ਬਿਜਲੀ ਨਿਗਮ ਦੀ ਸਬਸਿਡੀ ਦਾ ਹੁਣ ਇਕ ਪੈਸਾ ਵੀ ਬਕਾਇਆ ਨਹੀਂ
ਚੰਡੀਗੜ੍ਹ, 2 ਅਪ੍ਰੈਲ (ਹਰਕਵਲਜੀਤ ਸਿੰਘ)-ਪੰਜਾਬ ਦੇ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਇਥੇ ਇਕ ਵਿਸੇਸ਼ ਗੱਲਬਾਤ ਦੌਰਾਨ ਦਾਅਵਾ ਕੀਤਾ ਕਿ ਉਨ੍ਹਾਂ ਦੀ ਸਰਕਾਰ ਵਲੋਂ ਮਗਰਲੀ ਕਾਂਗਰਸ ਸਰਕਾਰ ਦੇ ਪੰਜ ਸਾਲਾਂ ਦੇ ਕਾਰਜਕਾਲ ਦੇ ਮੁਕਾਬਲੇ ਜੀ.ਐਸ.ਟੀ. ਦੀ ਆਮਦਨ ਦੁੱਗਣੀ ਕਰਨ ਤੋਂ ਇਲਾਵਾ ਆਮਦਨ ਦੇ ਦੂਜੇ ਸਰੋਤਾਂ 'ਚ ਵੀ ਆਮਦਨ ਤਕਰੀਬਨ ਦੋ ਗੁਣਾ ਕੀਤੀ ਹੈ | ਉਨ੍ਹਾਂ ਦੱਸਿਆ ਕਿ ਕਾਂਗਰਸ ਦੇ ਪੰਜ ਸਾਲਾਂ ਦੌਰਾਨ ਜੀ.ਐਸ.ਟੀ. ਤੋਂ 61, 286 ਕਰੋੜ ਦੀ ਆਮਦਨ ਹੋਈ ਸੀ, ਜੋ ਸਾਡੀ ਸਰਕਾਰ ਦੇ ਪੰਜ ਸਾਲਾਂ 'ਚ 1,12,612 ਕਰੋੜ 'ਤੇ ਪੁੱਜ ਜਾਵੇਗੀ | ਉਨ੍ਹਾਂ ਦੱਸਿਆ ਕਿ ਅਕਤੂਬਰ 2025 ਵਿਚ ਜੀ.ਐਸ.ਟੀ.-2 ਦੇ ਲਾਗੂ ਹੋਣ ਦੇ ਬਾਵਜੂਦ ਵੀ 2025-26 ਦੌਰਾਨ ਜੀ.ਐਸ.ਟੀ. ਦੀ ਵਾਧਾ ਦਰ 12.52 ਫ਼ੀਸਦੀ ਰਹੀ, ਜਿਸ ਨੇ ਪੰਜਾਬ ਨੂੰ ਦੇਸ਼ 'ਚੋਂ ਮੋਹਰੀ ਬਣਾ ਦਿੱਤਾ ਹੈ | ਉਨ੍ਹਾਂ ਦੱਸਿਆ ਕਿ ਮਗਰਲੇ ਵਿੱਤੀ ਸਾਲ ਮੁਕਾਬਲੇ ਪੰਜਾਬ ਨੂੰ 2025-2026 ਦੌਰਾਨ ਜੀ.ਐਸ.ਟੀ. ਤੋਂ 2959.12 ਕਰੋੜ ਵਾਧੂ ਆਮਦਨ ਹੋਈ | ਹਰਪਾਲ ਸਿੰਘ ਚੀਮਾ ਨੇ ਮਗਰਲੀ ਕਾਂਗਰਸ ਤੇ ਅਕਾਲੀ ਸਰਕਾਰਾਂ ਦੇ ਅੰਕੜੇ ਦਿੰਦਿਆਂ ਦੱਸਿਆ ਕਿ ਅਕਾਲੀ-ਭਾਜਪਾ ਸਰਕਾਰ ਨੂੰ ਪੰਜ ਸਾਲਾਂ 'ਚ ਆਬਕਾਰੀ ਤੋਂ 20,545 ਕਰੋੜ ਅਤੇ ਕਾਂਗਰਸ ਨੂੰ 27,395 ਕਰੋੜ ਦੀ ਆਮਦਨ ਹੋਈ, ਜਦੋਂਕਿ ਸਾਡੀ ਸਰਕਾਰ ਨੂੰ ਇਸੇ ਸਮੇਂ 'ਚ 53,122 ਕਰੋੜ ਦੀ ਆਮਦਨ ਹੈ | ਵਿੱਤ ਮੰਤਰੀ ਨੇ ਕਿਹਾ ਕਿ 31 ਮਾਰਚ 2026 ਨੂੰ ਵਿੱਤੀ ਸਾਲ ਦੇ ਆਖਰੀ ਦਿਨ 'ਤੇ ਬਿਜਲੀ ਨਿਗਮ ਸਮੇਤ ਸਬਸਿਡੀਆਂ ਦਾ ਇਕ ਵੀ ਪੈਸਾ ਬਕਾਇਆ ਨਹੀਂ ਰਹਿ ਗਿਆ ਸੀ ਅਤੇ ਸਰਕਾਰੀ ਖ਼ਜ਼ਾਨਿਆਂ ਵਲੋਂ ਤਕਰੀਬਨ ਸਾਰੇ ਬਿੱਲਾਂ ਦੀ ਅਦਾਇਗੀ ਹੋ ਚੁੱਕੀ ਸੀ | ਉਨ੍ਹਾਂ ਦੱਸਿਆ ਕਿ 'ਕੰਸੋਲੀਡੇਟਿਡ ਰਿਜ਼ਰਵ ਫ਼ੰਡ' ਜੋ ਸਾਡੀ ਸਰਕਾਰ ਨੂੰ 2980 ਕਰੋੜ ਰੁਪਏ ਮਿਲਿਆ ਸੀ, 31 ਦਸੰਬਰ 2025 ਤੱਕ 10,738 'ਤੇ ਪੁੱਜ ਗਿਆ ਸੀ | ਉਨ੍ਹਾਂ ਕਿਹਾ ਕਿ ਸਰਕਾਰੀ ਗਰੰਟੀਆਂ 'ਰੀਡੰਪਸ਼ਨ ਫ਼ੰਡ' ਵਿਚ ਵੀ ਸਰਕਾਰ ਵਲੋਂ 990 ਕਰੋੜ ਰੁਪਏ ਲਗਾਏ ਗਏ ਹਨ | ਵਿੱਤ ਮੰਤਰੀ ਨੇ ਦੱਸਿਆ ਕਿ ਸਾਡੀ ਸਰਕਾਰ ਨੂੰ ਮੁਲਾਜ਼ਮਾਂ ਦੇ 2016-2021 ਦੇ 14,191 ਕਰੋੜ ਦੇ ਬਕਾਏ ਵਿਰਾਸਤ ਵਿਚ ਮਿਲੇ ਸਨ ਅਤੇ ਸਾਡੀ ਸਰਕਾਰ ਵਲੋਂ ਪੈਨਸ਼ਨਰਾਂ ਦੇ ਸਮੁੱਚੇ ਬਕਾਇਆਂ ਦੀ ਅਦਾਇਗੀ ਤੋਂ ਬਾਅਦ ਹੁਣ ਮੁਲਾਜ਼ਮਾਂ ਦੇ ਬਕਾਇਆਂ ਦੀ ਅਦਾਇਗੀ ਸ਼ੁਰੂ ਕੀਤੀ ਹੈ | ਉਨ੍ਹਾਂ ਕਿਹਾ ਕਿ ਮੁਲਾਜ਼ਮਾਂ ਦੇ ਡੀ.ਏ. ਦੇ ਬਕਾਇਆ 3 ਫ਼ੀਸਦੀ 'ਤੇ ਵੀ ਵਿਚਾਰ ਹੋ ਰਿਹਾ ਹੈ | ਵਿੱਤ ਮੰਤਰੀ ਨੇ ਦੱਸਿਆ ਕਿ ਦਿਹਾਤੀ ਵਿਕਾਸ ਦੇ ਕੇਂਦਰ ਵੱਲ ਬਕਾਇਆ 7757 ਕਰੋੜ ਤੋਂ ਇਲਾਵਾ ਜੀ.ਐਸ.ਟੀ. ਅਤੇ ਕੌਮੀ ਸਿਹਤ ਮਿਸ਼ਨ ਦੇ ਬਕਾਏ ਰਾਜ ਨੂੰ ਮਿਲ ਗਏ ਹਨ | ਉਨ੍ਹਾਂ ਦੱਸਿਆ ਕਿ ਔਰਤਾਂ ਨੂੰ 1000 ਅਤੇ ਅਨੁਸੂਚਿਤ ਜਾਤਾਂ ਦੀਆਂ ਔਰਤਾਂ ਨੂੰ 1500 ਰੁਪਏ ਦੇਣ ਦੇ ਫੈਸਲੇ ਮੁਤਾਬਿਕ ਰਜਿਸਟ੍ਰੇਸ਼ਨ 13 ਅਪ੍ਰੈਲ ਵਿਸਾਖੀ ਤੋਂ ਸ਼ੁਰੂ ਹੋ ਜਾਵੇਗੀ | ਉਨ੍ਹਾਂ ਕਿਹਾ ਕਿ ਆਮਦਨ ਕਰ ਦੇਣ ਵਾਲੀਆਂ, ਸਰਕਾਰੀ ਮੌਜੂਦਾ ਤੇ ਸੇਵਾ ਮੁਕਤ ਮੁਲਾਜ਼ਮ ਅਤੇ ਸੰਸਦ ਮੈਂਬਰ ਅਤੇ ਵਿਧਾਇਕਾਂ ਦੀਆਂ ਪਤਨੀਆਂ ਇਸ ਲਈ ਲਾਭਪਾਤਰੀ ਨਹੀਂ ਬਣ ਸਕਣਗੀਆਂ, ਜਦੋਂ ਕਿ ਅਨੁਸੂਚਿਤ ਜਾਤਾਂ ਦੀਆਂ ਔਰਤਾਂ ਨੂੰ ਜਾਤੀ ਸੰਬੰਧੀ ਸਰਟੀਫਿਕੇਟ ਦੇਣਾ ਪਵੇਗਾ | ਵਿੱਤ ਮੰਤਰੀ ਨੇ ਸਪੱਸ਼ਟ ਕੀਤਾ ਕਿ ਮੌਜੂਦਾ ਸਰਕਾਰ ਕੋਈ ਵੀ ਸਬਸਿਡੀ ਬੰਦ ਨਹੀਂ ਕਰੇਗੀ, ਪਰ ਸਰਕਾਰ ਵਲੋਂ ਰਾਜ ਦੀ ਆਮਦਨ ਵਧਾਉਣ ਲਈ ਮਜ਼ਬੂਤ ਵਿੱਤੀ ਪ੍ਰਬੰਧ ਅਤੇ ਵਿੱਤੀ ਸੁਧਾਰ ਲਿਆਉਂਦਿਆਂ ਟੈਕਸਾਂ ਦੀ ਚੋਰੀ ਖ਼ਤਮ ਕਰਨ ਲਈ ਵੀ ਲਗਾਤਾਰ ਕੋਸ਼ਿਸ਼ਾਂ ਜਾਰੀ ਹਨ | ਹਰਪਾਲ ਸਿੰਘ ਚੀਮਾ ਨੇ ਕਿਹਾ ਕਿ ਭਾਜਪਾ ਪੰਜਾਬ ਦੇ ਕਰਜ਼ੇ ਦਾ ਰੋਲਾ ਪਾਉਂਦੀ ਹੈ, ਪਰ ਕੇਂਦਰ ਵਿਚਲੀ ਮੋਦੀ ਸਰਕਾਰ ਵਲੋਂ ਆਪਣੇ ਕਾਰਜਕਾਲ ਦੌਰਾਨ ਦੇਸ਼ ਸਿਰ ਕਰਜ਼ੇ ਦੀ ਪੰਡ ਚਾਰ ਗੁਣਾਂ ਕਰ ਦਿੱਤੀ ਗਈ ਹੈ | ਉਨ੍ਹਾਂ ਕਿਹਾ ਕਿ ਮੋਦੀ ਸਰਕਾਰ ਦੇ ਕਾਰਜਕਾਲ ਸੰਭਾਲਣ ਮੌਕੇ ਦੇਸ਼ ਸਿਰ ਜੋ ਕਰਜ਼ਾ 55 ਲੱਖ ਕਰੋੜ ਰੁਪਏ ਸੀ, ਹੁਣ ਵੱਧ ਕੇ 212 ਲੱਖ ਕਰੋੜ ਰੁਪਏ ਤੱਕ ਪੁੱਜ ਗਿਆ ਹੈ | ਵਿੱਤ ਮੰਤਰੀ ਨੇ ਇਹ ਵੀ ਕਿਹਾ ਕਿ ਜਿਨ੍ਹਾਂ ਕਿਸਾਨਾਂ ਕੋਲ ਮੁਫ਼ਤ ਬਿਜਲੀ ਦੀ ਸਹੂਲਤ ਨਹੀਂ ਹੈ, ਉਨ੍ਹਾਂ ਨੂੰ ਸੋਲਰ ਪੰਪ ਲਗਾਉਣ ਲਈ ਸਬਸਿਡੀ ਦਿੱਤੀ ਜਾਵੇਗੀ |
'ਆਪ' ਸਰਕਾਰ ਨੇ ਮਗਰਲੀ ਕਾਂਗਰਸ ਸਰਕਾਰ ਤੋਂ ਜੀ.ਐਸ.ਟੀ. ਆਮਦਨ ਦੁੱਗਣੀ ਕੀਤੀ-ਚੀਮਾ
ਅਜੀਤ ਡੈਸਕ
03-04-2026