14-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 09-04-2026

ਬਰਾਮਦ ਖੁੱਲ੍ਹਣ ਦੀ ਆਸ ਨਾਲ ਬਾਸਮਤੀ ਚੌਲ 2000 ਰੁਪਏ ਪ੍ਰਤੀ ਕੁਇੰਟਲ ਹੋਏ ਮਹਿੰਗੇ

Ad Position 21
No active advertisement
ਅਜੀਤ ਡੈਸਕ 09-04-2026

ਕੀਮਤਾਂ ਦੇ ਦੁਬਾਰਾ ਤੇਜ਼ੀ ਫੜਨ ਨਾਲ ਕਾਰੋਬਾਰੀਆਂ ਦੇ ਖਿੜਣ ਲੱਗੇ ਚਿਹਰੇ
ਸ਼ਿਵ ਸ਼ਰਮਾ

ਜਲੰਧਰ, 8 ਅਪ੍ਰੈਲ-ਇਕ ਮਹੀਨੇ ਤੋਂ ਜ਼ਿਆਦਾ ਸਮੇਂ ਤੋਂ ਪੱਛਮੀ ਏਸ਼ੀਆ 'ਚ ਚੱਲ ਰਹੀ ਜੰਗ ਕਰਕੇ ਭਾਰਤ ਤੋਂ ਵੱਡੀ ਮਾਤਰਾ ਵਿਚ ਬਾਸਮਤੀ ਚੌਲਾਂ ਦੀ ਬਰਾਮਦ 'ਤੇ ਰੋਕ ਲੱਗ ਗਈ ਸੀ ਤੇ ਇਸ ਨਾਲ ਨਾ ਸਿਰਫ ਬਰਾਮਦਕਾਰਾਂ ਦਾ ਅਰਬਾਂ ਰੁਪਏ ਦਾ ਚੌਲ ਬੰਦਰਗਾਹਾਂ 'ਤੇ ਫਸ ਗਿਆ ਸੀ ਸਗੋਂ ਇਸ ਦੀਆਂ ਕੀਮਤਾਂ 'ਚ ਭਾਰੀ ਗਿਰਾਵਟ ਆ ਗਈ ਸੀ ਤੇ ਕਈ ਬਰਾਮਦਕਾਰਾਂ ਦੀਆਂ ਅਦਾਇਗੀਆਂ ਵੀ ਫਸ ਗਈਆਂ ਸਨ ਪਰ ਹੁਣ ਥੋਕ ਬਾਜ਼ਾਰ 'ਚ ਬਾਸਮਤੀ ਚੌਲਾਂ ਦੀਆਂ ਕੀਮਤਾਂ ਨੇ ਫਿਰ ਤੇਜ਼ੀ ਫੜ ਲਈ ਹੈ ਤੇ ਚੰਗੇ ਬਾਸਮਤੀ ਚੌਲਾਂ ਦੀ ਕੀਮਤ 2000 ਤੋਂ 2500 ਰੁਪਏ ਕੁਇੰਟਲ ਤੱਕ ਵਧ ਗਈ ਹੈ | ਜਿਹੜੇ ਚੰਗੇ ਬਾਸਮਤੀ ਚੌਲ ਪਹਿਲਾਂ 8000 ਰੁਪਏ ਕੁਇੰਟਲ ਵਿਕ ਰਹੇ ਸਨ, ਹੁਣ ਉਨ੍ਹਾਂ ਦੀ ਕੀਮਤ 10000 ਤੇ 10500 ਰੁਪਏ ਕੁਇੰਟਲ ਤੱਕ ਪੁੱਜ ਗਈ ਹੈ | ਪੰਜਾਬ, ਹਰਿਆਣਾ, ਬਿਹਾਰ ਸਮੇਤ ਹੋਰ ਰਾਜਾਂ 'ਚ ਵੱਡੀ ਮਾਤਰਾ 'ਚ ਬਾਸਮਤੀ ਚੌਲ ਦੀ ਅਰਬ ਦੇਸ਼ਾਂ 'ਚ ਬਰਾਮਦ ਕੀਤੀ ਜਾਂਦੀ ਹੈ, ਕਿਉਂਕਿ ਇਨ੍ਹਾਂ ਰਾਜਾਂ ਦੀ ਬਾਸਮਤੀ ਦੀ ਅਰਬ ਦੇਸ਼ਾਂ 'ਚ ਭਾਰੀ ਮੰਗ ਹੈ | ਹੁਣ ਅਰਬ ਦੇਸ਼ਾਂ 'ਚ ਬਾਸਮਤੀ ਚੌਲਾਂ ਦੀ ਬਰਾਮਦ ਦੁਬਾਰਾ ਖੁੱਲ੍ਹਣ ਦੀ ਸੰਭਾਵਨਾ ਕਰਕੇ ਇਕ ਹਫ਼ਤਾ ਪਹਿਲਾਂ ਹੀ ਬਾਸਮਤੀ ਦੀਆਂ ਕੀਮਤਾਂ 'ਚ ਵਾਧਾ ਹੋਣਾ ਸ਼ੁਰੂ ਹੋ ਗਿਆ ਸੀ | ਬਾਸਮਤੀ ਚੌਲਾਂ ਦੀ ਕੀਮਤ ਇਸ ਕਰਕੇ ਵੀ ਵਧ ਗਈ ਸੀ ਕਿਉਂਕਿ ਕਈ ਵੱਡੇ ਘਰਾਣਿਆਂ ਨੂੰ ਵੀ ਇਸ ਦੀ ਸੰਭਾਵਨਾ ਸੀ ਕਿ ਦੇਰ ਸਵੇਰ ਪੱਛਮੀ ਏਸ਼ੀਆ ਦੀ ਜੰਗ ਨੂੰ ਠੱਲ੍ਹ ਪੈਣ ਵਾਲੀ ਹੈ ਤੇ ਹੁਣ ਜਦੋਂ ਕਿ ਬੀਤੇ ਦਿਨੀਂ ਹੀ ਜੰਗ ਰੁਕ ਗਈ ਹੈ ਤਾਂ ਹੁਣ ਅਰਬ ਦੇਸ਼ਾਂ ਤੋਂ ਹੋਰ ਸਾਮਾਨ ਆਉਣ ਜਾਂ ਬਰਾਮਦ ਹੋਣ ਨਾਲ ਬਾਸਮਤੀ ਦੀ ਬਰਾਮਦ ਫਿਰ ਤੇਜ਼ੀ ਨਾਲ ਸ਼ੁਰੂ ਹੋਣ ਦੀ ਸੰਭਾਵਨਾ ਵਧ ਗਈ ਹੈ, ਇਸ ਨਾਲ ਹੀ ਹੁਣ ਕਈ ਬਰਾਮਦਕਾਰ ਵੀ ਬਾਜ਼ਾਰ 'ਚ ਬਾਸਮਤੀ ਦੀ ਖ਼ਰੀਦ ਲਈ ਸਰਗਰਮ ਹੋ ਗਏ ਹਨ | ਪੱਛਮੀ ਏਸ਼ੀਆ 'ਚ ਚੱਲ ਰਹੀ ਜੰਗ ਕਰਕੇ ਜਦੋਂ ਅਰਬਾਂ ਰੁਪਏ ਦਾ ਬਾਸਮਤੀ ਚੌਲ ਰਸਤੇ 'ਚ ਫਸ ਗਿਆ ਸੀ ਤਾਂ ਉਸ ਵੇਲੇ ਬਰਾਮਦਕਾਰਾਂ ਨੇ ਵੀ ਸਰਕਾਰ ਕੋਲ ਮਦਦ ਦੀ ਮੰਗ ਕੀਤੀ ਸੀ ਤੇ ਹੁਣ ਬਰਾਮਦਕਾਰ ਵੀ ਬਦਲੇ ਹੋਏ ਹਾਲਾਤ ਕਰਕੇ ਸਰਗਰਮ ਹੋ ਗਏ ਹਨ | ਬਾਸਮਤੀ ਸਮੇਤ ਹੋਰ ਸਾਮਾਨ ਦੀ ਬਰਾਮਦ ਖੁੱਲ੍ਹਣ ਨਾਲ ਬਰਾਮਦਕਾਰਾਂ ਨੂੰ ਰਾਹਤ ਮਿਲੇਗੀ | ਭਾਰਤੀ ਚੌਲ ਦੀ ਈਰਾਨ ਸਮੇਤ ਹੋਰ ਦੇਸ਼ਾਂ 'ਚ ਭਾਰੀ ਮੰਗ ਹੁੰਦੀ ਹੈ | ਬਰਾਮਦ ਦਾ ਕੰਮ ਰੁਕਣ ਕਰਕੇ ਜਿਥੇ ਬਰਾਮਦਕਾਰਾਂ ਨੂੰ ਵੱਡਾ ਝਟਕਾ ਲੱਗਾ ਸੀ ਉਥੇ ਕਿਸਾਨਾਂ ਦਾ ਵੀ ਬਾਸਮਤੀ ਚੌਲਾਂ ਦੀਆਂ ਕੀਮਤਾਂ 'ਚ ਭਾਰੀ ਕਮੀ ਆਉਣ ਨਾਲ ਕਾਫ਼ੀ ਨੁਕਸਾਨ ਹੋਇਆ ਸੀ | ਜੰਗ ਨਾਲ ਨਾ ਸਿਰਫ਼ ਬਾਸਮਤੀ ਚੌਲਾਂ ਦਾ ਸਗੋਂ ਹੋਰ ਵੀ ਸਾਮਾਨ ਦੀ ਦਰਾਮਦ, ਬਰਾਮਦ ਪ੍ਰਭਾਵਿਤ ਹੋਈ ਸੀ, ਜਿਸ ਨਾਲ ਕਾਰੋਬਾਰੀਆਂ, ਲੋਕਾਂ ਦਾ ਭਾਰੀ ਨੁਕਸਾਨ ਹੋਇਆ ਸੀ |
ਕੱਚੇ ਤੇਲ ਦੀ ਕੀਮਤ ਡਿਗਣ ਨਾਲ ਤੇਲ ਕੰਪਨੀਆਂ ਦਾ ਘਟੇਗਾ ਘਾਟਾ
ਜੰਗ ਬੰਦ ਹੋਣ ਨਾਲ ਤੇਲ ਬਾਜ਼ਾਰ ਨੂੰ ਸਭ ਤੋਂ ਵੱਡਾ ਫ਼ਾਇਦਾ ਹੋਣ ਦੀ ਸੰਭਾਵਨਾ ਹੈ ਤੇ ਇਸ ਦਾ ਅਸਰ ਅੰਤਰਰਾਸ਼ਟਰੀ ਬਾਜ਼ਾਰ 'ਚ ਕੱਚੇ ਤੇਲ ਦੀਆਂ ਕੀਮਤਾਂ ਨੂੰ ਲੈ ਕੇ ਵੀ ਹੋਇਆ ਹੈ ਕਿ ਹੁਣ 115 ਡਾਲਰ ਪ੍ਰਤੀ ਬੈਰਲ ਦੇ ਕੋਲ ਪੁੱਜਣ ਵਾਲੇ ਬਰੈਂਡ ਕੱਚੇ ਤੇਲ ਦੀ ਕੀਮਤ 95 ਡਾਲਰ ਪ੍ਰਤੀ ਬੈਰਲ ਤੱਕ ਆ ਗਈ ਹੈ | ਤੇਲ ਕਾਰੋਬਾਰੀ ਖੇਤਰ ਦਾ ਕਹਿਣਾ ਹੈ ਕਿ ਇਸ ਨਾਲ ਲੋਕਾਂ ਨੂੰ ਤਾਂ ਕੋਈ ਰਾਹਤ ਨਹੀਂ ਮਿਲੇਗੀ ਪਰ ਤੇਲ ਕੰਪਨੀਆਂ ਨੂੰ ਰੋਜ਼ ਹੁੰਦਾ ਘਾਟਾ ਜ਼ਰੂਰ ਘਟਣਾ ਸ਼ੁਰੂ ਹੋ ਜਾਵੇਗਾ | ਜੰਗ ਲੱਗਣ ਨਾਲ ਤੇਲ ਕੰਪਨੀਆਂ ਨੂੰ ਰੋਜ਼ਾਨਾ ਹੀ 2000 ਤੋਂ 2400 ਕਰੋੜ ਤੱਕ ਦਾ ਘਾਟਾ ਹੋ ਰਿਹਾ ਸੀ | ਜਿਸ ਦੀ ਭਰਪਾਈ ਕਰਨ ਅਤੇ ਲੋਕਾਂ 'ਤੇ ਇਸ ਦਾ ਭਾਰ ਨਾ ਪਾਉਣ ਲਈ ਤੇਲ ਕੰਪਨੀਆਂ ਲਈ ਐਕਸਾਈਜ਼ ਡਿਊਟੀ 'ਚ ਭਾਰੀ ਕਮੀ ਕੀਤੀ ਸੀ ਜਿਸ ਨਾਲ ਤੇਲ ਕੰਪਨੀਆਂ ਦਾ ਘਾਟਾ ਕੁੱਝ ਫ਼ੀਸਦੀ ਘਟ ਗਿਆ ਸੀ | ਉਂਝ ਜਿਸ ਤਰਾਂ ਨਾਲ ਕੱਚੇ ਤੇਲ ਦੀਆਂ ਕੀਮਤਾਂ 'ਚ ਵਾਧਾ ਹੋ ਰਿਹਾ ਸੀ, ਉਸ ਨਾਲ ਪੰਜ ਰਾਜਾਂ 'ਚ ਹੋ ਰਹੀਆਂ ਵਿਧਾਨ ਸਭਾ ਚੋਣਾਂ ਦੇ ਖ਼ਤਮ ਹੋਣ ਦਾ ਤੇਲ ਕੰਪਨੀਆਂ ਇੰਤਜ਼ਾਰ ਕਰ ਰਹੀਆਂ ਸੀ ਕਿਉਂਕਿ 29 ਅਪ੍ਰੈਲ ਤੋਂ ਬਾਅਦ ਘਾਟਾ ਘਟਾਉਣ ਲਈ ਤੇਲ ਦੀਆਂ ਕੀਮਤਾਂ ਵਿਚ ਵਾਧਾ ਹੋਣ ਦੀ ਚਰਚਾ ਸੀ ਪਰ ਜੇਕਰ ਹੁਣ ਪੱਛਮੀ ਏਸ਼ੀਆ 'ਚ ਜੰਗਬੰਦੀ ਲਾਗੂ ਰਹਿੰਦੀ ਹੈ ਤਾਂ ਵਿਧਾਨ ਸਭਾ ਚੋਣਾਂ ਖ਼ਤਮ ਹੋਣ ਬਾਅਦ ਲੋਕਾਂ ਲਈ ਤੇਲ ਹੋਰ ਮਹਿੰਗਾ ਹੋਣ ਦੀ ਸੰਭਾਵਨਾ ਘੱਟ ਹੈ |

Ad Position 22
No active advertisement
ਪਿਛਲੀ ਖ਼ਬਰ ਸੁਖਬੀਰ ਦੇ 'ਸਾਜਿਸ਼' ਵਾਲੇ ਬਿਆਨ 'ਤੇ ਗਿ. ਰਘਬੀਰ ਸਿੰਘ ਦਾ ਤਿੱਖਾ ਪ੍ਰਤੀਕਰਮ ਅਗਲੀ ਖ਼ਬਰ ਰਿਜ਼ਰਵ ਬੈਂਕ ਨੇ ਵਿਆਜ ਦਰਾਂ 'ਚ ਨਹੀਂ ਕੀਤਾ ਕੋਈ ਬਦਲਾਅ
Ad Position 24