ਨਵੀਂ ਦਿੱਲੀ, 8 ਅਪ੍ਰੈਲ (ਪੀ. ਟੀ. ਆਈ.)-ਸਾਬਕਾ ਪ੍ਰਧਾਨ ਮੰਤਰੀਆਂ ਇੰਦਰਾ ਗਾਂਧੀ ਅਤੇ ਰਾਜੀਵ ਗਾਂਧੀ ਦੇ ਕਾਰਜਕਾਲ 'ਚ ਮਹੱਤਵਪੂਰਨ ਮੰਤਰੀ ਅਹੁਦੇ ਸੰਭਾਲਣ ਵਾਲੀ ਸੀਨੀਅਰ ਕਾਂਗਰਸੀ ਨੇਤਾ ਤੇ ਸਾਬਕਾ ਕੇਂਦਰੀ ਮੰਤਰੀ ਮੋਹਸਿਨਾ ਕਿਦਵਈ ਦਾ ਬੁੱਧਵਾਰ ਨੂੰ ਦਿਹਾਂਤ ਹੋ ਗਿਆ | ਉਹ 94 ਸਾਲ ਦੇ ਸਨ | ਉਨ੍ਹਾਂ ਦੇ ਜਵਾਈ ਰਾਜ਼ੀ ਉਰ ਰਹਿਮਾਨ ਕਿਦਵਈ ਨੇ ਕਿਹਾ ਕਿ ਕਿਦਵਈ, ਜੋ ਕਿ ਉਮਰ ਨਾਲ ਸੰਬੰਧਿਤ ਬਿਮਾਰੀਆਂ ਤੋਂ ਪੀੜਤ ਸਨ, ਨੇ ਸਵੇਰੇ ਨੋਇਡਾ ਦੇ ਮੈਟਰੋ ਹਸਪਤਾਲ 'ਚ ਆਖਰੀ ਸਾਹ ਲਿਆ | ਉਨ੍ਹਾਂ ਕਿਹਾ ਕਿ ਉਨ੍ਹਾਂ ਨੂੰ ਬੁੱਧਵਾਰ ਸ਼ਾਮ ਨਿਜ਼ਾਮੂਦੀਨ ਦੇ ਕਬਰਸਤਾਨ 'ਚ ਦਫ਼ਨਾਇਆ ਗਿਆ |ਸੀਨੀਅਰ ਕਾਂਗਰਸੀ ਨੇਤਾਵਾਂ ਨੇ ਬਜ਼ੁਰਗ ਨੇਤਾ ਨੂੰ ਸ਼ਰਧਾਂਜਲੀ ਭੇਟ ਕੀਤੀ | ਕਾਂਗਰਸ ਦੇ ਰਾਸ਼ਟਰੀ ਪ੍ਰਧਾਨ ਮਲਿਕਅਰਜੁਨ ਖੜਗੇ ਨੇ ਕਿਹਾ ਕਿ ਉਨ੍ਹਾਂ ਦਾ ਦਿਹਾਂਤ ਪਾਰਟੀ ਅਤੇ ਦੇਸ਼ ਲਈ ਇਕ ਵੱਡਾ ਘਾਟਾ ਹੈ | ਖੜਗੇ ਨੇ ਐਕਸ 'ਤੇ ਪਾਏ ਸੰਦੇਸ਼ 'ਚ ਉਨ੍ਹਾਂ ਦੇ ਪਰਿਵਾਰ, ਦੋਸਤਾਂ ਅਤੇ ਅਣਗਿਣਤ ਪ੍ਰਸੰਸਕਾਂ ਨਾਲ ਦਿਲੋਂ ਹਮਦਰਦੀ ਪ੍ਰਗਟ ਕੀਤੀ ਅਤੇ ਕਾਮਨਾ ਕੀਤੀ ਕਿ ਉਨ੍ਹਾਂ ਦੀ ਆਤਮਾ ਨੂੰ ਸਦੀਵੀ ਸ਼ਾਂਤੀ ਮਿਲੇ | ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਨੇ ਵੀ ਕਿਦਵਈ ਦੇ ਦਿਹਾਂਤ 'ਤੇ ਸੋਗ ਪ੍ਰਗਟ ਕੀਤਾ ਤੇ ਪਾਰਟੀ 'ਚ ਉਨ੍ਹਾਂ ਦੇ ਯੋਗਦਾਨ ਦੀ ਸ਼ਲਾਘਾ ਕੀਤੀ | ਕਾਂਗਰਸ ਜਨਰਲ ਸਕੱਤਰ ਪਿ੍ਅੰਕਾ ਗਾਂਧੀ ਵਾਡਰਾ ਦੁੱਖ ਪ੍ਰਗਟ ਕਰਦਿਆਂ ਕਿਹਾ ਕਿ ਪਾਰਟੀ ਨੂੰ ਮਰਹੂਮ ਨੇਤਾ ਦੀ ਸਿਆਣਪ ਅਤੇ ਮਾਰਗਦਰਸ਼ਨ ਦੀ ਘਾਟ ਮਹਿਸੂਸ ਹੋਵੇਗੀ | ਸੰਸਦ ਮੈਂਬਰ ਸ਼ਸ਼ੀ ਥਰੂਰ ਨੇ ਕਿਦਵਈ ਨੂੰ ਭਾਰਤੀ ਰਾਸ਼ਟਰੀ ਕਾਂਗਰਸ ਦਾ ਇਕ ਟਾਈਟਨ ਦੱਸਿਆ | ਮੋਹਸਿਨਾ ਕਿਦਵਈ ਨੇ ਇੰਦਰਾ ਗਾਂਧੀ ਅਤੇ ਰਾਜੀਵ ਗਾਂਧੀ ਸਰਕਾਰਾਂ 'ਚ ਮਹੱਤਵਪੂਰਨ ਵਿਭਾਗ ਸੰਭਾਲੇ | ਉਨ੍ਹਾਂ ਨੇ ਕਾਂਗਰਸ ਵਰਕਿੰਗ ਕਮੇਟੀ ਅਤੇ ਪਾਰਟੀ ਦੀ ਕੇਂਦਰੀ ਚੋਣ ਕਮੇਟੀ ਦੀ ਮੈਂਬਰ ਵਜੋਂ ਵੀ ਸੇਵਾ ਨਿਭਾਈ | ਉਨ੍ਹਾਂ ਨੂੰ ਆਪਣੇ ਜੀਵਨ ਦੇ ਵੱਖ-ਵੱਖ ਬਿੰਦੂਆਂ 'ਤੇ ਚਾਰ ਸਦਨਾਂ ਦੀ ਮੈਂਬਰ ਹੋਣ ਦਾ ਵਿਲੱਖਣ ਮਾਣ ਪ੍ਰਾਪਤ ਹੈ-ਇਕ ਐਮ.ਐਲ.ਸੀ., ਵਿਧਾਇਕ ਤੇ ਲੋਕ ਸਭਾ ਅਤੇ ਰਾਜ ਸਭਾ 'ਚ ਸੰਸਦ ਮੈਂਬਰ ਵਜੋਂ | ਕਿਦਵਈ ਦਾ ਰਾਜਨੀਤਿਕ ਕਰੀਅਰ 1960 ਵਿੱਚ ਸ਼ੁਰੂ ਹੋਇਆ | ਜਦੋਂ ਉਨ੍ਹਾਂ ਨੇ ਉੱਤਰ ਪ੍ਰਦੇਸ਼ ਵਿਧਾਨ ਪ੍ਰੀਸ਼ਦ 'ਚ ਇਕ ਸੀਟ ਜਿੱਤੀ, ਉਦੋਂ ਉਹ ਸਿਰਫ਼ 28 ਸਾਲ ਦੀ ਸੀ |
ਸੀਨੀਅਰ ਕਾਂਗਰਸੀ ਨੇਤਾ ਮੋਹਸਿਨਾ ਕਿਦਵਈ ਦਾ ਦਿਹਾਂਤ
ਅਜੀਤ ਡੈਸਕ
09-04-2026