ਐੱਸ. ਏ. ਐੱਸ. ਨਗਰ, 10 ਅਪ੍ਰੈਲ (ਤਰਵਿੰਦਰ ਸਿੰਘ ਬੈਨੀਪਾਲ)-ਪੰਜਾਬ ਸਕੂਲ ਸਿੱਖਿਆ ਬੋਰਡ ਵਲੋਂ ਅਕਾਦਮਿਕ ਸਾਲ 2025-26 ਦੀ 8ਵੀਂ ਸ਼੍ਰੇਣੀ ਦੀ ਸਾਲਾਨਾ ਪ੍ਰੀਖਿਆ ਦਾ ਨਤੀਜਾ ਐਲਾਨ ਦਿੱਤਾ ਗਿਆ, ਜਿਸ ਅਨੁਸਾਰ ਸਰਸਵਤੀ ਸੀਨੀਅਰ ਸੈਕੰਡਰੀ ਸਕੂਲ ਜੈਤੋ (ਫ਼ਰੀਦਕੋਟ) ਦੀ ਵਿਦਿਆਰਥਣ ਤਮੰਨਾ ਸਪੁੱਤਰੀ ਨਰਿੰਦਰ ਕੁਮਾਰ/ਸੁਨੀਤਾ ਰੋਲ ਨੰਬਰ 8026236105 ਨੇ 600 ਅੰਕਾਂ 'ਚੋਂ 600 ਅੰਕ (100 ਫ਼ੀਸਦੀ) ਪ੍ਰਾਪਤ ਕਰਕੇ ਸੂਬੇ ਭਰ 'ਚੋਂ ਪਹਿਲਾ, ਸਰਕਾਰੀ ਮਿਡਲ ਸਕੂਲ ਅਰਕਵਾਸ (ਸੰਗਰੂਰ) ਦੀ ਵਿਦਿਆਰਥਣ ਜਪਨੀਤ ਕੌਰ ਸਪੁੱਤਰੀ ਕੁਲਦੀਪ ਸਿੰਘ/ਜਗਦੀਪ ਕੌਰ ਰੋਲ ਨੰਬਰ 8026921281 ਨੇ 600 'ਚੋਂ 598 (99.67 ਫ਼ੀਸਦੀ) ਅੰਕ ਪ੍ਰਾਪਤ ਕਰਕੇ (ਉਮਰ ਦੇ ਆਧਾਰ 'ਤੇ) ਦੂਜਾ ਸਥਾਨ ਅਤੇ ਸੰਤ ਮੋਹਨ ਦਾਸ ਮੈਮੋਰੀਅਲ ਸੀਨੀਅਰ ਸੈਕੰਡਰੀ ਸਕੂਲ ਕੋਟ ਸੁਖੀਆ (ਫ਼ਰੀਦਕੋਟ) ਦੀ ਵਿਦਿਆਰਥਣ ਜਸ਼ਨਦੀਪ ਕੌਰ ਸਪੁੱਤਰੀ ਹਰਪ੍ਰੀਤ ਸਿੰਘ/ ਕੁਲਵਿੰਦਰ ਕੌਰ ਰੋਲ ਨੰਬਰ 8026238728 ਨੇ 600 'ਚੋਂ 598 (99.67 ਫ਼ੀਸਦੀ) ਅੰਕ ਪ੍ਰਾਪਤ ਕਰਕੇ ਤੀਜਾ ਸਥਾਨ ਹਾਸਿਲ ਕੀਤਾ ਹੈ | ਪੰਜਾਬ ਸਕੂਲ ਸਿੱਖਿਆ ਬੋਰਡ ਦੇ ਨਿਯਮਾਂ ਅਨੁਸਾਰ ਬਰਾਬਰ ਅੰਕ ਪ੍ਰਾਪਤ ਕਰਨ 'ਤੇ ਛੋਟੀ ਉਮਰ ਵਾਲੇ ਪ੍ਰੀਖਿਆਰਥੀ ਨੂੰ ਮੈਰਿਟ 'ਚ ਉੱਚ ਸਥਾਨ ਪ੍ਰਦਾਨ ਕੀਤਾ ਗਿਆ ਹੈ | 8ਵੀਂ ਸ਼੍ਰੇਣੀ ਦੀ ਸਾਲਾਨਾ ਪ੍ਰੀਖਿਆ 'ਚ 10,422 ਸਕੂਲਾਂ ਦੇ ਕੁੱਲ 2,62,966 ਰੈਗੂਲਰ ਪ੍ਰੀਖਿਆਰਥੀਆਂ ਨੇ ਪ੍ਰੀਖਿਆ ਦਿੱਤੀ ਸੀ, ਜਿਨ੍ਹਾਂ 'ਚੋਂ 2,53,789 ਪ੍ਰੀਖਿਆਰਥੀ ਪਾਸ ਹੋਏ ਹਨ ਅਤੇ ਇਨ੍ਹਾਂ ਦੀ ਪਾਸ ਫ਼ੀਸਦ ਦਰ 96.51 ਰਹੀ | ਇਸ ਸਾਲ 9,143 ਪ੍ਰੀਖਿਆਰਥੀਆਂ ਦੀ ਰੀ-ਅਪੀਅਰ ਆਈ ਹੈ, ਜਦਕਿ 34 ਪ੍ਰੀਖਿਆਰਥੀਆਂ ਦਾ ਨਤੀਜਾ ਰੋਕਿਆ ਗਿਆ ਹੈ | ਇਸੇ ਤਰ੍ਹਾਂ 1,23,603 ਲੜਕੀਆਂ ਨੇ ਇਹ ਪ੍ਰੀਖਿਆ ਦਿੱਤੀ ਸੀ, ਜਿਨ੍ਹਾਂ 'ਚੋਂ 1,20,808 ਲੜਕੀਆਂ ਪਾਸ ਹੋਈਆਂ ਹਨ ਅਤੇ ਇਨ੍ਹਾਂ ਦੀ ਪਾਸ ਫ਼ੀਸਦ ਦਰ 97.74 ਰਹੀ ਹੈ | ਇਸੇ ਤਰ੍ਹਾਂ 1,39,355 ਲੜਕਿਆਂ ਨੇ ਇਹ ਪ੍ਰੀਖਿਆ ਦਿੱਤੀ ਸੀ, ਜਿਨ੍ਹਾਂ 'ਚੋਂ 1,32,973 ਲੜਕੇ ਪਾਸ ਹੋਏ ਹਨ ਅਤੇ ਇਨ੍ਹਾਂ ਦੀ ਪਾਸ ਫ਼ੀਸਦ ਦਰ 95.42 ਰਹੀ ਹੈ | ਇਸ ਤੋਂ ਇਲਾਵਾ 8 ਟਰਾਂਸਜੈਂਡਰ ਪ੍ਰੀਖਿਆਰਥੀਆਂ ਨੇ 8ਵੀਂ ਸ਼ੇ੍ਰਣੀ ਦੀ ਸਾਲਾਨਾ ਪ੍ਰੀਖਿਆ ਪਾਸ ਕੀਤੀ ਹੈ | ਜ਼ਿਕਰਯੋਗ ਹੈ ਕਿ 8ਵੀਂ ਸ਼੍ਰੇਣੀ ਦਾ ਨਤੀਜਾ ਅਕਾਦਮਿਕ ਸਾਲ 2024-25 'ਚ 97.30 ਫ਼ੀਸਦੀ ਸੀ, ਜਦਕਿ ਇਸ ਸਾਲ 96.51 ਫ਼ੀਸਦੀ ਰਿਹਾ ਹੈ | ਬੋਰਡ ਵਲੋਂ ਪ੍ਰੀਖਿਆਰਥੀਆਂ ਲਈ ਇਹ ਨਤੀਜਾ ਬੋਰਡ ਦੀ ਵੈੱਬਸਾਈਟ 'ਤੇ ਜਾਰੀ ਕਰ ਦਿੱਤਾ ਗਿਆ ਹੈ | ਬੋਰਡ ਦੇ ਬੁਲਾਰੇ ਅਨੁਸਾਰ ਜਿਹੜੇ ਪ੍ਰੀਖਿਆਰਥੀ ਇਸ ਪ੍ਰੀਖਿਆ 'ਚ ਪਾਸ ਨਹੀਂ ਹੋ ਸਕੇ, ਉਨ੍ਹਾਂ ਦੀ ਸਪਲੀਮੈਂਟਰੀ ਪ੍ਰੀਖਿਆ ਜੂਨ 2026 'ਚ ਕਰਵਾਈ ਜਾਵੇਗੀ, ਜਿਸ ਲਈ ਸੰਬੰਧਿਤ ਪ੍ਰੀਖਿਆਰਥੀ ਵੱਖਰੇ ਤੌਰ 'ਤੇ ਫਾਰਮ ਭਰਨਗੇ |
ਨਤੀਜੇ ਦੀ ਵਿਸ਼ੇਵਾਰ ਪਾਸ ਫ਼ੀਸਦ ਦਰ
ਪੰਜਾਬ ਸਕੂਲ ਸਿੱਖਿਆ ਬੋਰਡ ਵਲੋਂ ਐਲਾਨੇ ਗਏ 8ਵੀਂ ਸ਼੍ਰੇਣੀ ਦੇ ਨਤੀਜੇ ਦੀ ਵਿਸ਼ੇਵਾਰ ਜਾਰੀ ਪਾਸ ਫ਼ੀਸਦੀ ਦਰ ਅਨੁਸਾਰ ਪੰਜਾਬੀ ਪਹਿਲੀ ਭਾਸ਼ਾ ਦੀ ਪਾਸ ਫ਼ੀਸਦ ਦਰ 99.83, ਪੰਜਾਬੀ ਦੂਜੀ ਭਾਸ਼ਾ ਦੀ 99.83 ਫ਼ੀਸਦੀ, ਹਿੰਦੀ ਪਹਿਲੀ ਭਾਸ਼ਾ ਦੀ 99.33 ਫ਼ੀਸਦੀ, ਹਿੰਦੀ ਦੂਜੀ ਭਾਸ਼ਾ ਦੀ 99.12 ਫ਼ੀਸਦੀ, ਉਰਦੂ ਪਹਿਲੀ ਭਾਸ਼ਾ ਦੀ 100 ਫ਼ੀਸਦੀ, ਉਰਦੂ ਦੂਜੀ ਭਾਸ਼ਾ ਦੀ 99.78 ਫ਼ੀਸਦੀ, ਅੰਗਰੇਜ਼ੀ ਭਾਸ਼ਾ ਦੀ 98.28 ਫ਼ੀਸਦੀ, ਗਣਿਤ ਦੀ 99 ਫ਼ੀਸਦੀ, ਵਿਗਿਆਨ ਦੀ 99.49 ਫ਼ੀਸਦੀ, ਸਮਾਜਿਕ ਸਿੱਖਿਆ ਦੀ 99.63 ਫ਼ੀਸਦੀ, ਕੰਪਿਊਟਰ ਸਾਇੰਸ ਦੀ 99.79 ਫ਼ੀਸਦੀ, ਸਿਹਤ ਤੇ ਸਰੀਰਕ ਸਿੱਖਿਆ ਦੀ 99.78 ਅਤੇ ਸੰਸਕਿ੍ਤ ਦੀ 99.78 ਫ਼ੀਸਦੀ ਰਹੀ ਹੈ |
8ਵੀਂ ਦੇ ਨਤੀਜੇ 'ਚ ਜੈਤੋ ਦੀ ਤਮੰਨਾ ਨੇ ਮਾਰੀ ਬਾਜ਼ੀ
ਅਜੀਤ ਡੈਸਕ
11-04-2026