23-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 17-04-2026

ਮਹਿਲਾ ਰਾਖਵਾਂਕਰਨ ਕਾਨੂੰਨ ਨੂੰ ਸਿਆਸੀ ਰੰਗਤ ਨਾ ਦਿੱਤੀ ਜਾਵੇ-ਨਰਿੰਦਰ ਮੋਦੀ

Ad Position 21
No active advertisement
ਅਜੀਤ ਡੈਸਕ 17-04-2026

ਉੱਤਰ ਹੋਵੇ ਜਾਂ ਦੱਖਣ, ਹੱਦਬੰਦੀ ਅਭਿਆਸ 'ਚ ਕਿਸੇ ਵੀ ਰਾਜ ਨਾਲ ਵਿਤਕਰਾ ਨਹੀਂ ਕੀਤਾ ਜਾਵੇਗਾ
ਕਿਹਾ, ਅੱਜ ਬਿੱਲ ਦਾ ਵਿਰੋਧ ਕਰਨ ਵਾਲੇ ਲੰਬੇ ਸਮੇਂ ਤੱਕ ਕੀਮਤ ਚੁਕਾਉਣਗੇ
ਉਪਮਾ ਡਾਗਾ ਪਾਰਥ

ਨਵੀਂ ਦਿੱਲੀ, 16 ਅਪ੍ਰੈਲ-ਲੋਕ ਸਭਾ ਅਤੇ ਰਾਜਾਂ ਦੀਆਂ ਵਿਧਾਨ ਸਭਾਵਾਂ 'ਚ ਔਰਤਾਂ ਦੇ 33 ਫ਼ੀਸਦੀ ਰਾਖਵੇਂਕਰਨ ਅਤੇ ਹੱਦਬੰਦੀ ਨਾਲ ਸੰਬੰਧਿਤ ਕੇਂਦਰ ਸਰਕਾਰ ਵਲੋਂ ਵਿਸ਼ੇਸ਼ ਇਜਲਾਸ ਸੱਦ ਕੇ ਸੰਸਦ 'ਚ ਲਿਆਂਦੇ ਤਿੰਨ ਬਿੱਲਾਂ ਸੰਵਿਧਾਨਕ ਸੋਧ ਬਿੱੱਲ 2026, ਹੱਦਬੰਦੀ ਬਿੱਲ 2026 ਅਤੇ ਕੇਂਦਰ ਸ਼ਾਸਤ ਸੋਧ ਬਿੱਲ 2026 ਸੰਬੰਧੀ ਵਿਰੋਧੀ ਧਿਰਾਂ ਦੇ ਸ਼ੰਕਿਆਂ ਨੂੰ ਦੂਰ ਕਰਦਿਆਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅਪੀਲ ਕੀਤੀ ਕਿ ਉਹ (ਵਿਰੋਧੀ ਧਿਰਾਂ) ਮਹਿਲਾ ਰਾਖਵਾਂਕਰਨ ਕਾਨੂੰਨ ਨੂੰ ਲਾਗੂ ਕਰਨ ਲਈ ਸਰਕਾਰ ਦੇ ਬਿੱਲਾਂ ਨੂੰ ਰਾਜਨੀਤਿਕ ਰੰਗ ਨਾ ਦੇਣ ਅਤੇ ਨਾਲ ਹੀ ਚਿਤਾਵਨੀ ਦਿੰਦਿਆਂ ਕਿਹਾ ਕਿ ਉਨ੍ਹਾਂ ਨੂੰ ਯਾਦ ਰੱਖਣਾ ਚਾਹੀਦਾ ਹੈ ਕਿ ਜਿਨ੍ਹਾਂ ਨੇ ਪਹਿਲਾਂ ਇਸ ਦਾ ਵਿਰੋਧ ਕੀਤਾ ਸੀ, ਉਨ੍ਹਾਂ ਨੂੰ ਚੋਣਾਂ 'ਚ ਬੁਰੀ ਤਰ੍ਹਾਂ ਨੁਕਸਾਨ ਝੱਲਣਾ ਪਿਆ ਹੈ | ਹੱਦਬੰਦੀ ਸੰਬੰਧੀ ਡਰ ਨੂੰ ਦੂਰ ਕਰਦੇ ਹੋਏ ਉਨ੍ਹਾਂ ਭਰੋਸਾ ਦਿੱਤਾ ਕਿ ਪੂਰਬ ਤੋਂ ਪੱਛਮ ਅਤੇ ਉੱਤਰ ਤੋਂ ਦੱਖਣ ਤੱਕ ਕਿਸੇ ਵੀ ਰਾਜ ਨਾਲ ਕੋਈ ਬੇਇਨਸਾਫ਼ੀ ਨਹੀਂ ਕੀਤੀ ਜਾਵੇਗੀ | ਮਹਿਲਾ ਰਾਖਵਾਂਕਰਨ ਕਾਨੂੰਨ 'ਚ ਸੋਧ ਕਰਨ ਅਤੇ ਹੱਦਬੰਦੀ ਕਮਿਸ਼ਨ ਸਥਾਪਤ ਕਰਨ ਲਈ ਪੇਸ਼ ਕੀਤੇ ਗਏ ਤਿੰਨ ਬਿੱਲਾਂ 'ਤੇ ਲੋਕ ਸਭਾ 'ਚ ਬਹਿਸ 'ਚ ਦਖਲ ਦਿੰਦੇ ਹੋਏ ਮੋਦੀ ਨੇ ਕਿਹਾ ਕਿ ਜੇਕਰ ਸਾਰੇ ਪੱਖ ਬਿੱਲਾਂ ਦਾ ਸਮਰਥਨ ਕਰਦੇ ਹਨ ਤਾਂ ਇਹ ਕਿਸੇ ਇਕ ਪੱਖ ਦੀ ਰਾਜਨੀਤੀ ਦੇ ਹੱਕ 'ਚ ਨਹੀਂ ਜਾਵੇਗਾ, ਬਲਕਿ ਦੇਸ਼ ਦੇ ਹੱਕ 'ਚ ਹੋਵੇਗਾ | ਪ੍ਰਧਾਨ ਮੰਤਰੀ ਨੇ ਸਦਨ 'ਚ ਉਠ ਰਹੀਆਂ ਸਰਕਾਰ ਵਲੋਂ 'ਕ੍ਰੈਡਿਟ' ਲੈਣ ਦੀਆਂ ਆਵਾਜ਼ਾਂ 'ਤੇ ਪ੍ਰਤੀਕਰਮ ਦਿੰਦਿਆਂ ਕਿਹਾ ਕਿ 3 ਦਹਾਕਿਆਂ ਤੱਕ ਇਸ (ਰਾਖਵੇਂਕਰਨ) ਨੂੰ ਫਸਾ ਕੇ ਰੱਖਿਆ, ਹੁਣ ਛੱਡ ਦਿਉ | ਉਨ੍ਹਾਂ ਕਿਹਾ ਕਿ ਕੁਝ ਲੋਕਾਂ ਨੂੰ ਲਗਦਾ ਹੈ ਇਸ 'ਚ ਕਿਤੇ ਨਾ ਕਿਤੇ ਮੋਦੀ ਦਾ ਸਿਆਸੀ ਸੁਆਰਥ ਹੈ | ਉਨ੍ਹਾਂ ਤਨਜ਼ ਕੱਸਦਿਆਂ ਕਿਹਾ ਕਿ ਜੇਕਰ ਇਸਦਾ ਵਿਰੋਧ ਕਰੋਗੇ ਤਾਂ ਸੁਭਾਵਿਕ ਹੈ ਕਿ ਸਿਆਸੀ ਫਾਇਦਾ ਮੈਨੂੰ ਮਿਲੇਗਾ, ਪਰ ਜੇਕਰ ਸਾਥ ਚਲੋਗੇ ਤਾਂ ਫਿਰ ਵੱਖਰਾ ਪਹਿਲੂ ਹੋ ਜਾਏਗਾ | ਉਨ੍ਹਾਂ ਅੱਗੇ ਇਹ ਵੀ ਕਿਹਾ ਕਿ ਸਾਨੂੰ 'ਕ੍ਰੈਡਿਟ' ਨਹੀਂ ਚਾਹੀਦਾ | ਜਿਵੇਂ ਹੀ ਬਿੱਲ ਪਾਸ ਹੋਵੇਗਾ ਉਹ (ਮੋਦੀ) ਇਸ਼ਤਿਹਾਰ ਦੇ ਕੇ, ਸਭ ਦੀ ਤਸਵੀਰ ਛਾਪ ਕੇ ਸਭ ਨੂੰ ਧੰਨਵਾਦ ਦੇਣਗੇ | ਮੋਦੀ ਨੇ ਕਿਹਾ ਕਿ ਉਹ ਸਾਹਮਣਿਓ ਕ੍ਰੈਡਿਟ ਦਾ ਬਲੈਂਕ ਚੈੱਕ ਤੁਹਾਨੂੰ (ਵਿਰੋਧੀ ਧਿਰਾਂ ਨੂੰ ) ਦੇ ਰਹੇ ਹਨ | ਮੋਦੀ ਦੇ ਸੰਬੋਧਨ ਦੌਰਾਨ ਸਮਾਜਵਾਦੀ ਪਾਰਟੀ ਦੇ ਨੇਤਾ ਧਰਮੇਂਦਰ ਯਾਦਵ ਨੇ ਪਛੜੀਆਂ ਜਾਤਾਂ ਨਾਲ ਅਨਿਆਂ ਨਾ ਕਰਨ ਦੀ ਅਪੀਲ ਕਰਦਿਆਂ ਕਿਹਾ ਕਿ ਤੁਸੀਂ ਵੀ ਪਛੜੀ ਜਾਤ ਤੋਂ ਆਉਂਦੇ, ਜਿਸ 'ਤੇ ਮੋਦੀ ਨੇ ਤੁਰੰਤ ਪ੍ਰਤੀਕਰਮ ਕਰਦਿਆਂ ਕਿਹਾ ਉਹ ਧਰਮੇਂਦਰ ਜੀ ਦੇ ਸ਼ੁਕਰਗੁਜ਼ਾਰ ਹਨ ਕਿ ਉਨ੍ਹਾਂ ਨੇ ਉਨ੍ਹਾਂ (ਮੋਦੀ) ਦੀ ਪਛਾਣ ਕਰਵਾ ਦਿੱਤੀ | ਇਹ ਗੱਲ ਸੱਚ ਹੈ ਕਿ ਮੈਂ ਅਤਿ ਪਛੜੇ ਸਮਾਜ ਤੋਂ ਆਉਂਦਾ ਹੈ |
ਅਖਿਲੇਸ਼ ਯਾਦਵ ਅਤੇ ਅਮਿਤ ਸ਼ਾਹ ਵਿਚਾਲੇ ਸ਼ਬਦੀ ਜੰਗ
ਲੋਕ ਸਭਾ 'ਚ ਸਰਕਾਰ ਵਲੋਂ ਪੇਸ਼ ਕੀਤੇ ਤਿੰਨੋਂ ਬਿੱਲਾਂ ਦਾ ਵਿਰੋਧ ਕਰਦਿਆਂ ਸਮਾਜਵਾਦੀ ਪਾਰਟੀ ਦੇ ਮੁੱਖ ਅਖਿਲੇਸ਼ ਯਾਦਵ ਅਤੇ ਪਾਰਟੀ ਦੇ ਸੰਸਦ ਮੈਂਬਰ ਧਰਮੇਂਦਰ ਯਾਦਵ ਨੇ ਜਾਤ ਆਧਾਰਿਤ ਮਰਦਮਸ਼ੁਮਾਰੀ ਤੋਂ ਪਿੱਛੇ ਹਟਣ ਅਤੇ ਮੁਸਲਮਾਨ ਔਰਤਾਂ ਨੂੰ ਵੀ ਰਾਖਵਾਂਕਰਨ ਦੇਣ ਦੀ ਮੰਗ ਕੀਤੀ, ਜਿਸ 'ਤੇ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਤਨਜ਼ ਕੱਸਦਿਆਂ ਕਿਹਾ ਕਿ ਧਰਮੇਂਦਰ ਯਾਦਵ ਕਹਿ ਰਹੇ ਹਨ ਕਿ ਜਾਤ ਦਾ ਕਾਲਮ ਨਹੀਂ ਹੈ ਪਰ ਉਨ੍ਹਾਂ ਨੂੰ ਪਤਾ ਹੋਣਾ ਚਾਹੀਦਾ ਹੈ ਕਿ ਹਾਲੇ ਘਰਾਂ ਦੀ ਗਿਣਤੀ ਹੋ ਰਹੀ ਹੈ ਅਤੇ ਘਰਾਂ ਦੀ ਕੋਈ ਜਾਤ ਨਹੀਂ ਹੁੰਦੀ | ਉਨ੍ਹਾਂ ਸਮਾਜਵਾਦੀ ਪਾਰਟੀ ਨੂੰ ਨਿਸ਼ਾਨਾ ਬਣਾਉਂਦਿਆਂ ਕਿਹਾ ਕਿ ਸਮਾਜਵਾਦੀ ਪਾਰਟੀ ਦਾ ਵੱਸ ਚਲੇ ਤਾਂ ਘਰਾਂ ਦੀ ਵੀ ਜਾਤ ਤੈਅ ਕਰ ਦੇਣ |
ਸੰਵਿਧਾਨ ਅਤੇ ਸੰਘੀ ਢਾਂਚੇ ਦੇ ਖ਼ਿਲਾਫ਼ ਹੈ ਬਿੱਲ-ਗੌਰਵ ਗੋਗੋਈ
