ਚੰਡੀਗੜ੍ਹ, 8 ਅਪ੍ਰੈਲ (ਵਿਕਰਮਜੀਤ ਸਿੰਘ ਮਾਨ)-ਉਦਯੋਗ, ਵਣਜ, ਨਿਵੇਸ਼ ਪ੍ਰੋਤਸਾਹਨ, ਸਥਾਨਕ ਸਰਕਾਰਾਂ ਅਤੇ ਬਿਜਲੀ ਮੰਤਰੀ ਸੰਜੀਵ ਅਰੋੜਾ ਨੇ ਪੰਜਾਬ ਭਵਨ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਮੋਹਾਲੀ ਵਿਖੇ ਪਲਕਸ਼ਾ ਯੂਨੀਵਰਸਿਟੀ ਅਤੇ ਸੈਕਟਰ-83 ਦੇ ਇਨਫੋਸਿਸ ਕੈਂਪਸ ਨੇੜੇ ਇਕ ਅਤਿ-ਆਧੁਨਿਕ ਬਹੁ-ਮੰਤਵੀ ਪ੍ਰਦਰਸ਼ਨੀ ਅਤੇ ਕਨਵੈੱਨਸ਼ਨ ਸੈਂਟਰ (ਈ.ਸੀ.ਸੀ) ਵਿਕਸਿਤ ਕਰਨ ਦਾ ਐਲਾਨ ਕੀਤਾ | ਉਨ੍ਹਾਂ ਦੱਸਿਆ ਕਿ ਕਨਵੈੱਨਸ਼ਨ ਸੈਂਟਰ ਮੋਹਾਲੀ ਆਈ.ਟੀ ਸਿਟੀ ਦੇ ਬਿਲਕੁਲ ਵਿਚੋ-ਵਿਚ ਲਗਭਗ 14 ਏਕੜ 'ਚ ਫੈਲਿਆ ਜਨਤਕ-ਨਿੱਜੀ ਭਾਈਵਾਲੀ ਮਾਡਲ ਤਹਿਤ ਵਿਕਸਿਤ ਕੀਤਾ ਜਾਵੇਗਾ ਤੇ ਲਗਭਗ 250 ਕਰੋੜ ਰੁਪਏ ਦੀ ਅਨੁਮਾਨਿਤ ਲਾਗਤ ਵਾਲਾ ਇਹ ਪ੍ਰਾਜੈਕਟ ਐਗਜ਼ੀਕਨ ਈਵੈਂਟਸ ਮੀਡੀਆ ਸਲਿਊਸ਼ਨਜ਼ ਲਿਮਟਿਡ ਵਲੋਂ ਵਿਕਸਿਤ ਕੀਤਾ ਜਾਵੇਗਾ | ਉਨ੍ਹਾਂ ਕਿਹਾ ਕਿ ਇਸ ਪ੍ਰਾਜੈਕਟ ਤਹਿਤ ਵੱਡੇ ਪੱਧਰ 'ਤੇ ਕੌਮੀ ਅਤੇ ਕੌਮਾਂਤਰੀ ਸਮਾਗਮਾਂ ਦੀ ਮੇਜ਼ਬਾਨੀ ਕਰਨ ਲਈ ਇਕ ਅਤਿ-ਆਧੁਨਿਕ ਕਨਵੈੱਨਸ਼ਨ ਸੈਂਟਰ ਬਣਾਇਆ ਜਾਵੇਗਾ, ਜੋ ਵਿਸ਼ਵ ਪੱਧਰੀ ਬੁਨਿਆਦੀ ਢਾਂਚਾ ਅਤੇ ਸਹੂਲਤਾਂ ਨਾਲ ਲੈਸ ਹੋਵੇਗਾ | ਉਨ੍ਹਾਂ ਦੱਸਿਆ ਕਿ ਇਹ ਪ੍ਰਾਜੈਕਟ ਦੋ ਪੜਾਵਾਂ 'ਚ ਪੂਰਾ ਕੀਤਾ ਜਾਵੇਗਾ | ਪਹਿਲਾ ਪੜਾਅ 31 ਦਸੰਬਰ 2026 ਤੱਕ ਅਤੇ ਦੂਜਾ ਪੜਾਅ 31 ਦਸੰਬਰ 2027 ਤੱਕ ਪੂਰਾ ਕਰਨ ਦਾ ਟੀਚਾ ਹੈ | ਉਨ੍ਹਾਂ ਕਿਹਾ ਕਿ ਈ.ਸੀ.