ਚੰਡੀਗੜ੍ਹ ਕੇਂਦਰ ਦੇ ਅਧਿਕਾਰ ਖੇਤਰ 'ਚ ਆਉਂਦਾ ਹੈ, ਭਾਜਪਾ ਦਫ਼ਤਰ ਦੇ ਬਾਹਰ ਹਮਲੇ ਲਈ ਕੇਂਦਰੀ ਗ੍ਰਹਿ ਮੰਤਰੀ ਜ਼ਿੰਮੇਵਾਰ-ਮੁੱਖ ਮੰਤਰੀ
ਅਜੀਤ ਡੈਸਕ
03-04-2026
ਸੰਗਰੂਰ, ਚੀਮਾ ਮੰਡੀ, 2 ਅਪ੍ਰੈਲ (ਸੁਖਵਿੰਦਰ ਸਿੰਘ ਫੁੱਲ, ਜਗਰਾਜ ਮਾਨ)-ਮੁੱਖ ਮੰਤਰੀ ਭਗਵੰਤ ਮਾਨ ਨੇ ਚੰਡੀਗੜ੍ਹ 'ਚ ਭਾਜਪਾ ਦਫ਼ਤਰ ਦੇ ਬਾਹਰ ਹੋਏ ਹਮਲੇ ਲਈ ਕੇਂਦਰ ਸਰਕਾਰ ਨੂੰ ਜ਼ਿੰਮੇਵਾਰ ਠਹਿਰਾਉਂਦਿਆਂ ਕਿਹਾ ਕਿ ਕੇਂਦਰ ਦੇ ਕੰਟਰੋਲ ਅਧੀਨ ਆਉਂਦੇ ਕੇਂਦਰ ਸ਼ਾਸਿਤ ਪ੍ਰਦੇਸ਼ ਨੂੰ ਸਿਆਸੀ ਦੂਸ਼ਣਬਾਜ਼ੀ ਦਾ ਆਧਾਰ ਬਣਾ ਕੇ ਵਰਤਣਾ ਪੂਰੀ ਤਰ੍ਹਾਂ ਗਲਤ ਹੈ | ਇਹ ਸਪੱਸ਼ਟ ਕਰਦਿਆਂ ਕਿ ਇਸ ਘਟਨਾ ਦੀ ਜ਼ਿੰਮੇਵਾਰੀ ਪੂਰੀ ਤਰ੍ਹਾਂ ਕੇਂਦਰ ਸਰਕਾਰ ਦੀ ਹੈ, ਉਨ੍ਹਾਂ ਕਿਹਾ ਕਿ ਜੇ ਇਸ ਘਟਨਾ ਨੂੰ ਉਨ੍ਹਾਂ 'ਤੇ ਥੋਪਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਤਾਂ ਕੇਂਦਰ ਨੂੰ ਆਪਣੀ ਡਿਊਟੀ ਤੋਂ ਭੱਜਣ ਦੀ ਬਜਾਏ ਚੰਡੀਗੜ੍ਹ ਨੂੰ ਪੰਜਾਬ ਸਰਕਾਰ ਦੇ ਹਵਾਲੇ ਕਰ ਦੇਣਾ ਚਾਹੀਦਾ ਹੈ | ਮੁੱਖ ਮੰਤਰੀ ਨੇ ਦੱਸਿਆ ਕਿ ਜਾਗਤ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਸਤਿਕਾਰ ਐਕਟ 2008 'ਚ ਵਾਧਾ ਕਰਕੇ ਇਸ ਨੂੰ ਸਖ਼ਤ ਸਜ਼ਾ ਯੋਗ ਬਣਾਇਆ ਜਾ ਰਿਹਾ ਹੈ ਅਤੇ ਇਸ ਦੇ ਲਈ ਕਾਨੂੰਨੀ ਅਤੇ ਧਾਰਮਿਕ ਸ਼ਖ਼ਸੀਅਤਾਂ ਦੀਆਂ 1-2 ਦਿਨ 'ਚ ਸਿਫ਼ਾਰਸ਼ਾਂ ਆ ਜਾਣਗੀਆਂ | ਉਸ ਅਨੁਸਾਰ ਐਕਟ 'ਚ ਸੋਧ ਕਰ ਲਈ ਜਾਵੇਗੀ | ਇਥੇ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਚੰਡੀਗੜ੍ਹ 'ਚ ਭਾਜਪਾ ਦਫ਼ਤਰ ਦੇ ਬਾਹਰ ਧਮਾਕੇ ਦੀ ਘਟਨਾ ਬਾਰੇ ਪੁੱਛੇ ਜਾਣ 'ਤੇ ਉਨ੍ਹਾਂ ਕਿਹਾ ਕਿ ਚੰਡੀਗੜ੍ਹ ਕੇਂਦਰ ਸ਼ਾਸਿਤ ਪ੍ਰਦੇਸ਼ ਹੈ, ਜਿਸ ਦਾ ਪ੍ਰਸ਼ਾਸਕ ਰਾਜਪਾਲ ਹੈ | ਨਾਲ ਹੀ ਉਨ੍ਹਾਂ ਕਿਹਾ ਕਿ ਚੰਡੀਗੜ੍ਹ 'ਚ ਕੁਝ ਵੀ ਹੋ ਜਾਵੇ ਤਾਂ ਉਸ ਲਈ ਭਗਵੰਤ ਮਾਨ ਜ਼ਿੰਮੇਵਾਰ ਪਰ ਜਦ ਭਗਵੰਤ ਮਾਨ ਕਹਿੰਦਾ ਹੈ ਕਿ ਚੰਡੀਗੜ੍ਹ ਪੰਜਾਬ ਦਾ ਹੈ ਅਤੇ ਪੰਜਾਬ ਨੂੰ ਦੇਣਾ ਚਾਹੀਦਾ ਹੈ ਤਾਂ ਭਗਵੰਤ ਮਾਨ ਨੂੰ ਗ਼ੱਦਾਰ ਕਿਹਾ ਜਾਂਦਾ ਹੈ | ਭਾਜਪਾ ਦੀ ਨੀਤੀ ਹੈ ਕਿ ਜੇ ਦੇਸ਼ 'ਚ ਕੁਝ ਗ਼ਲਤ ਹੋ ਜਾਵੇ ਤਾਂ ਨਹਿਰੂ ਜ਼ਿੰਮੇਵਾਰ ਅਤੇ ਪੰਜਾਬ 'ਚ ਕੁਝ ਗ਼ਲਤ ਹੋ ਜਾਵੇ ਤਾਂ ਭਗਵੰਤ ਮਾਨ ਜ਼ਿੰਮੇਵਾਰ | ਹਿਮਾਚਲ ਪ੍ਰਦੇਸ਼ ਵਲੋਂ ਸ਼ੁਰੂ ਕੀਤੇ ਐਂਟਰੀ ਟੈਕਸ ਬਾਰੇ ਗੱਲ ਕਰਦਿਆਂ ਉਨ੍ਹਾਂ ਕਿਹਾ ਕਿ ਜਦ ਦੇਸ਼ ਇਕ ਹੈ ਤਾਂ ਕਿਸੇ ਰਾਜ 'ਚ ਦਾਖਲ ਹੋਣ ਲਈ ਐਂਟਰੀ ਟੈਕਸ ਗ਼ਲਤ ਹੈ | ਮੁੱਖ ਮੰਤਰੀ ਨੇ ਕਿਹਾ ਕਿ ਅਸੀਂ ਟੋਲ ਟੈਕਸ ਖ਼ਤਮ ਕਰਨ ਵੱਲ ਵਧ ਰਹੇ ਹਾਂ | ਹੁਣ ਤੱਕ 19 ਟੋਲ ਪਲਾਜ਼ਾ ਬੰਦ ਕਰ ਚੁੱਕੇ ਹਾਂ, ਜਿਸ ਨਾਲ ਲੋਕਾਂ ਦੀ ਹਰ ਰੋਜ਼ 67 ਲੱਖ ਰੁਪਏ ਦੀ ਬੱਚਤ ਹੋ ਰਹੀ ਹੈ | ਆੜ੍ਹਤੀ ਐਸੋਸੀਏਸ਼ਨ ਬਾਰੇ ਪੁੱਛੇ ਜਾਣ 'ਤੇ ਉਨ੍ਹਾਂ ਕਿਹਾ ਕਿ ਉਨ੍ਹਾਂ ਦੀਆਂ ਮੰਗਾਂ ਦਾ ਸੰਬੰਧ ਕੇਂਦਰ ਨਾਲ ਹੈ | ਹੁਣ ਫਿਰ ਇਨ੍ਹਾਂ ਨਾਲ 6 ਅਪ੍ਰੈਲ ਨੂੰ ਮੀਟਿੰਗ ਰੱਖੀ ਗਈ ਹੈ | ਉਨ੍ਹਾਂ ਕਿਹਾ ਕਿ ਪੰਜਾਬ ਨੂੰ ਖੰਭਾ ਰਹਿਤ ਰਾਜ ਬਣਾਉਣ ਜਾ ਰਹੇ ਹਾਂ | ਇਸ ਕੰਮ ਦੀ ਸ਼ੁਰੂਆਤ ਉਨ੍ਹਾਂ ਦੇ ਆਪਣੇ ਪਿੰਡ ਸਤੌਜ ਤੋਂ ਹਾੜ੍ਹੀ ਦੀ ਵਾਢੀ ਤੋਂ ਬਾਅਦ ਕਰ ਦਿੱਤੀ ਜਾਵੇਗੀ | ਇਸ ਨਾਲ ਕਣਕ ਦੀ ਫ਼ਸਲਾਂ ਨੂੰ ਅੱਗ ਲੱਗਣ ਦੀ ਘਟਨਾਵਾਂ ਅਤੇ ਮੀਂਹ ਝੱਖੜ ਆਦਿ ਵੇਲੇ ਖੰਭੇ ਡਿਗਣ ਦੀਆਂ ਘਟਨਾਵਾਂ ਤੋਂ ਬਚਿਆ ਜਾ ਸਕੇਗਾ | ਇਕ ਸਵਾਲ ਦੇ ਜਵਾਬ 'ਚ ਉਨ੍ਹਾਂ ਕਿਹਾ ਕਿ ਭੁੱਕੀ ਜਾਂ ਅਫ਼ੀਮ ਕਿਸੇ ਹੋਰ ਨਸ਼ੇ ਨਾਲ ਬਦਲ ਨਹੀਂ ਹੋਣ ਚਾਹੀਦਾ | ਉਨ੍ਹਾਂ ਕਿਹਾ ਕਿ ਸਾਡਾ ਜ਼ੋਰ ਪੰਜਾਬ ਨੂੰ ਨਸ਼ਾ ਮੁਕਤ ਕਰਨ 'ਤੇ ਲੱਗਾ ਹੋਇਆ ਹੈ ਤਾਂ ਜੋ ਇਥੋਂ ਦੇ ਨੌਜਵਾਨ ਤੰਦਰੁਸਤ ਰਹਿਣ | ਪਿਛਲੇ ਲੰਬੇ ਸਮੇਂ ਤੋਂ ਬੰਦ ਪਈ ਸੰਗਰੂਰ ਦੀ ਡੀ.ਸੀ. ਰੋਡ ਬਾਰੇ ਪੁੱਛੇ ਜਾਣ 'ਤੇ ਉਨ੍ਹਾਂ ਕਿਹਾ ਕਿ ਸੰਗਰੂਰ ਸਾਡੀ ਸਿਆਸੀ ਰਾਜਧਾਨੀ ਹੈ, ਇਸ ਲਈ ਇਸ ਨੂੰ ਸੁੰਦਰ ਬਣਾਉਣ ਸਾਡਾ ਫ਼ਰਜ਼ ਹੈ | ਐਚ.ਐਸ. ਫੂਲਕਾ ਦੇ ਭਾਜਪਾ 'ਚ ਜਾਣ ਬਾਰੇ ਪੁੱਛੇ ਜਾਣ ਬਾਰੇ ਉਨ੍ਹਾਂ ਕਿਹਾ ਕਿ ਇਸ ਤੋਂ ਪਹਿਲਾਂ ਜੋ ਲੋਕ ਭਾਜਪਾ 'ਚ ਗਏ ਹਨ, ਫੂਲਕਾ ਨੂੰ ਉਨ੍ਹਾਂ ਨੂੰ ਵੀ ਪੁੱਛ ਲੈਣਾ ਚਾਹੀਦਾ ਹੈ | ਇਸ ਤੋਂ ਪਹਿਲਾਂ ਸੰਤ ਬਾਬਾ ਅਤਰ ਸਿੰਘ ਦੀ ਜਨਮ ਭੂਮੀ ਪਿੰਡ ਚੀਮਾ ਵਿਖੇ 13 ਕਰੋੜ 93 ਲੱਖ ਦੀ ਲਾਗਤ ਨਾਲ ਬਣ ਕੇ ਤਿਆਰ ਹੋਏ 30 ਬੈੱਡਾਂ ਦੇ ਦਿਹਾਤੀ ਹਸਪਤਾਲ ਨੂੰ ਮੁੱਖ ਮੰਤਰੀ ਭਗਵੰਤ ਮਾਨ, ਕੈਬਨਿਟ ਮੰਤਰੀ ਅਮਨ ਅਰੋੜਾ ਅਤੇ ਸਿਹਤ ਮੰਤਰੀ ਬਲਬੀਰ ਸਿੰਘ ਵਲੋਂ ਲੋਕ ਅਰਪਣ ਕੀਤਾ ਗਿਆ | ਇਸ ਮੌਕੇ ਉਨ੍ਹਾਂ ਉਥੇ ਦਾਖਲ ਮਰੀਜ਼ਾਂ ਦਾ ਹਾਲ-ਚਾਲ ਪੁੱਛਿਆ |