ਨਰਪਿੰਦਰ ਸਿੰਘ ਧਾਲੀਵਾਲ
ਰਾਮਪੁਰਾ ਫੂਲ (ਬਠਿੰਡਾ), 9 ਅਪ੍ਰੈਲ-ਪੰਜਾਬ ਰਾਜ ਅਧਿਆਪਕ ਯੋਗਤਾ ਟੈਸਟ 2026 ਦੇ ਨਤੀਜੇ ਦਾ ਐਲਾਨ ਕਰ ਦਿੱਤਾ ਗਿਆ ਹੈ | ਦੱਸਣਾ ਬਣਦਾ ਹੈ ਕਿ ਰਾਜ ਵਿਦਿਅਕ ਖੋਜ ਤੇ ਸਿਖ਼ਲਾਈ ਸੰਸਥਾ ਵਲੋਂ ਅਧਿਆਪਕ ਯੋਗਤਾ ਟੈਸਟ ਲੈਣ ਦੀ ਜ਼ਿੰਮੇਵਾਰੀ ਗੁਰੂ ਨਾਨਕ ਦੇਵ ਯੂਨੀਵਰਸਿਟੀ ਨੂੰ ਸੌਂਪੀ ਗਈ ਸੀ | ਜ਼ਿਕਰਯੋਗ ਹੈ ਕਿ 1 ਸਤੰਬਰ 2025 ਨੂੰ ਸੁਪਰੀਮ ਕੋਰਟ ਨੇ 'ਅੰਜੁਮਨ ਇਸ਼ਾਤ-ਏ-ਤਾਲੀਮ ਟਰੱਸਟ ਬਨਾਮ ਮਹਾਂਰਾਸ਼ਟਰ ਸਰਕਾਰ' ਅਤੇ ਹੋਰਨਾਂ ਮਾਮਲਿਆਂ ਵਿਚ ਇਕ ਵੱਡਾ ਫੈਸਲਾ ਸੁਣਾਉਂਦਿਆਂ ਕਿਹਾ ਸੀ ਕਿ ਜਿਹੜੇ ਅਧਿਆਪਕਾਂ ਦੀ ਨੌਕਰੀ 5 ਸਾਲ ਤੋਂ ਵੱਧ ਰਹਿੰਦੀ ਹੈ, ਉਨ੍ਹਾਂ ਨੂੰ 1 ਸਤੰਬਰ 2027 ਤੱਕ ਹਰ ਹਾਲ 'ਚ ਟੈੱਟ ਪਾਸ ਕਰਨਾ ਪਵੇਗਾ, ਨਹੀਂ ਤਾਂ ਉਨ੍ਹਾਂ ਨੂੰ ਜ਼ਬਰੀ ਸੇਵਾ-ਮੁਕਤ ਕਰ ਦਿੱਤਾ ਜਾਵੇਗਾ | ਇਸ ਫੈਸਲੇ ਨੇ ਪੰਜਾਬ ਸਮੇਤ ਪੂਰੇ ਦੇਸ਼ ਦੇ ਲੱਖਾਂ ਪੁਰਾਣੇ ਅਧਿਆਪਕਾਂ ਦੇ ਭਵਿੱਖ 'ਤੇ ਸਵਾਲੀਆ ਨਿਸ਼ਾਨ ਖੜ੍ਹਾ ਕਰ ਦਿੱਤਾ ਸੀ | ਸਿੱਖਿਆ ਵਿਭਾਗ ਦੀਆਂ ਹਦਾਇਤਾਂ 'ਤੇ ਇਸ ਵਾਰ ਬਹੁਤੇ ਪੁਰਾਣੇ ਅਧਿਆਪਕਾਂ ਨੇ ਅਧਿਆਪਕ ਯੋਗਤਾ ਟੈਸਟ ਦੀ ਪ੍ਰੀਖਿਆ ਦਿੱਤੀ | ਅਧਿਆਪਕ ਯੋਗਤਾ ਟੈਸਟ-2025 ਪ੍ਰੀਖਿਆ ਜੋ ਕਿ 15 ਮਾਰਚ 2026 ਨੂੰ ਕਰਵਾਈ ਗਈ ਸੀ, ਦੇ ਪ੍ਰੀਖਿਆ ਕੇਂਦਰਾਂ ਵਿਚ ਮੋਬਾਈਲ ਫੋਨਾਂ ਨੂੰ ਰੋਕਣ ਲਈ ਜੈਮਰ ਲਗਾਏ ਗਏ ਸਨ | ਇਸ ਤੋਂ ਇਲਾਵਾ ਫ਼ਰਜ਼ੀਵਾੜੇ ਨੂੰ ਰੋਕਣ ਲਈ ਹਰ ਉਮੀਦਵਾਰ ਦੀ ਬਾਇਓਮੈਟਿ੍ਕ ਹਾਜ਼ਰੀ ਅਤੇ ਵੀਡੀਓਗ੍ਰਾਫ਼ੀ ਲਾਜ਼ਮੀ ਕੀਤੀ ਗਈ ਸੀ | ਪ੍ਰਸ਼ਨ ਪੱਤਰਾਂ ਦੀਆਂ 4 ਸੀਰੀਜ਼ (ਏ ਬੀ ਸੀ ਡੀ) ਬਣਾਈਆਂ ਗਈਆਂ ਸਨ ਤਾਂ ਜੋ ਨਕਲ ਦਾ ਕੋਈ ਆਸਾਰ ਨਾ ਰਹੇ | ਅਜਿਹੇ ਵਿਚ 50 ਸਾਲ ਦੀ ਉਮਰ ਪਾਰ ਕਰ ਚੁੱਕੇ ਤਜਰਬੇਕਾਰ ਅਧਿਆਪਕਾਂ ਨੂੰ ਬੈਠਣ ਲਈ ਮਜ਼ਬੂਰ ਕਰਨਾ ਕੁਦਰਤੀ ਨਿਆਂ ਦੇ ਸਿਧਾਂਤਾਂ ਦੇ ਖਿਲਾਫ਼ ਮੰਨਿਆ ਜਾ ਰਿਹਾ ਸੀ | ਪਰ ਪੁਰਾਣੀਆਂ ਖੁਰਾਕਾਂ ਖਾ ਕੇ ਨੌਜਵਾਨਾਂ ਦੇ ਮੁਕਾਬਲੇ ਵਧੇਰੇ ਤੰਦਰੁਸਤ ਰਹਿਣ ਦੀ ਕਹਾਵਤਾਂ ਦੀ ਤਰ੍ਹਾਂ ਪੁਰਾਣੇ ਅਧਿਆਪਕ ਜੋ ਸਰਕਾਰੀ ਕਾਲਜਾਂ ਤੇ ਸਕੂਲਾਂ ਦੇ ਪੜੇ੍ਹ ਸਨ, ਨੇ ਇਸ ਵਾਰ ਵੱਡੀ ਤਾਦਾਦ ਵਿਚ ਇਮਤਿਹਾਨ ਪਾਸ ਕਰਕੇ ਆਪਣੀ ਯੋਗਤਾ ਦਾ ਲੋਹਾ ਹੀ ਨਹੀਂ ਮੰਨਵਾਇਆ ਬਲਕਿ ਪਿਛਲੇ ਸਾਲਾਂ ਦੇ ਮੁਕਾਬਲੇ ਨਤੀਜੇ ਦੀ ਪਾਸ ਫ਼ੀਸਦੀ ਨੂੰ ਕਾਫ਼ੀ ਉੱਚਾ ਚੁੱਕ ਦਿੱਤਾ ਹੈ | ਕੁੱਲ 1,72,206 ਉਮੀਦਵਾਰਾਂ ਨੇ ਇਸ ਪ੍ਰੀਖਿਆ ਲਈ ਰਜਿਸਟਰੇਸ਼ਨ ਕਰਵਾਈ ਸੀ, ਜਿਨ੍ਹਾਂ ਵਿਚੋਂ 1,54,988 ਉਮੀਦਵਾਰਾਂ ਨੇ ਪ੍ਰੀਖਿਆ ਦਿੱਤੀ, ਤੇ 85,275 ਉਮੀਦਵਾਰਾਂ ਨੇ ਇਹ ਪ੍ਰੀਖਿਆ ਪਾਸ ਕੀਤੀ, ਜਿਸ ਨਾਲ ਕੁੱਲ ਪਾਸ ਦਰ 55.02 ਫ਼ੀਸਦੀ ਰਹੀ ਹੈ | ਸੂਚਨਾ ਅਨੁਸਾਰ ਪ੍ਰਾਇਮਰੀ ਵਿਚ ਪਾਸ ਦਰ 59.68 ਫ਼ੀਸਦੀ ਰਹੀ, ਜਦਕਿ ਪੇਪਰ 2 (ਮਿਡਲ) ਵਿਚ ਇਹ 52.98 ਫ਼ੀਸਦੀ ਹੋਣ ਬਾਰੇ ਦੱਸਿਆ ਗਿਆ ਹੈ | ਇਸੇ ਤਰ੍ਹਾਂ ਪੇਪਰ 2 ਦੇ ਹਿਸਾਬ ਅਤੇ ਸਾਇੰਸ ਵਿਸ਼ੇ ਦੇ ਉਮੀਦਵਾਰਾਂ ਨੇ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ 62.02 ਫ਼ੀਸਦੀ ਪਾਸ ਦਰ ਹਾਸਲ ਕੀਤੀ | ਇਸ ਦੇ ਉਲਟ, ਕਲਾ ਅਤੇ ਕਰਾਫ਼ਟ ਵਿਸ਼ੇ ਵਿਚ ਸਭ ਤੋਂ ਘੱਟ, ਯਾਨੀ ਸਿਰਫ਼ 25.73 ਫੀਸਦੀ ਉਮੀਦਵਾਰ ਹੀ ਸਫ਼ਲ ਹੋ ਸਕੇ | ਸਮਾਜਿਕ ਸਿੱਖਿਆ ਵਿਸ਼ੇ ਵਿਚ 43.18 ਫੀਸਦੀ ਅਤੇ ਫ਼ਿਜ਼ੀਕਲ ਐਜੂਕੇਸ਼ਨ ਵਿਚ 32.77 ਫੀਸਦੀ ਪਾਸ ਦਰ ਦਰਜ ਕੀਤੀ ਗਈ | ਇਹ ਵੀ ਕਿ ਪੇਪਰ 1 ਵਿਚ ਸਭ ਤੋਂ ਵੱਧ ਸਕੋਰ 139 (150 ਵਿਚੋਂ) ਅਤੇ ਪੇਪਰ 2 ਵਿਚ 137 ਰਿਹਾ | ਦੂਜੇ ਪਾਸੇ ਕੁਝ ਪੇਪਰ ਨਾ ਦੇਣ ਵਾਲੇ ਪੁਰਾਣੇ ਅਧਿਆਪਕਾਂ ਦਾ ਮੰਨਣਾ ਹੈ ਕਿ ਸੁਪਰੀਮ ਕੋਰਟ ਵਿਚ ਰੀਵਿਊ ਪਟੀਸ਼ਨਾਂ ਦੀ ਸੁਣਵਾਈ ਬਾਕੀ ਹੈ ਤੇ ਰਾਜ ਸਭਾ ਅੰਦਰ ਵੀ ਕੇਰਲ ਦੇ ਇਕ ਸੰਸਦ ਵਲੋਂ ਬਿੱਲ ਲਿਆਂਦਾ ਗਿਆ ਹੈ ਤੇ ਜੇਕਰ ਉਹ ਬਿੱਲ ਦੋਵਾਂ ਸੰਸਦਾਂ ਵਿਚ ਪਾਸ ਹੋ ਜਾਂਦਾ ਹੈ ਤਾਂ ਪੁਰਾਣੇ ਅਧਿਆਪਕਾਂ ਨੂੰ ਵੱਡੀ ਰਾਹਤ ਮਿਲੇਗੀ ਤੇ ਆਰ.ਟੀ.ਈ. ਐਕਟ ਦੇ ਨਿਯਮਾਂ ਦੀ ਪਾਲਣਾ ਹਿੱਤ ਟੈੱਟ ਦੀ ਪ੍ਰੀਖਿਆ ਦੀ ਸ਼ਰਤ ਨਵੀਂਆਂ ਭਰਤੀਆਂ 'ਤੇ ਲਾਗੂ ਹੋਵੇਗੀ | ਉਧਰ ਪੰਜਾਬ ਸਰਕਾਰ ਦੇ ਸਿੱਖਿਆ ਵਿਭਾਗ ਨੇ ਅਧਿਆਪਕ ਯੋਗਤਾ ਟੈਸਟ ਦੀ ਨਵੀਂ ਤਰੀਕ 19 ਅਪ੍ਰੈਲ ਪਹਿਲਾਂ ਹੀ ਐਲਾਨ ਦਿੱਤੀ ਹੈ |
ਪੰਜਾਬ ਰਾਜ ਅਧਿਆਪਕ ਯੋਗਤਾ ਟੈਸਟ 'ਚ 55.02% ਉਮੀਦਵਾਰਾਂ ਨੇ ਮਾਰੀ ਬਾਜ਼ੀ <br/>
ਅਜੀਤ ਡੈਸਕ
10-04-2026