ਘਬਰਾਹਟ 'ਚ ਤੇਲ ਤੇ ਗੈਸ ਦੀ ਵਾਧੂ ਖ਼ਰੀਦਦਾਰੀ ਨਾ ਕੀਤੀ ਜਾਵੇ-ਕੇਂਦਰ
ਅਜੀਤ ਡੈਸਕ
05-04-2026
ਨਵੀਂ ਦਿੱਲੀ, 4 ਅਪ੍ਰੈਲ (ਪੀ. ਟੀ. ਆਈ.)-ਕੇਂਦਰ ਸਰਕਾਰ ਨੇ ਅੱਜ ਦੇਸ਼ ਵਾਸੀ ਨੂੰ ਅਪੀਲ ਕੀਤੀ ਹੈ ਕਿ ਉਹ ਘਬਰਾਹਟ ਵਿਚ ਆ ਕੇ ਪੈਟਰੋਲ, ਡੀਜ਼ਲ ਅਤੇ ਐਲ.ਪੀ.ਜੀ. ਦੀ ਜ਼ਿਆਦਾ ਮਾਤਰਾ ਵਿਚ ਖਰੀਦਦਾਰੀ ਨਾ ਕਰਨ ਕਿਉਂਕਿ ਹੋਰਮੁਜ਼ ਜਲਡਮਰੂ ਦੇ ਬੰਦ ਹੋਣ ਕਾਰਨ ਪੈਦਾ ਹੋਣ ਵਾਲੀਆਂ ਰੁਕਾਵਟਾਂ ਦੇ ਬਾਵਜੂਦ ਈਾਧਨ ਦੀ ਸਪਲਾਈ ਕਾਫ਼ੀ ਹੈ | ਸਰਕਾਰ ਨੇ ਘਰੇਲੂ ਐਲ.ਪੀ.ਜੀ. ਅਤੇ ਪਾਈਪਡ ਨੈਚੁਰਲ ਗੈਸ (ਪੀ.ਐਨ.ਜੀ.) ਦੀ ਸਪਲਾਈ ਨੂੰ ਤਰਜੀਹ ਦਿੱਤੀ ਹੈ, ਖਾਸ ਕਰਕੇ ਘਰਾਂ, ਹਸਪਤਾਲਾਂ ਅਤੇ ਜ਼ਰੂਰੀ ਸੇਵਾਵਾਂ ਲਈ | ਸਰਕਾਰ ਨੇ ਰਿਫਾਇਨਰੀ ਉਤਪਾਦਨ ਨੂੰ ਵਧਾਉਣ ਅਤੇ ਮੰਗ ਦਾ ਪ੍ਰਬੰਧਨ ਕਰਨ ਲਈ ਕਈ ਉਪਾਅ ਲਾਗੂ ਕੀਤੇ ਹਨ, ਜਿਸ ਵਿਚ ਐਲ.ਪੀ.ਜੀ. ਰੀਫਿਲ ਦੇ ਵਿਚਕਾਰ ਅੰਤਰਾਲ ਵਧਾਉਣਾ ਸ਼ਾਮਿਲ ਹੈ | ਅਧਿਕਾਰੀਆਂ ਨੇ ਜਮ੍ਹਾਂਖੋਰੀ ਅਤੇ ਕਾਲਾਬਾਜ਼ਾਰੀ ਵਿਰੁੱਧ ਆਪਣੀ ਕਾਰਵਾਈ ਤੇਜ਼ ਕਰ ਦਿੱਤੀ ਹੈ, 3,700 ਤੋਂ ਵੱਧ ਛਾਪੇ ਮਾਰੇ ਹਨ ਅਤੇ ਐਲ.ਪੀ.ਜੀ. ਵਿਤਰਕਾਂ ਨੂੰ ਲਗਭਗ 1,000 ਕਾਰਨ ਦੱਸੋ ਨੋਟਿਸ ਜਾਰੀ ਕੀਤੇ ਹਨ | ਹੁਣ ਤੱਕ, 27 ਡੀਲਰਾਂ ਦੇ ਲਾਇਸੈਂਸ ਮੁਅੱਤਲ ਕੀਤੇ ਗਏ ਹਨ | ਪੈਟਰੋਲੀਅਮ ਅਤੇ ਕੁਦਰਤੀ ਗੈਸ ਮੰਤਰਾਲੇ ਨੇ ਕਿਹਾ ਕਿ ਸਰਕਾਰ ਪੈਟਰੋਲੀਅਮ ਉਤਪਾਦਾਂ ਅਤੇ ਰਸੋਈ ਗੈਸ ਦੀ ਨਿਰਵਿਘਨ ਉਪਲਬਧਤਾ ਨੂੰ ਯਕੀਨੀ ਬਣਾਉਣ ਲਈ ਸਰਗਰਮ ਕਦਮ ਚੁੱਕ ਰਹੀ ਹੈ, ਨਾਲ ਹੀ ਜਨਤਾ ਨੂੰ ਸਿਰਫ਼ ਅਧਿਕਾਰਤ ਜਾਣਕਾਰੀ 'ਤੇ ਭਰੋਸਾ ਕਰਨ ਅਤੇ ਊਰਜਾ ਬਚਾਉਣ ਦੀ ਸਲਾਹ ਵੀ ਦੇ ਰਹੀ ਹੈ |