23-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 17-04-2026

ਕੇਂਦਰ ਅੱਜ ਕਰ ਸਕਦਾ ਹੈ ਕਣਕ ਦੀ ਖਰੀਦ ਲਈ ਮਾਪਦੰਡਾਂ 'ਚ ਛੋਟਾਂ ਦਾ ਐਲਾਨ

Ad Position 21
No active advertisement
ਅਜੀਤ ਡੈਸਕ 17-04-2026

ਭਾਰਤੀ ਖ਼ੁਰਾਕ ਨਿਗਮ ਚੰਡੀਗੜ੍ਹ ਨੇ ਲਿਖੀ ਚਿੱਠੀ
ਜਲੰਧਰ/ਮੂਣਕ, 16 ਅਪ੍ਰੈਲ (ਸ਼ਿਵ ਸ਼ਰਮਾ, ਕੇਵਲ ਸਿੰਗਲਾ)-ਭਾਰਤੀ ਖ਼ੁਰਾਕ ਨਿਗਮ ਚੰਡੀਗੜ੍ਹ ਦਫਤਰ ਵਲੋਂ ਅੱਜ ਕਣਕ ਦੀ ਖ਼ਰਾਬ ਹੋਈ ਫ਼ਸਲ ਦੇ ਮਾਪਦੰਡਾਂ ਵਿਚ ਛੋਟ ਦੇਣ ਲਈ ਅੱਜ ਮੁੱਖ ਦਫਤਰ ਨੂੰ ਵਿਚਾਰਾਂ ਕੀਤੇ ਜਾਣ ਦੀ ਸਿਫ਼ਾਰਸ਼ ਤੋਂ ਬਾਅਦ ਕੇਂਦਰ ਵਲੋਂ ਪੰਜਾਬ ਨੂੰ ਕਣਕ ਖ਼ਰੀਦ ਮਾਮਲੇ ਦੇ ਮਾਪਦੰਡਾਂ ਵਿਚ ਛੋਟਾਂ ਦੇਣ ਦਾ ਕਿਸੇ ਵੇਲੇ ਵੀ ਐਲਾਨ ਸੰਭਵ ਦੱਸਿਆ ਜਾ ਰਿਹਾ ਹੈ | ਇਸ ਤੋਂ ਪਹਿਲਾਂ ਕੇਂਦਰ ਸਰਕਾਰ ਵਲੋਂ ਰਾਜਸਥਾਨ ਅਤੇ ਹਰਿਆਣਾ ਨੂੰ ਕਣਕ ਖ਼ਰੀਦ ਵਿਚ ਛੋਟ ਦੇਣ ਤੋਂ ਬਾਅਦ ਪੰਜਾਬ ਨੂੰ ਸੀਜਨ 2026-27 ਦੀ ਕਣਕ ਖ਼ਰੀਦ ਵਿਚ ਛੋਟ ਦੇਣ ਦਾ ਇੰਤਜ਼ਾਰ ਕੀਤਾ ਜਾ ਰਿਹਾ ਸੀ | ਸੂਬੇ ਵਿਚ ਇਸ ਬਾਰ ਹੋਈਆਂ ਬੇਮੌਸਮੀ ਬਾਰਸ਼ਾਂ ਕਰਕੇ ਪੰਜਾਬ ਵਿਚ ਫ਼ਸਲਾਂ ਨੂੰ ਭਾਰੀ ਨੁਕਸਾਨ ਪੁੱਜਾ ਹੈ ਜਿਸ ਕਰਕੇ ਸੂਬੇ ਵਿਚ ਕਣਕ ਦੀ ਖ਼ਰੀਦ ਨੂੰ ਬਰੇਕਾਂ ਲੱਗ ਗਈਆਂ ਹਨ ਤੇ ਹੁਣ ਕੇਂਦਰ ਵਲੋਂ ਕਣਕ ਖ਼ਰੀਦ ਵਿਚ ਦਿੱਤੀ ਜਾਣ ਵਾਲੀ ਛੋਟਾਂ ਦਾ ਇੰਤਜ਼ਾਰ ਕੀਤਾ ਜਾ ਰਿਹਾ ਸੀ ਤੇ ਇਸ ਲਈ ਕੁੱਝ ਦਿਨ ਪਹਿਲਾਂ ਹੀ ਮੁੱਖ ਮੰਤਰੀ ਭਗਵੰਤ ਮਾਨ ਵਲੋਂ ਕੇਂਦਰੀ ਮੰਤਰੀ ਨਾਲ ਮੁਲਾਕਾਤ ਕਰਕੇ ਰਾਹਤ ਦੇਣ ਦੀ ਮੰਗ ਕੀਤੀ ਗਈ ਸੀ ਤੇ ਇਸ ਲਈ ਪੰਜਾਬ ਸਰਕਾਰ ਵਲੋਂ ਵੀ ਕੇਂਦਰ ਸਰਕਾਰ ਨੂੰ ਚਿੱਠੀ ਲਿਖੀ ਗਈ ਸੀ | ਹੁਣ ਚੰਡੀਗੜ੍ਹ ਸਥਿਤ ਭਾਰਤੀ ਖ਼ੁਰਾਕ ਨਿਗਮ ਦਫਤਰ ਵਲੋਂ ਇਸ ਮਾਮਲੇ ਵਿਚ ਕੇਂਦਰੀ ਏਜੰਸੀ ਮਾਪਦੰਡਾਂ ਵਾਲੀ ਰਿਪੋਰਟ ਭੇਜ ਦਿੱਤੀ ਗਈ ਹੈ | ਇਹ ਰਿਪੋਰਟ ਅੱਜ ਹੀ ਭੇਜੀ ਗਈ ਹੈ ਤੇ ਏਜੰਸੀ ਵਲੋਂ ਨਮੂਨਿਆਂ ਦੀ ਜਾਂਚ ਤੋਂ ਬਾਅਦ ਹੁਣ ਕਿਸਾਨਾਂ ਨੂੰ ਰਾਹਤ ਮਿਲਣ ਦੀ ਸੰਭਾਵਨਾ ਜ਼ਾਹਿਰ ਕੀਤੀ ਜਾ ਰਹੀ ਹੈ | ਕੇਂਦਰ ਵਲੋਂ ਕਣਕ ਫ਼ਸਲ ਦੇ ਹੋਏ ਨੁਕਸਾਨ ਦਾ ਜਾਇਜ਼ਾ ਲੈਣ ਲਈ ਜਿਹੜੀ ਟੀਮ ਭੇਜੀ ਗਈ ਸੀ ਤੇ ਉਕਤ ਟੀਮ ਵਲੋਂ ਕਣਕ ਦੇ ਦਾਣਿਆਂ ਦੇ ਨਮੂਨੇ ਲਏ ਗਏ ਸਨ | ਉਨਾਂ ਨਮੂਨਿਆਂ ਦੀ ਜਾਂਚ ਤੋਂ ਬਾਅਦ ਭਾਰਤੀ ਖ਼ੁਰਾਕ ਨਿਗਮ ਦੇ ਚੰਡੀਗੜ੍ਹ ਸਥਿਤ ਦਫਤਰ ਨੇ ਕੇਂਦਰ ਨੂੰ ਨੁਕਸਾਨੀ ਗਏ ਫ਼ਸਲ ਵਿਚ ਮਾਪਦੰਡਾਂ ਵਿਚ ਛੋਟ ਦੀ ਸਿਫ਼ਾਰਸ਼ ਕੀਤੀ ਹੈ | ਇਨ੍ਹਾਂ ਸਿਫ਼ਾਰਸ਼ਾਂ ਵਿਚ ਏਜੰਸੀ ਵਲੋਂ ਰੰਗ ਬਦਲੇ ਹੋਏ ਦਾਣਿਆਂ ਵਿਚ ਕਟੌਤੀ ਤੋਂ ਬਿਨਾਂ 80 ਫੀਸਦੀ ਤੱਕ ਛੋਟ ਦੇਣ ਦੀ ਸਿਫ਼ਾਰਸ਼ ਕੀਤੀ ਗਈ ਹੈ | ਇਸ ਤੋਂ ਇਲਾਵਾ ਬਾਰਸ਼ਾਂ ਕਰਕੇ ਕਣਕ ਦੇ ਜਿਹੜੇ ਦਾਣੇ ਪੂਰੀ ਤਰਾਂ ਨਾਲ ਵਿਕਸਿਤ ਨਹੀਂ ਹੋਏ ਹਨ ਤੇ ਉਹ ਬਾਰੀਕ ਰਹਿ ਗਏ ਹਨ | ਉਨਾਂ ਵਿਚ ਕਟੌਤੀ ਤੋਂ ਬਿਨਾਂ 20 ਫੀਸਦੀ ਤੱਕ ਛੋਟ ਦੇਣ ਦੀ ਸਿਫ਼ਾਰਸ਼ ਕੀਤੀ ਗਈ ਹੈ ਤੇ ਕਣਕ ਦੇ ਥੋੜੇ੍ਹ ਖ਼ਰਾਬ ਹੋਏ ਦਾਣਿਆਂ ਵਾਲੀ ਕਣਕ ਦੇ ਮਾਪਦੰਡਾਂ ਵਿਚ 6 ਫੀਸਦੀ ਤੱਕ ਮਾਪਦੰਡ ਵਿਚ ਛੋਟ ਦੇਣ ਦੀ ਸਿਫ਼ਾਰਸ਼ ਕੀਤੀ ਗਈ ਹੈ | ਚੰਡੀਗੜ੍ਹ ਦਫਤਰ ਵਲੋਂ ਕੇਂਦਰ ਏਜੰਸੀ ਦੇ ਅਧਿਕਾਰੀਆਂ ਨੂੰ ਅੱਜ ਹੀ ਰਿਪੋਰਟ ਭੇਜੀ ਗਈ ਹੈ | ਰਿਪੋਰਟ ਭੇਜਣ ਤੋਂ ਬਾਅਦ ਸੂਬੇ ਵਿਚ ਕਣਕ ਖ਼ਰੀਦ ਦਾ ਕੰਮ ਤੇਜ਼ੀ ਨਾਲ ਸ਼ੁਰੂ ਹੋਣ ਦੀ ਸੰਭਾਵਨਾ ਜ਼ਾਹਿਰ ਕੀਤੀ ਜਾ ਰਹੀ ਹੈ | ਹੁਣ ਤੱਕ ਖ਼ਰੀਦ ਏਜੰਸੀਆਂ ਵੀ ਕਣਕ ਖ਼ਰੀਦ ਤੋਂ ਇਸ ਕਰਕੇ ਵੀ ਬਚਦੀਆਂ ਰਹੀਆਂ ਸੀ ਕਿਉਂਕਿ ਜ਼ਿਆਦਾ ਨਮੀ ਵਾਲੀ ਕਣਕ ਖ਼ਰੀਦ ਦਾ ਬਾਅਦ ਵਿਚ ਭਾਰ ਘਟਣ 'ਤੇ ਇਸ ਦਾ ਨਜ਼ਲਾ ਖ਼ਰੀਦ ਏਜੰਸੀਆਂ 'ਤੇ ਡਿਗ ਜਾਂਦਾ ਸੀ | ਉਂਜ ਕੁੱਝ ਮੰਡੀਆਂ ਵਿਚ ਜਿਸ ਕਣਕ ਨੂੰ ਮਾਪਦੰਡਾਂ ਵਿਚ ਛੋਟ ਦੀ ਲੋੜ ਨਹੀਂ ਸੀ, ਉਨਾਂ ਨੂੰ ਬਾਰਦਾਨੇ ਵਿਚ ਭਰਵਾ ਲਿਆ ਦੱਸਿਆ ਜਾਂਦਾ ਹੈ ਕਿ ਜਦੋਂ ਛੋਟ ਦਾ ਐਲਾਨ ਹੋ ਜਾਵੇਗਾ ਤਾਂ ਉਸ ਤੋਂ ਬਾਅਦ ਇਸ ਦੀ ਰਸਮੀ ਤੌਰ 'ਤੇ ਖ਼ਰੀਦ ਹੋ ਜਾਵੇਗੀ |

Ad Position 22
No active advertisement
ਪਿਛਲੀ ਖ਼ਬਰ ਹਾਫ਼ਿਜ਼ ਸਈਦ ਦੇ ਕਰੀਬੀ ਅਮੀਰ ਹਮਜ਼ਾ ਨੂੰ ਲਾਹੌਰ 'ਚ ਮਾਰੀ ਗੋਲੀ, ਹਾਲਤ ਗੰਭੀਰ ਅਗਲੀ ਖ਼ਬਰ ਮਥੁਰਾ ਕਿਸ਼ਤੀ ਹਾਦਸੇ 'ਚ ਲਾਪਤਾ ਆਖਰੀ ਸ਼ਰਧਾਲੂ ਦੀ ਲਾਸ਼ ਮਿਲੀ
Ad Position 24