ਜਲਾਲਾਬਾਦ ਦਾ ਰਹਿਣ ਵਾਲਾ ਸੀ ਪੰਕਜ ਮਲਹੋਤਰਾ
ਮਥੁਰਾ (ਯੂ. ਪੀ.), 16 ਅਪ੍ਰੈਲ (ਪੀ. ਟੀ. ਆਈ.)-ਯਮੁਨਾ ਨਦੀ ਤੋਂ ਆਖਰੀ ਲਾਪਤਾ ਸ਼ਰਧਾਲੂ ਦੀ ਲਾਸ਼ ਬਰਾਮਦ ਹੋਣ ਤੋਂ ਬਾਅਦ ਵਰਿੰਦਾਵਨ ਕਿਸ਼ਤੀ ਪਲਟਣ ਦੀ ਘਟਨਾ 'ਚ ਮਰਨ ਵਾਲਿਆਂ ਦੀ ਗਿਣਤੀ 16 ਹੋ ਗਈ ਹੈ | ਪੁਲਿਸ ਸੁਪਰਡੈਂਟ (ਦਿਹਾਤੀ) ਸੁਰੇਸ਼ ਚੰਦਰ ਰਾਵਤ ਨੇ ਕਿਹਾ ਕਿ ਪੰਜਾਬ ਦੇ ਫਾਜ਼ਿਲਕਾ ਜ਼ਿਲ੍ਹੇ ਦੇ ਜਲਾਲਾਬਾਦ ਦੇ ਰਹਿਣ ਵਾਲੇ ਪੰਕਜ ਮਲਹੋਤਰਾ (40) ਦੀ ਲਾਸ਼ ਹਫ਼ਤੇ ਭਰ ਚੱਲੇ ਤਲਾਸ਼ੀ ਆਪ੍ਰੇਸ਼ਨ ਤੋਂ ਬਾਅਦ ਪਾਣੀਘਾਟ ਪੁਲ ਦੇ ਹੇਠਾਂ ਮਿਲੀ | ਉਨ੍ਹਾਂ ਕਿਹਾ ਕਿ ਬਰਾਮਦਗੀ ਦੇ ਨਾਲ ਹਾਦਸੇ ਤੋਂ ਬਾਅਦ ਲਾਪਤਾ ਹੋਏ ਸਾਰੇ ਸ਼ਰਧਾਲੂਆਂ ਦਾ ਹੁਣ ਪਤਾ ਲੱਗ ਗਿਆ ਹੈ | ਹਿਮਾਚਲ ਪ੍ਰਦੇਸ਼ ਦੇ ਕਾਂਗੜਾ 'ਚ ਇਕ ਸਟੀਲ ਫੈਕਟਰੀ 'ਚ ਮੈਨੇਜਰ ਵਜੋਂ ਕੰਮ ਕਰਨ ਵਾਲਾ ਮਲਹੋਤਰਾ ਲੁਧਿਆਣਾ ਦੇ ਜਗਰਾਉਂ ਤੋਂ ਸ਼ਰਧਾਲੂਆਂ ਦੇ ਇਕ ਸਮੂਹ ਦਾ ਹਿੱਸਾ ਸੀ | ਅਧਿਕਾਰੀਆਂ ਨੇ ਦੱਸਿਆ ਕਿ ਇਸ ਹਾਦਸੇ 'ਚ ਕੁੱਲ 16 ਸ਼ਰਧਾਲੂਆਂ ਦੀ ਮÏਤ ਹੋ ਗਈ ਹੈ, ਜਦੋਂ ਕਿ ਅੱਠ ਜ਼ਖ਼ਮੀਆਂ ਨੂੰ ਇਲਾਜ ਤੋਂ ਬਾਅਦ ਛੁੱਟੀ ਦੇ ਦਿੱਤੀ ਗਈ | ਇਹ ਹਾਦਸਾ 10 ਅਪ੍ਰੈਲ ਨੂੰ ਵਾਪਰਿਆ ਸੀ, ਜਦੋਂ ਸ਼ਰਧਾਲੂਆਂ ਨੂੰ ਲੈ ਕੇ ਜਾ ਰਹੀ ਕਿਸ਼ਤੀ ਕੇਸ਼ੀ ਘਾਟ ਨੇੜੇ ਪਲਟ ਗਈ ਸੀ | ਜ਼ਿਲ੍ਹਾ ਮੈਜਿਸਟ੍ਰੇਟ ਚੰਦਰ ਪ੍ਰਕਾਸ਼ ਸਿੰਘ ਨੇ ਪਹਿਲਾਂ ਹੀ ਘਟਨਾ ਦੀ ਮੈਜਿਸਟ੍ਰੇਟ ਜਾਂਚ ਦੇ ਹੁਕਮ ਦੇ ਦਿੱਤੇ ਹਨ ਤੇ ਵਧੀਕ ਜ਼ਿਲ੍ਹਾ ਮੈਜਿਸਟ੍ਰੇਟ (ਵਿੱਤ ਅਤੇ ਮਾਲੀਆ) ਪੰਕਜ ਕੁਮਾਰ ਵਰਮਾ ਨੂੰ ਹਾਦਸੇ ਦੇ ਕਾਰਨਾਂ ਅਤੇ ਸੁਰੱਖਿਆ ਉਪਾਵਾਂ 'ਚ ਕਿਸੇ ਵੀ ਤਰ੍ਹਾਂ ਦੀ ਕਮੀ ਦਾ ਪਤਾ ਲਗਾਉਣ ਦਾ ਕੰਮ ਸੌਂਪਿਆ ਗਿਆ ਹੈ |
ਮਥੁਰਾ ਕਿਸ਼ਤੀ ਹਾਦਸੇ 'ਚ ਲਾਪਤਾ ਆਖਰੀ ਸ਼ਰਧਾਲੂ ਦੀ ਲਾਸ਼ ਮਿਲੀ
ਪੰਕਜ ਮਲਹੋਤਰਾ<br/>
17-04-2026