ਨਵੀਂ ਦਿੱਲੀ, 5 ਅਪ੍ਰੈਲ (ਉਪਮਾ ਡਾਗਾ ਪਾਰਥ)-ਅਹਿਮਦਾਬਾਦ ਜਹਾਜ਼ ਹਾਦਸੇ ਦੇ 10 ਮਹੀਨੇ ਬਾਅਦ ਵੀ ਇਨਸਾਫ਼ ਦੀ ਉਡੀਕ ਕਰ ਰਹੇ ਤਕਰੀਬਨ 30 ਪੀੜਤ ਪਰਿਵਾਰਾਂ ਨੇ ਸਨਿਚਰਵਾਰ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਚਿੱਠੀ ਲਿਖੀ ਅਤੇ ਜਹਾਜ਼ ਦਾ ਬਲੈਕ ਬਾਕਸ ਅਤੇ ਕਾਕਪਿਟ ਵਾਇਸ ਰਿਕਾਰਡਰ ਦਾ ਡਾਟਾ ਜਨਤਕ ਕਰਨ ਦੀ ਮੰਗ ਕੀਤੀ | ਪੀੜਤ ਪਰਿਵਾਰਾਂ ਨੇ ਚਿੱਠੀ 'ਚ ਲਿਖਿਆ ਕਿ ਸਾਨੂੰ ਪੈਸੇ ਨਹੀਂ ਚਾਹੀਦੇ | ਅਸੀਂ ਸਚਾਈ ਜਾਨਣੀ ਹੈ | ਅਸੀਂ ਜਾਨਣਾ ਚਾਹੁੰਦੇ ਹਾਂ ਕਿ ਹਾਦਸਾ ਕਿਉਂ ਹੋਇਆ ਅਤੇ ਕੀ ਇਸ 'ਚ ਕੋਈ ਤਕਨੀਕੀ ਖਰਾਬੀ ਸੀ | ਉਨ੍ਹਾਂ ਇਹ ਵੀ ਲਿਖਿਆ ਕਿ ਜੇਕਰ ਬਲੈਕ ਬਾਕਸ ਡਾਟਾ ਜਨਤਕ ਨਹੀਂ ਕੀਤਾ ਜਾ ਸਕਦਾ ਤਾਂ ਘੱਟੋ-ਘੱਟ ਇਸ ਨੂੰ ਨਿੱਜੀ ਤੌਰ 'ਤੇ ਪਰਿਵਾਰਾਂ ਦੇ ਨਾਲ ਸਾਂਝਾ ਕੀਤਾ ਜਾਵੇ | ਚਿੱਠੀ 'ਚ ਉਨ੍ਹਾਂ ਏਅਰ ਇੰਡੀਆ ਵਲੋਂ ਮਦਦ ਦੀ ਕਮੀ ਦਾ ਦੋਸ਼ ਲਾਇਆ | ਇਕ ਪੀੜਤ ਨੇ ਲਿਖਿਆ ਕਿ ਵੈੱਬਸਾਈਟ 'ਤੇ 25 ਹਜ਼ਾਰ ਤੋਂ ਵੱਧ ਸਾਮਾਨ ਦੀ ਸੂਚੀ ਹੈ ਪਰ ਤਸਵੀਰਾਂ ਸਾਫ ਨਾ ਹੋਣ ਕਾਰਨ ਕੁਝ ਵੀ ਲੱਭਣਾ ਜਾਂ ਪਹਿਚਾਣ ਕਰਨਾ ਮੁਸ਼ਕਿਲ ਹੈ | ਇਕ ਹੋਰ ਪੀੜਤ ਨੇ ਆਪਣਾ ਦਰਦ ਸਾਂਝਾ ਕਰਦਿਆਂ ਕਿਹਾ ਕਿ ਸਿਰਫ ਇਕ ਮੇਲ ਆਈ ਡੀ. ਦਿੱਤੀ ਗਈ ਹੈ ਅਤੇ ਜਵਾਬ ਆਉਣ 'ਚ 15 ਦਿਨ ਲੱਗ ਜਾਂਦੇ ਹਨ | ਪਿੰਡ ਦੇ ਕਈ ਲੋਕ ਈਮੇਲ ਵਰਤਣਾ ਵੀ ਨਹੀਂ ਜਾਣਦੇ | ਜਹਾਜ਼ ਹਾਦਸੇ 'ਚ ਬੇਟੇ ਨੂੰ ਗੁਆਉਣ ਵਾਲੇ ਇਕ ਪਿਤਾ ਨੇ ਲਿਖਿਆ ਕਿ ਉਸਦਾ ਘਰ ਹੁਣ ਬਿਲਕੁਲ ਖਾਲੀ ਲੱਗਣ ਲੱਗ ਪਿਆ ਹੈ | ਕੋਈ ਵੀ ਮੁਆਵਜ਼ਾ ਇਸ ਕਮੀ ਨੂੰ ਪੂਰਾ ਨਹੀਂ ਕਰ ਸਕਦਾ | ਅਸੀਂ ਪੈਸੇ ਨਹੀਂ, ਸਗੋਂ ਸਚਾਈ ਪਤਾ ਕਰਨੀ ਹੈ |