਹ ਪ੍ਰਸਤਾਵ ਨੂੰ ਸਿੱਧੇ ਵੋਟਿੰਗ ਲਈ ਲੈਣਗੇ | ਹੰਗਾਮਿਆਂ ਦੌਰਾਨ ਹੀ ਜਗਦੰਬਿਕਾ ਪਾਲ ਨੇ ਜ਼ਬਾਨੀ ਵੋਟਿੰਗ ਕਰਵਾ ਕੇ ਸਭਾ ਦੀ ਕਾਰਵਾਈ ਵੀਰਵਾਰ ਸਵੇਰ ਤੱਕ ਲਈ ਮੁਲਤਵੀ ਕਰ ਦਿੱਤੀ |
ਸਰਕਾਰ ਨੇ ਸਪੀਕਰ ਦੀ ਕੁਰਸੀ ਨੂੰ ਹਥਿਆਰ ਬਣਾਇਆ-ਕੇ.ਸੀ. ਵੇਣੂਗੋਪਾਲ
ਕਾਂਗਰਸੀ ਨੇਤਾ ਕੇ.ਸੀ. ਵੇਣੂਗੋਪਾਲ ਨੇ ਸਪੀਕਰ (ਓਮ ਬਿਰਲਾ) 'ਤੇ ਸਰਕਾਰੀ ਦਬਾਅ ਹੇਠ ਕੰਮ ਕਰਨ ਦਾ ਦੋਸ਼ ਲਾਉਂਦਿਆਂ ਕਿਹਾ ਕਿ ਸਰਕਾਰ ਨੇ ਜਵਾਬਦੇਹੀ ਤੋਂ ਬਚਣ ਲਈ ਸਪੀਕਰ ਦੀ ਕੁਰਸੀ ਨੂੰ ਹਥਿਆਰ ਬਣਾਇਆ ਹੈ | ਵੇਣੂਗੋਪਾਲ ਨੇ ਬੇਭਰੋਸਗੀ ਮਤੇ 'ਤੇ ਬਹਿਸ ਦੌਰਾਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਗੈਰ-ਮੌਜੂਦਗੀ 'ਤੇ ਸਵਾਲ ਉਠਾਉਂਦਿਆਂ ਕਿਹਾ ਕਿ ਪਹਿਲਾਂ ਜਦੋਂ ਵੀ ਸਪੀਕਰ ਦੇ ਖ਼ਿਲਾਫ਼ ਬੇਭਰੋਸਗੀ ਮਤਾ ਲਿਆਂਦਾ ਗਿਆ (ਸਪੀਕਰ ਹੁਕਮ ਸਿੰਘ ਅਤੇ ਸਪੀਕਰ ਬਲਰਾਮ ਜਾਖੜ) ਤਾਂ ਉਸ ਵੇਲੇ ਦੇ ਪ੍ਰਧਾਨ ਮੰਤਰੀ ਪੰਡਿਤ ਜਵਾਹਰ ਲਾਲ ਨਹਿਰੂ ਅਤੇ ਰਾਜੀਵ ਗਾਂਧੀ ਨਾ ਸਿਰਫ ਸਦਨ 'ਚ ਮੌਜੂਦ ਸਨ, ਸਗੋਂ ਉਨ੍ਹਾਂ ਆਪ ਇਸ ਦਾ ਜਵਾਬ ਵੀ ਦਿੱਤਾ | ਵੇਣੂਗੋਪਾਲ ਨੇ ਸਵਾਲ ਉਠਾਉਂਦਿਆਂ ਕਿਹਾ ਕਿ ਅੱਜ ਪ੍ਰਧਾਨ ਮੰਤਰੀ ਮੋਦੀ ਕਿੱਥੇ ਹਨ |
ਜਦੋਂ ਸਦਨ 'ਚ ਰਵੀ ਸ਼ੰਕਰ ਪ੍ਰਸਾਦ ਅਤੇ ਰਾਹੁਲ ਗਾਂਧੀ ਦਰਮਿਆਨ ਹੋਈ ਸ਼ਬਦੀ ਜੰਗ
