• 92 ਸਾਲ ਦੀ ਉਮਰ 'ਚ ਲਏ ਆਖ਼ਰੀ ਸਾਹ • ਦੇਸ਼ ਭਰ 'ਚ ਸੋਗ
ਮੁੰਬਈ, 12 ਅਪ੍ਰੈਲ (ਏਜੰਸੀ)-ਭਾਰਤੀ ਸੰਗੀਤ ਦੀ ਦੁਨੀਆ ਦਾ ਇਕ ਚਮਕਦਾ ਸਿਤਾਰਾ ਅੱਜ ਹਮੇਸ਼ਾ ਲਈ ਖ਼ਾਮੋਸ਼ ਹੋ ਗਿਆ | ਮਹਾਨ ਪਿਠਵਰਤੀ ਗਾਇਕਾ ਆਸ਼ਾ ਭੋਸਲੇ ਦਾ 92 ਸਾਲ ਦੀ ਉਮਰ 'ਚ ਮੁੰਬਈ ਦੇ ਇਕ ਹਸਪਤਾਲ 'ਚ ਦਿਹਾਂਤ ਹੋ ਗਿਆ | ਆਸ਼ਾ ਜੋ ਮੰਗੇਸ਼ਕਰ ਭੈਣਾਂ 'ਚੋਂ ਇਕ ਸੀ ਤੇ ਜਿਨ੍ਹਾਂ ਦੀ ਪ੍ਰਤਿਭਾ ਦੀ ਕੋਈ ਸਾਨੀ ਨਹੀਂ ਸੀ, ਉਨ੍ਹਾਂ ਨੂੰ ਸਨਿਚਰਵਾਰ ਸ਼ਾਮ ਨੂੰ ਛਾਤੀ 'ਚ ਇਨਫੈਕਸ਼ਨ, ਥਕਾਵਟ ਅਤੇ ਦਿਲ ਦੀਆਂ ਤਕਲੀਫ਼ਾਂ ਕਾਰਨ ਬਰੀਚ ਕੈਂਡੀ ਹਸਪਤਾਲ 'ਚ ਦਾਖ਼ਲ ਕਰਵਾਇਆ ਗਿਆ ਸੀ | ਇਹ ਜਾਣਕਾਰੀ ਉਨ੍ਹਾਂ ਦੀ ਪੋਤੀ ਜਨਾਈ ਭੋਸਲੇ ਨੇ ਦਿੱਤੀ | ਉਨ੍ਹਾਂ ਦੇ ਜਾਣ ਨਾਲ ਭਾਰਤੀ ਸਿਨੇਮਾ ਅਤੇ ਗਾਇਕੀ ਦੇ ਇਕ ਸੁਨਹਿਰੀ ਯੁੱਗ ਦਾ ਅੰਤ ਹੋ ਗਿਆ | ਉਨ੍ਹਾਂ ਨੇ ਆਪਣੇ ਦਹਾਕਿਆਂ ਲੰਬੇ ਕਰੀਅਰ 'ਚ ਹਜ਼ਾਰਾਂ ਗੀਤ ਗਾਏ ਅਤੇ ਕਈ ਪੀੜ੍ਹੀਆਂ ਦੇ ਦਿਲਾਂ 'ਤੇ ਰਾਜ ਕੀਤਾ | ਉਨ੍ਹਾਂ ਦੇ ਦਿਹਾਂਤ ਦੀ ਖ਼ਬਰ ਸੁਣਦਿਆਂ ਹੀ ਪੂਰੇ ਦੇਸ਼ 'ਚ ਸੋਗ ਦੀ ਲਹਿਰ ਦੌੜ ਗਈ | ਆਸ਼ਾ ਨੇ ਸਰੋਤਿਆਂ ਨੂੰ 'ਆਜਾ, ਆਜਾ' ਵਰਗੇ ਗੀਤਾਂ 'ਤੇ ਨਚਾਇਆ ਅਤੇ 'ਚੈਨ ਸੇ ਹਮ ਕੋ ਕਭੀ' ਰਾਹੀਂ ਗੁਆਚੇ ਪਿਆਰ ਦਾ ਦਰਦ ਮਹਿਸੂਸ ਕਰਵਾਇਆ | ਉਨ੍ਹਾਂ ਆਪਣੀ ਭੈਣ ਲਤਾ ਮੰਗੇਸ਼ਕਰ ਨਾਲ ਮਿਲ ਕੇ ਸੱਤ ਦਹਾਕਿਆਂ ਤੱਕ ਹਿੰਦੀ ਪਿਠਵਰਤੀ ਗਾਇਕੀ ਦੀ ਦੁਨੀਆ 'ਤੇ ਰਾਜ ਕੀਤਾ | ਬਾਲੀਵੁੱਡ 'ਚ ਮੁੱਖ ਅਦਾਕਾਰਾਂ ਲਈ ਰਿਕਾਰਡ ਕੀਤੇ ਗਏ ਲਗਪਗ ਹਰ ਗਾਣੇ 'ਚ ਇਨ੍ਹਾਂ ਦੋਵਾਂ ਭੈਣਾਂ ਨੇ ਆਪਣੀ ਆਵਾਜ਼ ਦਿੱਤੀ |
12,000 ਤੋਂ ਵੱਧ ਗੀਤ ਰਿਕਾਰਡ ਕੀਤੇ
ਆਸ਼ਾ ਭੋਸਲੇ ਨੇ ਅੱਠ ਦਹਾਕਿਆਂ ਤੋਂ ਵੱਧ ਲੰਮੇ ਸਫ਼ਰ ਦÏਰਾਨ 12,000 ਤੋਂ ਵੱਧ ਗੀਤ ਰਿਕਾਰਡ ਕੀਤੇ | ਉਨ੍ਹਾਂ ਦਾ ਪਹਿਲਾ ਗਾਣਾ 1943 'ਚ ਜਦੋਂ ਉਹ 10 ਸਾਲ ਦੀ ਸੀ, ਮਰਾਠੀ ਫਿਲਮ 'ਮਾਝਾ ਬਾਲ' ਲਈ ਰਿਕਾਰਡ ਕੀਤਾ ਗਿਆ ਸੀ | ਉਨ੍ਹਾਂ ਨੇ 2010 ਦੇ ਅਖੀਰ ਤੱਕ ਅਤੇ ਉਸ ਤੋਂ ਬਾਅਦ ਵੀ ਗਾਉਣਾ ਜਾਰੀ ਰੱਖਿਆ, ਜਿਸ ਨਾਲ ਉਹ ਆਲਮੀ ਸੰਗੀਤ ਦੇ ਇਤਿਹਾਸ 'ਚ ਸਭ ਤੋਂ ਲੰਮੇ ਸਮੇਂ ਤੱਕ
ਗਾਉਣ ਵਾਲੀਆਂ ਗਾਇਕਾਵਾਂ 'ਚੋਂ ਇਕ ਬਣ ਗਏ | ਲਤਾ ਦੇ ਉਲਟ ਆਸ਼ਾ ਦੀ ਆਵਾਜ਼ ਹਮੇਸ਼ਾਂ ਸਥਿਰ ਤੇ ਤਾਜ਼ਾ ਬਣੀ ਰਹੀ, ਇਥੋਂ ਤੱਕ ਕਿ ਜਦੋਂ ਉਹ 80 ਸਾਲ ਦੀ ਉਮਰ 'ਚ ਵੀ ਗਾ ਰਹੀ ਸੀ, ਉਦੋਂ ਵੀ ਉਸ ਦੀ ਆਵਾਜ਼ 'ਚ ਉਹੋ ਦਮ ਤੇ ਤਾਜ਼ਗੀ ਸੀ | ਲਤਾ ਦਾ ਦਿਹਾਂਤ ਵੀ ਫਰਵਰੀ 2022 'ਚ 92 ਸਾਲ ਦੀ ਉਮਰ 'ਚ ਹੀ ਹੋਇਆ ਸੀ | ਆਸ਼ਾ ਨੂੰ ਅੱਜ ਵੀ 'ਉਮਰਾਓ ਜਾਨ' ਦੀਆਂ ਗ਼ਜ਼ਲਾਂ ਲਈ ਯਾਦ ਕੀਤਾ ਜਾਂਦਾ ਹੈ | ਉਨ੍ਹਾਂ ਨੇ ਇਸ ਫਿਲਮ ਲਈ ਰਾਸ਼ਟਰੀ ਫਿਲਮ ਐਵਾਰਡ ਜਿੱਤਿਆ ਸੀ | ਉਨ੍ਹਾਂ ਨੇ ਸੰਗੀਤ ਦੀ ਦੁਨੀਆ 'ਚ ਆਪਣੀ ਇਕ ਵੱਖਰੀ ਪਛਾਣ ਬਣਾਈ | ਪਹਿਲਾਂ ਉਨ੍ਹਾਂ ਨੇ ਓ.ਪੀ. ਨਈਅਰ ਨਾਲ ਮਿਲ ਕੇ ਜੋਸ਼ੀਲੇ ਗੀਤ ਗਾਏ ਅਤੇ ਬਾਅਦ ਵਿਚ ਆਰ. ਡੀ. ਬਰਮਨ ਨਾਲ ਮਿਲ ਕੇ ਹਰ ਤਰ੍ਹਾਂ ਦੀਆਂ ਭਾਵਨਾਵਾਂ ਨਾਲ ਭਰੇ ਯਾਦਗਾਰੀ ਗੀਤ ਪੇਸ਼ ਕੀਤੇ |
ਸਭ ਤੋਂ ਮਸ਼ਹੂਰ ਗੀਤ
ਆਸ਼ਾ ਦੇ ਸਭ ਤੋਂ ਮਸ਼ਹੂਰ ਗੀਤਾਂ 'ਚ 'ਅਭੀ ਨਾ ਜਾਓ ਛੋੜ ਕਰ', 'ਇਨ ਆਂਖੋਂ ਕੀ ਮਸਤੀ', 'ਦਿਲ ਚੀਜ਼ ਕਿਆ ਹੈ', 'ਪੀਆ ਤੂੰ ਅਬ ਤੋਂ ਆਜਾ', 'ਦੁਨੀਆ ਮੇਂ ਲੋਗੋਂ ਕੋ' ਅਤੇ 'ਜ਼ਰਾ ਸਾ ਝੂਮ ਲੂ ਮੈਂ' ਸ਼ਾਮਿਲ ਹਨ | ਸਾਲ 2023 'ਚ ਉਨ੍ਹਾਂ ਨੇ ਆਪਣੇ 90ਵੇਂ ਜਨਮ ਦਿਨ ਮÏਕੇ ਦੁਬਈ 'ਚ ਰੱਖੇ ਗਏ ਇਕ ਖ਼ਾਸ ਪ੍ਰੋਗਰਾਮ 'ਆਸ਼ਾ 90: ਲਾਈਵ ਇਨ ਕੰਸਰਟ' ਵਿਚ ਸ਼ਾਨਦਾਰ ਪੇਸ਼ਕਾਰੀ ਦਿੱਤੀ ਸੀ | ਉਨ੍ਹਾਂ ਕਈ ਮਸ਼ਹੂਰ ਅਦਾਕਾਰਾਂ ਲਈ ਆਪਣੀ ਆਵਾਜ਼ ਦਿੱਤੀ-ਮੀਨਾ ਕੁਮਾਰੀ, ਮਧੁਬਾਲਾ ਤੇ ਜ਼ੀਨਤ ਅਮਾਨ ਤੋਂ ਲੈ ਕੇ ਕਾਜੋਲ ਤੇ ਉਰਮਿਲਾ ਮਾਤੋਂਡਕਰ ਤੱਕ, ਨਾਲ ਹੀ ਦੱਖਣ ਭਾਰਤੀ ਸਿਨੇਮਾਂ ਦੀਆਂ ਅਦਾਕਾਰਾਂ ਜਿਵੇਂ ਪਦਮਨੀ ਤੇ ਵੈਜੰਤੀਮਾਲਾ ਲਈ ਵੀ ਉਨ੍ਹਾਂ ਨੇ ਗਾਇਆ |
1933 ਨੂੰ ਮਹਾਰਾਸ਼ਟਰ ਦੇ ਸਾਂਗਲੀ 'ਚ ਹੋਇਆ ਸੀ ਜਨਮ
