ਸਤਪਾਲ ਸਿੰਘ ਜੌਹਲ
ਟੋਰਾਂਟੋ, 27 ਮਾਰਚ-ਕੈਨੇਡਾ 'ਚ ਲੋਕਾਂ ਨੂੰ ਵਿਚਾਰਾਂ ਦੀ ਆਜ਼ਾਦੀ ਤਹਿਤ ਆਪਣੀ ਗੱਲ ਰੱਖਣ ਦੀ ਖੁੱਲ ਹੈ ਪਰ ਬੀਤੇ ਕੁਝ ਸਮੇਂ ਤੋਂ ਅਕਸਰ ਇਕ ਭਾਈਚਾਰੇ ਵਲੋਂ ਆਪਣੇ ਵਿਰੋਧੀ ਸਮਝੇ ਜਾਂਦੇ ਦੂਜੇ ਭਾਈਚਾਰੇ ਜਾਂ ਰਾਸ਼ਟਰ ਨੂੰ ਨਿਸ਼ਾਨਾ ਬਣਾ ਕੇ ਨਫ਼ਰਤ ਵਾਲਾ ਮਾਹੌਲ ਪੈਦਾ ਕਰਨ ਦੀਆਂ ਘਟਨਾਵਾਂ ਵਾਪਰਦੀਆਂ ਰਹੀਆਂ ਹਨ | ਅਜਿਹੇ ਵਿਚ ਹਰੇਕ ਭਾਈਚਾਰੇ ਦੇ ਲੋਕਾਂ ਨੂੰ ਆਪਣੇ ਵਿਚਾਰਾਂ ਦੀ ਆਜ਼ਾਦੀ (ਹੱਦ) ਸਮਝਣ ਅਤੇ ਹੋਰਨਾਂ ਨੂੰ ਨਿਸ਼ਾਨਾ ਨਾ ਬਣਾਉਣ ਦੇ ਮਕਸਦ ਨਾਲ ਦੇਸ਼ ਦੀ ਸੰਸਦ ਵਿਚ ਸੱਤਾਧਾਰੀ ਲਿਬਰਲ ਪਾਰਟੀ ਦੀ ਸਰਕਾਰ ਵਲੋਂ ਸਤੰਬਰ 2025 ਵਿਚ ਇਕ ਬਿੱਲ 'ਕੋਮਬੈਟਿੰਗ ਹੇਟ ਐਕਟ' (ਬਿੱਲ ਸੀ-9) ਪੇਸ਼ ਕੀਤਾ ਗਿਆ ਸੀ | ਨਿਆਂ ਮੰਤਰੀ ਸੀਨ ਫਰੇਜ਼ਰ ਨੇ ਉਸ ਬਿੱਲ ਦੀ ਡਟ ਕੇ ਵਕਾਲਤ ਕੀਤੀ ਅਤੇ ਵਿਰੋਧੀ ਪਾਰਟੀਆਂ ਨੂੰ ਪਾਸ ਕਰਨ ਲਈ ਪ੍ਰੇਰਿਆ, ਜਿਸ ਸਦਕਾ ਉਨ੍ਹਾਂ ਨੂੰ ਬਲਾਕ ਕਿਊਬਕ ਪਾਰਟੀ ਦਾ ਸਾਥ ਮਿਲਿਆ | ਤੀਸਰੀ ਰੀਡਿੰਗ ਤੋਂ ਬਾਅਦ ਲਿਬਰਲ ਅਤੇ ਬਲਾਕ ਕਿਊਬਕ ਪਾਰਟੀ ਦੇ ਸੰਸਦ ਮੈਂਬਰਾਂ ਦੀਆਂ ਵੋਟਾਂ ਨਾਲ ਸੰਸਦ ਦੇ ਹੇਠਲੇ ਸਦਨ 'ਹਾਊਸ ਆਫ ਕਾਮਨਜ਼' ਵਲੋਂ ਬਿੱਲ ਸੀ-9 ਬੀਤੇ ਦਿਨ ਪਾਸ ਕਰ ਦਿੱਤਾ ਗਿਆ, ਜਿਸ ਤੋਂ ਬਾਅਦ ਇਸ ਦੀ ਚਰਚਾ ਅੰਤਰਰਾਸ਼ਟਰੀ ਪੱਧਰ 'ਤੇ ਅਤੇ ਸੋਸ਼ਲ ਮੀਡੀਆ ਰਾਹੀਂ ਹੋਣੀ ਸ਼ੁਰੂ ਹੋਈ | ਜ਼ਿਕਰਯੋਗ ਹੈ ਕਿ 'ਕੋਮਬੈਟਿੰਗ ਹੇਟ ਐਕਟ' ਕੈਨੇਡਾ ਵਿਚ ਕਿਸੇ ਇਕ ਵਿਸ਼ੇਸ਼ ਭਾਈਚਾਰੇ, ਧੜੇ, ਜਾਂ ਵਿਅਕਤੀ ਖ਼ਿਲਾਫ਼ ਨਹੀਂ ਹੈ, ਸਗੋਂ ਜੇਕਰ ਕਾਨੂੰਨ ਬਣਿਆ ਤਾਂ ਸਾਰੇ ਕੈਨੇਡਾ ਵਾਸੀਆਂ ਉੱਪਰ ਇਕਸਾਰ ਲਾਗੂ ਹੋਵੇਗਾ | ਇਸ ਬਿੱਲ ਰਾਹੀਂ ਕੈਨੇਡਾ ਦੇ ਕਿ੍ਮੀਨਲ ਕੋਡ ਵਿਚ ਸੋਧਾਂ ਦਾ ਪ੍ਰਸਤਾਵ ਹੈ ਤਾਂ ਜੋ ਨਫ਼ਰਤ ਨਾਲ ਸੰਬੰਧਿਤ ਅਪਰਾਧਾਂ ਨਾਲ ਨਜਿੱਠਣਾ ਸੌਖਾ ਹੋਵੇ | ਇਸ ਨਾਲ ਨਿਆਂ ਪ੍ਰਣਾਲੀ ਵਲੋਂ ਧਾਰਮਿਕ ਅਸਥਾਨਾਂ, ਸਕੂਲਾਂ ਅਤੇ ਭਾਈਚਾਰਕ ਕੇਂਦਰਾਂ (ਕਮਿਊਨਿਟੀ ਸੈਂਟਰ) ਨੇੜੇ ਜਾ ਕੇ ਡਰਾਵੇ ਦੇਣ, ਜਾਣਬੱਝ ਕੇ ਲੋਕਾਂ (ਸੰਗਤ) ਦਾ ਲਾਂਘਾ ਬੰਦ ਕਰਨ, ਨਫ਼ਰਤੀ ਭਾਸ਼ਾ ਵਰਤਣ ਅਤੇ ਕੁੜੱਤਣ ਦੇ ਪ੍ਰਗਟਾਵੇ ਵਾਲੇ ਬੈਨਰ ਵਰਤਣ ਦੇ ਰੁਝਾਨ ਨਾਲ ਸਿੱਝਿਆ ਜਾ ਸਕੇਗਾ | ਇਸ ਬਿੱਲ ਰਾਹੀਂ ਜਨਤਕ ਥਾਵਾਂ 'ਤੇ ਨਫ਼ਰਤ ਦੇ ਪ੍ਰਤੀਕ ਵਾਲੀ ਸਮਗਰੀ ਵਰਤਣ ਦੀ ਮਨਾਹੀ ਵੀ ਕੀਤੀ ਜਾ ਰਹੀ ਹੈ | ਕਿ੍ਮਿਨਲ ਕੋਡ ਵਿਚ ਨਫ਼ਰਤ ਅਪਰਾਧ ਲਈ ਇਕ ਵਿਸ਼ੇਸ਼ ਧਾਰਾ ਸ਼ਾਮਿਲ ਕੀਤੀ ਜਾ ਰਹੀ ਹੈ, ਜਿਸ ਨਾਲ ਅਜਿਹੇ ਅਪਰਾਧਾਂ ਅਤੇ ਨਫ਼ਰਤ/ਘਿ੍ਣਾ ਨੂੰ ਕਾਨੂੰਨੀ ਤੌਰ 'ਤੇ ਸਪੱਸ਼ਟ ਤਰੀਕੇ ਨਾਲ ਪ੍ਰਭਾਸ਼ਿਤ ਕੀਤਾ ਗਿਆ ਹੈ | ਇਹ ਧਾਰਾ ਉਨ੍ਹਾਂ ਮਾਮਲਿਆਂ 'ਚ ਲਾਗੂ ਹੋਵੇਗੀ, ਜਿਨ੍ਹਾਂ ਵਿਚ ਅਪਰਾਧੀ ਵਲੋਂ ਕਿਸੇ ਧਰਮ, ਪਛਾਣ, ਜਾਤ, ਨਸਲ, ਲਿੰਗ ਆਦਿ ਖ਼ਿਲਾਫ਼ ਕੋਈ ਅਪਰਾਧਕ ਪੱਖਪਾਤ ਜਾਂ ਨਫ਼ਰਤ ਦੇ ਆਧਾਰ 'ਤੇ ਹਰਕਤ ਕੀਤੀ ਜਾਂਦੀ ਹੋਵੇ | ਇਹ ਵੀ ਵਿਚਾਰਾਂ ਦੀ ਆਜ਼ਾਦੀ ਅਤੇ ਧਾਰਮਿਕ ਵਿਚਾਰਾਂ ਦੀ ਆੜ ਹੇਠ ਨਫ਼ਰਤ ਦਾ ਪ੍ਰਚਾਰ ਕਰਨ ਦੀ ਕਿ੍ਮੀਨਲ ਕੋਡ ਵਿਚ ਪਹਿਲਾਂ ਤੋਂ ਮਿਲੀ ਹੋਈ ਛੋਟ ਨੂੰ ਵੀ ਇਸ ਬਿੱਲ ਰਾਹੀਂ ਖ਼ਤਮ ਕੀਤਾ ਜਾ ਰਿਹਾ ਹੈ ਤਾਂ ਜੋ ਨਫ਼ਰਤੀ ਭਾਸ਼ਨਾਂ ਖ਼ਿਲਾਫ਼ ਕੈਨੇਡਾ ਦਾ ਕਾਨੂੰਨ ਸਪੱਸ਼ਟ ਹੋ ਸਕੇ | ਹਾਊਸ ਆਫ ਕਾਮਨਜ਼ (ਲੋਕ ਸਭਾ) ਵਿਚ ਪਾਸ ਹੋਣ ਮਗਰੋਂ ਇਹ ਬਿੱਲ ਹੁਣ ਕੈਨੇਡਾ ਦੀ ਸੈਨੇਟ ਵਲੋਂ ਵਿਚਾਰਿਆ ਜਾਵੇਗਾ, ਜਿਥੇ ਇਸ ਵਿਚ ਕੁਝ ਹੋਰ ਸੋਧਾਂ ਦਾ ਪ੍ਰਸਤਾਵ ਵੀ ਹੋ ਸਕਦਾ ਹੈ |
ਕੈਨੇਡਾ ਦੀ ਸੰਸਦ 'ਚ ਨਫ਼ਰਤ ਵਿਰੋਧੀ ਬਿੱਲ ਹਾਊਸ ਆਫ਼ ਕਾਮਨਜ਼ ਵਲੋਂ ਪਾਸ
ਅਜੀਤ ਡੈਸਕ
28-03-2026