ਲੋਕ ਸਭਾ 'ਚ ਸਪੀਕਰ ਦੇ ਖ਼ਿਲਾਫ਼ ਬੇਭਰੋਸਗੀ ਮਤੇ 'ਤੇ ਬਹਿਸ ਦੌਰਾਨ ਉਸ ਵੇਲੇ ਸੱਤਾ ਅਤੇ ਵਿਰੋਧੀ ਧਿਰਾਂ ਦਰਮਿਆਨ ਤਿੱਖੀ ਸ਼ਬਦੀ ਜੰਗ ਵੇਖਣ ਨੂੰ ਮਿਲੀ ਜਦੋਂ ਭਾਜਪਾ ਸੰਸਦ ਮੈਂਬਰ ਰਵੀ ਸ਼ੰਕਰ ਪ੍ਰਸਾਦ ਆਪਣੇ ਭਾਸ਼ਨ ਦੌਰਾਨ ਵਾਰ-ਵਾਰ ਲੋਕ ਸਭਾ 'ਚ ਵਿਰੋਧੀ ਧਿਰ ਦੇ ਨੇਤਾ ਰਾਹੁਲ ਗਾਂਧੀ ਦਾ ਨਾਂਅ ਲੈ ਕੇ ਟਿੱਪਣੀ ਕਰਦੇ ਨਜ਼ਰ ਆਏ | ਰਾਹੁਲ ਗਾਂਧੀ ਨੇ ਇਸ 'ਤੇ ਤਿੱਖਾ ਪ੍ਰਤੀਕਰਮ ਕਰਦਿਆਂ ਇਤਰਾਜ਼ ਪ੍ਰਗਟਾਇਆ | ਉਨ੍ਹਾਂ ਕਿਹਾ ਕਿ ਇਹ ਚਰਚਾ ਲੋਕਤੰਤਰ ਅਤੇ ਸਪੀਕਰ ਦੀ ਭੂਮਿਕਾ 'ਤੇ ਹੈ, ਪਰ ਇਸ 'ਚ ਕਈ ਮੌਕਿਆਂ 'ਤੇ ਉਨ੍ਹਾਂ ਦਾ ਨਾਂਅ ਲਿਆ ਗਿਆ | ਉਨ੍ਹਾਂ ਕਿਹਾ ਕਿ ਸਦਨ ਦੇਸ਼ ਦੀ ਨੁਮਾਇੰਦਗੀ ਕਰਦਾ ਹੈ | ਇਹ ਪਹਿਲੀ ਵਾਰ ਹੈ ਕਿ ਵਿਰੋਧੀ ਧਿਰ ਦੇ ਨੇਤਾ ਨੂੰ ਬੋਲਣ ਨਹੀਂ ਦਿੱਤਾ ਜਾ ਰਿਹਾ | ਅਸੀਂ ਜਦੋਂ ਵੀ ਬੋਲਣ ਲਈ ਉੱਠਦੇ ਹਾਂ ਤਾਂ ਸਾਨੂੰ ਬੋਲਣ ਤੋਂ ਰੋਕ ਦਿੱਤਾ ਜਾਂਦਾ ਹੈ | ਉਨ੍ਹਾਂ ਮੁੜ ਦੁਹਰਾਉਂਦਿਆਂ ਕਿਹਾ ਕਿ ਪ੍ਰਧਾਨ ਮੰਤਰੀ ਸਮਝੌਤਾਵਾਦੀ ਹਨ | ਰਵੀ ਸ਼ੰਕਰ ਪ੍ਰਸਾਦ ਨੇ ਇਸ 'ਤੇ ਟਿੱਪਣੀ ਕਰਦਿਆਂ ਕਿਹਾ ਕਿ ਭਾਰਤ ਦੇ ਪ੍ਰਧਾਨ ਮੰਤਰੀ ਕਦੇ ਵੀ ਸਮਝੌਤਾਵਾਦੀ ਨਹੀਂ ਹੋ ਸਕਦੇ | ਪ੍ਰਸਾਦ ਨੇ ਰਾਹੁਲ ਗਾਂਧੀ 'ਤੇ ਤਨਜ਼ ਕੱਸਦਿਆਂ ਕਿਹਾ ਕਿ ਵਿਰੋਧੀ ਧਿਰ ਦੇ ਨੇਤਾ ਅੱਖ ਮਾਰਦੇ ਹਨ, ਪ੍ਰਧਾਨ ਮੰਤਰੀ ਦੇ ਗਲੇ ਪੈਂਦੇ ਹਨ ਅਤੇ ਫਿਰ ਕਹਿੰਦੇ ਹਨ ਕਿ ਸਾਨੰੂ ਸਦਨ 'ਚ ਬੋਲਣ ਨਹੀਂ ਦਿੱਤਾ ਜਾਂਦਾ |