8 ਸਤੰਬਰ 1933 ਨੂੰ ਮਹਾਰਾਸ਼ਟਰ ਦੇ ਸਾਂਗਲੀ 'ਚ ਜਨਮੀ ਆਸ਼ਾ ਭੋਸਲੇ ਨੂੰ ਵੀ ਉਨ੍ਹਾਂ ਦੀ ਭੈਣ ਵਾਂਗ ਹੀ ਪਿਤਾ ਦੀਨਾਨਾਥ ਮੰਗੇਸ਼ਕਰ ਨੇ ਸੰਗੀਤ ਦੀ ਸ਼ੁਰੂਆਤੀ ਸਿੱਖਿਆ ਦਿੱਤੀ ਸੀ | ਚਾਰ ਭੈਣਾਂ 'ਚੋਂ ਲਤਾ, ਊਸ਼ਾ ਅਤੇ ਆਸ਼ਾ ਪਿਠਵਰਤੀ ਗਾਇਕਾ ਸਨ ਜਦਕਿ ਮੀਨਾ ਸੰਗੀਤਕਾਰ ਹੈ | ਇਸੇ ਤਰ੍ਹਾਂ ਉਨ੍ਹਾਂ ਦਾ ਭਰਾ ਹਿਰਦੇਨਾਥ ਮੰਗੇਸ਼ਕਰ ਵੀ ਸੰਗੀਤ ਨਾਲ ਜੁੜੇ ਹੋਏ ਹਨ | ਆਸ਼ਾ ਨੇ ਜਦੋਂ ਉਹ 16 ਸਾਲਾਂ ਦੀ ਸੀ, ਗਣਪਤਰਾਓ ਭੋਸਲੇ ਨਾਲ ਵਿਆਹ ਕੀਤਾ ਸੀ, ਬਾਅਦ 'ਚ ਉਨ੍ਹਾਂ ਆਪਣੇ ਸਹਿਯੋਗੀ ਤੇ ਸੰਗੀਤਕਾਰ ਆਰ.ਡੀ. ਬਰਮਨ ਨਾਲ ਵਿਆਹ ਕੀਤਾ | ਉਨ੍ਹਾਂ ਦੇ ਪਰਿਵਾਰ 'ਚ ਬੇਟੇ ਆਨੰਦ ਤੇ ਪੋਤੇ-ਪੋਤੀਆਂ ਹਨ |
ਸਨਮਾਨ
ਬਹੁਤ ਸਾਰੇ ਸਨਮਾਨ ਹਾਸਲ ਕਰਨ ਵਾਲੀ ਆਸ਼ਾ ਭੋਸਲੇ ਇਕ ਸਫ਼ਲ ਕਾਰੋਬਾਰੀ ਵੀ ਸਨ ਅਤੇ ਦੁਬਈ ਤੇ ਯੂ.ਕੇ. 'ਚ 'ਆਸ਼ਾ' ਨਾਂਅ ਦੇ ਮਸ਼ਹੂਰ ਰੈਸਟੋਰੈਂਟ ਚਲਾਉਂਦੇ ਸਨ | ਉਨ੍ਹਾਂ ਨੇ ਆਪਣੇ ਕਰੀਅਰ 'ਚ ਦਾਦਾ ਸਾਹਿਬ ਫਾਲਕੇ, ਪਦਮ ਵਿਭੂਸ਼ਣ ਅਤੇ ਰਾਸ਼ਟਰੀ ਪੁਰਸਕਾਰ ਅਤੇ ਸੰਗੀਤ ਜਗਤ 'ਚ ਕਈ ਵਕਾਰੀ ਸਨਮਾਨ ਹਾਸਿਲ ਕੀਤੇ |
ਸੰਗੀਤ ਜਗਤ ਨੂੰ ਵੱਡਾ ਸਦਮਾ ਉੱਘੀ ਗਾਇਕਾ ਆਸ਼ਾ ਭੋਂਸਲੇ ਨਹੀਂ ਰਹੇ <br/>
ਅਜੀਤ ਡੈਸਕ
13-04-2026