14-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-04-2026

ਮੌਸਮ ਦੀ ਗੜਬੜੀ ਦੇ ਚਲਦਿਆਂ ਕਿਸਾਨ ਚਿੰਤਾ 'ਚ ਡੁੱਬੇ

Ad Position 21
repet_subhas-goyals [Copy P29]
ਅਜੀਤ ਡੈਸਕ 05-04-2026

• ਕਈ ਥਾਈਾ ਗੜੇਮਾਰੀ ਨਾਲ ਫ਼ਸਲਾਂ ਦਾ ਨੁਕਸਾਨ • ਮੰਡੀਆਂ 'ਚ ਕਣਕ ਦੀ ਆਮਦ ਪ੍ਰਭਾਵਿਤ ਹੋਣ ਦੇ ਆਸਾਰ
ਜਸਪਾਲ ਸਿੰਘ/ਵੀਰਪਾਲ ਸਿੰਘ

ਜਲੰਧਰ/ਬਠਿੰਡਾ, 4 ਅਪ੍ਰੈਲ -ਪਿਛਲੇ ਕੁੱਝ ਦਿਨਾਂ ਤੋਂ ਰੁਕ-ਰੁਕ ਕੇ ਪੈ ਰਹੇ ਮੀਂਹ ਤੇ ਗੜੇਮਾਰੀ ਨਾਲ ਕਈ ਥਾਵਾਂ 'ਤੇ ਖੇਤਾਂ 'ਚ ਖੜ੍ਹੀ ਕਣਕ ਦੀ ਲੱਖਾਂ ਏਕੜ ਫਸਲ ਦਾ ਭਾਰੀ ਨੁਕਸਾਨ ਹੋਇਆ ਹੈ | ਪੰਜਾਬ ਅਤੇ ਨਾਲ ਲੱਗਦੇ ਰਾਜ ਹਰਿਆਣਾ, ਰਾਜਸਥਾਨ, ਹਿਮਾਚਲ 'ਚ ਲੰਘੇ ਢਾਈ ਹਫ਼ਤਿਆਂ ਤੋਂ ਰੁਕ-ਰੁਕ ਮੀਂਹ ਪੈ ਰਿਹਾ ਹੈ | ਪੰਜਾਬ ਦੇ ਬਠਿੰਡਾ, ਫਾਜ਼ਿਲਕਾ, ਮੁਕਤਸਰ, ਮਾਨਸਾ, ਅਬੋਹਰ, ਗੁਰਦਾਸਪੁਰ, ਹੁਸ਼ਿਆਰਪੁਰ, ਤਰਨ ਤਾਰਨ, ਅੰਮਿ੍ਤਸਰ, ਲੁਧਿਆਣਾ, ਜਲੰਧਰ, ਕਪੂਰਥਲਾ, ਫਿਰੋਜ਼ਪੁਰ, ਪਟਿਆਲਾ, ਮੁਹਾਲੀ ਤੇ ਹੋਰਨਾਂ ਜ਼ਿਲਿ੍ਹਆਂ 'ਚ ਮੀਂਹ ਦੇ ਨਾਲ ਚੱਲੀਆਂ ਤੇਜ਼ ਹਵਾਵਾਂ ਕਾਰਨ ਜਿਥੇ ਕਣਕਾਂ ਵਿਛ ਗਈਆਂ ਹਨ, ਉਥੇ ਗੜੇਮਾਰੀ ਨਾਲ ਛਿੱਟੇ ਵੀ ਟੁੱਟ ਗਏ ਹਨ | ਸੂਬੇ ਵਿਚ 25 ਹਜ਼ਾਰ ਹੈਕਟੇਅਰ ਕਣਕ ਦੀ ਫ਼ਸਲ ਨੁਕਸਾਨੀ ਜਾ ਚੁੱਕੀ ਹੈ | ਤੇਜ਼ ਹਵਾਵਾਂ ਕਾਰਨ 40 ਫੀਸਦੀ ਤੋਂ ਵੱਧ ਫ਼ਸਲਾਂ ਖੇਤਾਂ ਵਿਚ ਵਿਛ ਗਈਆਂ ਹਨ | ਮੰਡੀਆਂ 'ਚ ਆਈ ਕਣਕ ਵੀ ਕਈ ਥਾਵਾਂ 'ਤੇ ਭਿੱਜ ਗਈ ਹੈ ਤੇ ਵਾਢੀ ਦਾ ਕੰਮ ਵੀ ਰੁਕ ਗਿਆ ਹੈ | ਬੇਮੌਸਮੀ ਬਾਰਿਸ਼ ਦਾ ਕਹਿਰ ਸਭ ਤੋਂ ਜ਼ਿਆਦਾ ਮਾਲਵਾ ਖੇਤਰ 'ਚ ਦੇਖਣ ਨੂੰ ਮਿਲਿਆ ਹੈ, ਜਿਥੇ ਹਜ਼ਾਰਾਂ ਏਕੜ ਕਣਕ ਦੀ ਫਸਲ ਖੇਤਾਂ 'ਚ ਵਿਛ ਗਈ ਹੈ | ਦੱਸਿਆ ਜਾ ਰਿਹਾ ਹੈ ਕਿ ਇਕੱਲੇ ਬਠਿੰਡਾ, ਫਾਜ਼ਿਲਕਾ, ਮੁਕਤਸਰ ਤੇ ਮਾਨਸਾ ਜ਼ਿਲਿ੍ਹਆਂ 'ਚ ਹੀ 80 ਹਜ਼ਾਰ ਏਕੜ ਦੇ ਕਰੀਬ ਫਸਲ ਬੁਰੀ ਤਰ੍ਹਾਂ ਨਾਲ ਨੁਕਸਾਨੀ ਗਈ ਹੈ | ਸਨਿਚਰਵਾਰ ਨੂੰ ਪਏ ਮੀਂਹ ਨਾਲ ਇਹ ਨੁਕਸਾਨ ਕਈ ਗੁਣਾ ਹੋਰ ਵਧਣ ਦੀ ਸ਼ੰਕਾ ਜ਼ਾਹਿਰ ਕੀਤੀ ਜਾ ਰਹੀ ਹੈ | ਇਸੇ ਤਰ੍ਹਾਂ ਮਾਝਾ ਤੇ ਦੁਆਬਾ ਖੇਤਰ 'ਚ ਵੀ ਮੀਂਹ ਤੇ ਗੜ੍ਹੇਮਾਰੀ ਨਾਲ ਕਣਕਾਂ ਲੰਮੀਆਂ ਪੈ ਗਈਆਂ ਹਨ ਤੇ ਇਸ ਤਰ੍ਹਾਂ ਖੇਤਾਂ 'ਚ ਫਸਲ ਦੇ ਨੁਕਸਾਨੇ ਜਾਣ ਨਾਲ ਜਿਥੇ ਕਣਕ ਦੇ ਝਾੜ 'ਤੇ ਅਸਰ ਪੈਣ ਦੀ ਸੰਭਾਵਨਾ ਹੈ, ਉਥੇ ਦਾਣਾ ਵੀ ਕਾਲਾ ਪੈ ਸਕਦਾ ਹੈ | ਇਥੇ ਹੀ ਬੱਸ ਨਹੀਂ ਕਿਸਾਨਾਂ ਨੂੰ ਜਿਥੇ ਵਿਛੀ ਫਸਲ ਦੀ ਕਟਾਈ ਲਈ ਕੰਬਾਈਨ ਮਾਲਕਾਂ ਨੂੰ ਵਾਧੂ ਪੈਸੇ ਦੇਣ ਲਈ ਮਜ਼ਬੂਰ ਹੋਣਾ ਪੈ ਸਕਦਾ ਹੈ, ਉਥੇ ਗੁਣਵੱਤਾ 'ਤੇ ਅਸਰ ਪੈਣ ਨਾਲ ਮੰਡੀਆਂ 'ਚ ਆਪਣੀ ਫਸਲ ਵੇਚਣ 'ਚ ਵੀ ਦਿੱਕਤਾਂ ਦਾ ਸਾਹਮਣਾ ਕਰਨਾ ਸਕਦਾ ਹੈ | ਇਸ ਸੰਬੰਧੀ ਗੱਲ ਕਰਦਿਆਂ ਖੇਤੀਬਾੜੀ ਵਿਭਾਗ ਦੇ ਡਾਇਰੈਕਟਰ ਡਾ. ਗੁਰਜੀਤ ਸਿੰਘ ਬਰਾੜ ਨੇ ਕਿਹਾ ਕਿ ਫਸਲ ਦੇ ਝਾੜ ਅਤੇ ਗੁਣਵੱਤਾ 'ਤੇ ਅਸਰ ਪੈਣ ਦੀ ਸੰਭਾਵਨਾ ਹੈ | ਉਨ੍ਹਾਂ ਕਿਹਾ ਕਿ ਸਨਿਚਰਵਾਰ ਨੂੰ ਪਏ ਮੀਂਹ ਤੇ ਗੜੇਮਾਰੀ ਨਾਲ ਹੋਏ ਨੁਕਸਾਨ ਦਾ ਪੂਰਾ ਪਤਾ ਰਿਪੋਰਟ ਆਉਣ 'ਤੇ ਹੀ ਲਗਾਇਆ ਜਾ ਸਕਦਾ ਹੈ | ਓਧਰ ਮੌਸਮ ਵਿਭਾਗ ਵਲੋਂ 7 ਤੋਂ 9 ਅਪ੍ਰੈਲ ਤੱਕ ਫਿਰ ਮੀਂਹ ਦੀ ਕੀਤੀ ਗਈ ਭਵਿੱਖਬਾਣੀ ਨੇ ਕਿਸਾਨਾਂ ਦੀਆਂ ਚਿੰਤਾਵਾਂ ਹੋਰ ਵਧਾ ਦਿੱਤੀਆਂ ਹਨ | ਪੰਜਾਬ ਸਰਕਾਰ ਵਲੋਂ 1 ਅਪ੍ਰੈਲ ਤੋਂ ਖਰੀਦ ਸ਼ੁਰੂ ਕੀਤੀ ਜਾ ਚੁੱਕੀ ਹੈ, ਜੇਕਰ ਮੌਸਮ ਸਾਫ਼ ਨਾ ਹੋਇਆ ਤਾਂ ਆਉਣ ਵਾਲੇ 10 ਦਿਨਾਂ ਤੱਕ ਮੰਡੀਆਂ ਵਿਚ ਕਣਕ ਆਉਣ ਦੀ ਕੋਈ ਉਮੀਦ ਵਿਖਾਈ ਨਹੀਂ ਦੇ ਰਹੀ | ਪੰਜਾਬ ਮੰਡੀ ਬੋਰਡ ਵਲੋਂ ਪੰਜਾਬ ਵਿਚ ਕਣਕ ਦੇ ਚਾਲੂ ਸੀਜ਼ਨ ਵਿਚ 9 ਲੱਖ ਮੀਟਿ੍ਕ ਟਨ ਤੋਂ ਵੱਧ ਕਣਕ ਦੀ ਆਮਦ ਦਾ ਟੀਚਾ ਮਿਥਿਆ ਗਿਆ ਹੈ | ਕਿਸਾਨ ਆਗੂ ਹਰਿੰਦਰ ਸਿੰਘ ਲੱਖੋਵਾਲ ਨੇ ਕਣਕ ਦੀ ਫਸਲ ਦੇ ਨੁਕਸਾਨ ਦੀ ਭਰਪਾਈ ਲਈ ਕਿਸਾਨਾਂ ਨੂੰ ਤੁਰੰਤ ਮੁਆਵਜ਼ਾ ਦਿੱਤੇ ਜਾਣ ਦੀ ਮੰਗ ਕਰਦੇ ਹੋਏ ਕਿਹਾ ਕਿ ਸਰਕਾਰ ਨੂੰ ਫੌਰੀ ਤੌਰ 'ਤੇ ਗਿਰਦਾਵਰੀ ਦੇ ਹੁਕਮ ਦੇਣੇ ਚਾਹੀਦੇ ਹਨ | ਕਿਸਾਨ ਆਗੂ ਜੰਗਵੀਰ ਸਿੰਘ ਚੌਹਾਨ ਤੇ ਕੁਲਵਿੰਦਰ ਸਿੰਘ ਮਛਿਆਣਾ ਨੇ ਵੀ ਮੁਆਵਜ਼ਾ ਦਿੱਤੇ ਜਾਣ ਦੀ ਮੰਗ ਕਰਦੇ ਹੋਏ ਕਿਹਾ ਕਿ ਕਿਸਾਨਾਂ ਨੂੰ ਪਹਿਲਾਂ ਹੀ ਆਲੂਆਂ 'ਚ ਮੰਦੀ ਕਾਰਨ ਵੱਡੀ ਆਰਥਿਕ ਸੱਟ ਝੱਲਣੀ ਪਈ ਹੈ ਤੇ ਹੁਣ ਬੇਮੌਸਮੀ ਮੀਂਹ ਤੇ ਗੜੇਮਾਰੀ ਨੇ ਉਨ੍ਹਾਂ ਦਾ ਲੱਕ ਤੋੜ ਕੇ ਰੱਖ ਦਿੱਤਾ ਹੈ |

Ad Position 22
No active advertisement
ਪਿਛਲੀ ਖ਼ਬਰ ਘਬਰਾਹਟ 'ਚ ਤੇਲ ਤੇ ਗੈਸ ਦੀ ਵਾਧੂ ਖ਼ਰੀਦਦਾਰੀ ਨਾ ਕੀਤੀ ਜਾਵੇ-ਕੇਂਦਰ ਅਗਲੀ ਖ਼ਬਰ ਹਿਮਾਚਲ ਤੇ ਕਸ਼ਮੀਰ 'ਚ ਤਾਜ਼ਾ ਬਰਫ਼ਬਾਰੀ ਮੈਦਾਨੀ ਇਲਾਕਿਆਂ 'ਚ ਮੀਂਹ ਤੇ ਗੜੇਮਾਰੀ
Ad Position 24