ਸੀ 'ਚ ਲਾਰਜ-ਸਪੈਨ ਕਾਲਮ-ਫਰੀ ਪ੍ਰਦਰਸ਼ਨੀ ਹਾਲ ਹੋਣਗੇ, ਜਿਸ ਵਿਚ ਲਗਭਗ 40,000 ਵਰਗ ਫੁੱਟ ਤੇ 15,000 ਵਰਗ ਫੁੱਟ ਦੇ ਦੋ ਵੱਡੇ ਹਾਲ ਸਮੇਤ ਲਗਭਗ 15,000 ਵਰਗ ਫੁੱਟ 'ਚ ਫੈਲੇ ਰਿਟੇਲ, ਫੂਡ ਅਤੇ ਬੈਵਰਿਜ ਜ਼ੋਨ ਅਤੇ ਲਗਭਗ 1000 ਵਾਹਨਾਂ ਲਈ ਪਾਰਕਿੰਗ ਬੁਨਿਆਦੀ ਢਾਂਚਾ ਵੀ ਸ਼ਾਮਿਲ ਹੋਵੇਗਾ | ਉਨ੍ਹਾਂ ਕਿਹਾ ਕਿ ਇਸ ਸਹੂਲਤ ਵਿਚ ਵਿਸ਼ਵ ਪੱਧਰੀ ਲੈਂਡਸਕੇਪਡ ਜਨਤਕ ਥਾਵਾਂ ਅਤੇ ਸਮਾਗਮ ਕਰਨ ਲਈ ਖੁੱਲ੍ਹੇ ਜਨਤਕ ਖੇਤਰ ਵੀ ਹੋਣਗੇ | ਉਨ੍ਹਾਂ ਦੱਸਿਆ ਕਿ ਈ.ਸੀ.ਸੀ. ਇਕ ਲਚਕਦਾਰ, ਬਹੁ-ਕਾਰਜਸ਼ੀਲ ਸਥਾਨ ਵਜੋਂ ਕੰਮ ਕਰੇਗਾ, ਜੋ 5,000 ਤੋਂ 10,000 ਡੈਲੀਗੇਟਾਂ ਨਾਲ ਕਾਨਫ਼ਰੰਸਾਂ ਅਤੇ ਸੰਮੇਲਨਾਂ ਦੀ ਮੇਜ਼ਬਾਨੀ ਕਰਨ, 2,000 ਲੋਕਾਂ ਦੀ ਸਹੂਲਤ ਲਈ ਲਗਭਗ 20,000 ਵਰਗ ਫੁੱਟ ਦੇ ਮਿਲਣ–ਗਿਲਣ ਵਾਲੇ ਖੇਤਰਾਂ, 200 ਤੋਂ 500 ਬੂਥਾਂ ਵਾਲੇ ਵਪਾਰਕ ਮੇਲੇ ਅਤੇ ਪ੍ਰਦਰਸ਼ਨੀਆਂ, 1000 ਤੋਂ 10,000 ਸਰੋਤਿਆਂ ਵਾਲੇ ਕਾਰਪੋਰੇਟ ਸਮਾਗਮ, 1000 ਤੋਂ 10,000 ਲੋਕਾਂ ਲਈ ਸੱਭਿਆਚਾਰਕ ਅਤੇ ਰੰਗਾ-ਰੰਗ ਪ੍ਰੋਗਰਾਮ ਅਤੇ 15,000 ਲੋਕਾਂ ਤੱਕ ਸਮਾਜਿਕ ਸਮਾਗਮਾਂ ਦੀ ਮੇਜ਼ਬਾਨੀ ਕਰਨ ਦੇ ਸਮਰੱਥ ਹੋਵੇਗਾ | ਇਸ ਦੌਰਾਨ ਐਗਜ਼ੀਕਨ ਗਰੁੱਪ ਦੇ ਚੇਅਰਮੈਨ ਐਮ. ਕਿਊ. ਸਈਦ, ਪੁੱਡਾ ਦੇ ਏ.ਸੀ.ਏ. ਵਿਕਾਸ ਹੀਰਾ, ਪ੍ਰਾਜੈਕਟ ਦੇ ਆਰਕੀਟੈਕਟ ਸੰਜੇ ਸੁਰਿਆ ਤੇ ਰਾਹੁਲ ਸ਼ਾਹ ਡਾਇਰੈਕਟਰ ਮੌਜੂਦ ਸਨ |
ਮੋਹਾਲੀ 'ਚ ਅਤਿ-ਆਧੁਨਿਕ ਬਹੁ-ਮੰਤਵੀ ਪ੍ਰਦਰਸ਼ਨੀ ਤੇ ਕਨਵੈਨਸ਼ਨ ਸੈਂਟਰ ਕੀਤਾ ਜਾਵੇਗਾ ਵਿਕਸਿਤ-ਸੰਜੀਵ ਅਰੋੜਾ
ਅਜੀਤ ਡੈਸਕ
09-04-2026