ਤੁਸੀਂ ਤਾਂ ਸਾਨੂੰ ਅੱਤਵਾਦੀ ਬਣਾ ਦਿੱਤਾ-ਸਿਆਲੀ ਘੋਸ਼
ਤਿ੍ਣਮੂਲ ਕਾਂਗਰਸ ਦੀ ਸਿਆਲੀ ਘੋਸ਼ ਨੇ ਸਰਕਾਰ 'ਤੇ ਸਮਾਜਿਕ, ਆਰਥਿਕ, ਧਾਰਮਿਕ ਅਤੇ ਸਿਆਸੀ ਲੋਕਤੰਤਰ ਖ਼ਤਮ ਕਰਨ ਦਾ ਦੋਸ਼ ਲਾਉਂਦਿਆਂ ਕਿਹਾ ਕਿ ਸਵਾਲ ਪੁੱਛਣਾ ਵਿਰੋਧੀ ਧਿਰਾਂ ਦਾ ਅਤੇ ਜਵਾਬ ਦੇਣਾ ਸਰਕਾਰ ਦਾ ਫਰਜ਼ ਹੈ ਨਹੀਂ ਤਾਂ ਲੋਕ ਬੇਨੇਮੀਆਂ ਬਾਰੇ ਕਿਵੇਂ ਜਾਣਨਗੇ | ਘੋਸ਼ ਨੇ ਸਪੀਕਰ ਓਮ ਬਿਰਲਾ ਵਲੋਂ ਔਰਤ ਸੰਸਦ ਮੈਂਬਰਾਂ ਤੋਂ ਪ੍ਰਧਾਨ ਮੰਤਰੀ ਨੂੰ ਖ਼ਤਰਾ ਦੱਸਦਿਆਂ ਸਦਨ 'ਚ ਨਾ ਆਉਣ ਦੇ ਬਿਆਨ 'ਤੇ ਤਿੱਖੀ ਟਿੱਪਣੀ ਕਰਦਿਆਂ ਕਿਹਾ ਕਿ ਸਪੀਕਰ ਸਾਹਿਬ ਨੇ ਤਾਂ ਸਾਨੂੰ ਅੱਤਵਾਦੀ ਬਣਾ ਦਿੱਤਾ | ਜ਼ਿਕਰਯੋਗ ਹੈ ਕਿ ਬਜਟ ਇਜਲਾਸ ਦੇ ਪਹਿਲੇ ਪੜਾਅ 'ਚ ਰਾਸ਼ਟਰਪਤੀ ਦੇ ਭਾਸ਼ਨ 'ਤੇ ਧੰਨਵਾਦ ਮਤੇ 'ਤੇ ਪ੍ਰਧਾਨ ਮੰਤਰੀ ਨੇ ਜਵਾਬ ਨਹੀਂ ਦਿੱਤਾ ਜਿਸ 'ਤੇ ਸਪੀਕਰ ਨੇ ਸਪੱਸ਼ਟੀਕਰਨ ਦਿੰਦਿਆਂ ਕਿਹਾ ਸੀ ਕਿ ਉਨ੍ਹਾਂ ਨੇ ਹੀ ਪ੍ਰਧਾਨ ਮੰਤਰੀ ਨੂੰ ਸਦਨ 'ਚ ਆਉਣ ਤੋਂ ਮਨਾਂ ਕੀਤਾ ਸੀ ਕਿ ਕੁਝ ਔਰਤ ਸੰਸਦ ਮੈਂਬਰਾਂ ਤੋਂ ਉਨ੍ਹਾਂ ਨੂੰ ਖ਼ਤਰਾ ਹੈ |
ਸਪੀਕਰ ਬਿਰਲਾ ਖ਼ਿਲਾਫ਼ ਬੇਭਰੋਸਗੀ ਮਤਾ ਰੱਦ
ਅਜੀਤ ਡੈਸਕ
12-03-2026