ਲੋਕ ਸਭਾ 'ਚ ਕਾਂਗਰਸ ਦੇ ਉਪ ਨੇਤਾ ਗੌਰਵ ਗੋਗੋਈ ਨੇ ਸਰਕਾਰ 'ਤੇ ਹੱਦਬੰਦੀ ਨੂੰ ਸਿਆਸੀ ਹਥਿਆਰ ਵਜੋਂ ਵਰਤਣ ਦਾ ਦੋਸ਼ ਲਗਾਇਆ | ਗੋਗੋਈ ਨੇ ਕਿਹਾ ਕਿ ਕਾਂਗਰਸ ਹਮੇਸ਼ਾ ਤੋਂ ਔਰਤਾਂ ਦੇ ਰਾਖਵੇਂਕਰਨ ਦੇ ਪੱਖ 'ਚ ਹੈ, ਪਰ ਇਸ ਨੂੰ ਸੌਖਾ ਬਣਾ ਕੇ ਪੇਸ਼ ਕੀਤਾ ਜਾਏ ਨਾ ਕਿ ਹੱਦਬੰਦੀ ਨਾਲ ਜੋੜਿਆ ਜਾਏ | ਕਾਂਗਰਸ ਨੇਤਾ ਨੇ ਕਿਹਾ ਕਿ ਸਾਲ 2023 'ਚ ਜਦੋਂ 'ਨਾਰੀ ਸ਼ਕਤੀ ਵੰਦਨ' ਬਿੱਲ 'ਤੇ ਬਹਿਸ ਹੋ ਰਹੀ ਸੀ, ਉਸ ਵਲੋਂ ਗ੍ਰਹਿ ਮੰਤਰੀ ਨੇ ਕਿਹਾ ਸੀ ਕਿ ਲੋਕ ਸਭਾ ਚੋਣਾਂ ਤੋਂ ਤੁਰੰਤ ਬਾਅਦ ਮਰਦਮਸ਼ੁਮਾਰੀ, ਉਸ ਤੋਂ ਤੁਰੰਤ ਬਾਅਦ ਹੱਦਬੰਦੀ ਅਤੇ ਫਿਰ ਤੁਰੰਤ ਰਾਖਵਾਂਕਰਨ ਲਾਗੂ ਕੀਤਾ ਜਾਏਗਾ | ਹੁਣ ਸਰਕਾਰ ਕਹਿ ਰਹੀ ਹੈ ਕਿ ਮਰਦਮਸ਼ੁਮਾਰੀ ਅਤੇ ਹੱਦਬੰਦੀ 'ਚ ਕਾਫ਼ੀ ਸਮਾਂ ਲੱਗੇਗਾ |
ਡੀ.ਐਮ.ਕੇ. ਨੇ ਵਿਰੋਧ 'ਚ ਪਾਏ ਕਾਲੇ ਕੱਪੜੇ
ਔਰਤਾਂ ਦੇ ਰਾਖਵੇਂਕਰਨ ਅਤੇ ਹੱਦਬੰਦੀ ਸੰਬੰਧੀ ਬਿੱਲ ਦੇ ਵਿਰੋਧ 'ਚ ਡੀ.ਐਮ.ਕੇ. ਦੇ ਸੰਸਦ ਮੈਂਬਰ ਵੀਰਵਾਰ ਨੂੰ ਨਾਲੇ ਕੱਪੜੇ ਪਾ ਕੇ ਸਦਨ 'ਚ ਆਏ | ਹਾਲਾਂਕਿ, ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਇਸ 'ਤੇ ਤਨਜ਼ ਕੱਸਦਿਆਂ ਕਿਹਾ ਕਿ ਸਾਡੇ ਦੇਸ਼ 'ਚ ਨਜ਼ਰ ਤੋਂ ਬਣਾਉਣ ਲਈ ਕਾਲਾ ਟਿੱਕਾ ਲਗਾਉਂਦੇ ਹਨ | ਅੱਜ ਇਥੇ ਡੀ.ਐਮ.ਕੇ. ਦੇ ਸੰਸਦ ਮੈਂਬਰ ਕਾਲੇ ਕੱਪੜੇ ਪਾ ਕੇ ਆਏ ਹਨ | ਇਸ ਨਾਲ ਇਸ ਬਿੱਲ ਦੀ ਅਹਿਮੀਅਤ ਹੋਰ ਵਧ ਜਾਂਦੀ ਹੈ | ਇਸ ਨਾਲ ਬਿੱਲ ਨੂੰ ਨਜ਼ਰ ਲੱਗਣ ਤੋਂ ਬਚਾਵਾਂਗੇ |

Ad Position 22
No active advertisement
ਪਿਛਲੀ ਖ਼ਬਰ ਮਥੁਰਾ ਕਿਸ਼ਤੀ ਹਾਦਸੇ 'ਚ ਲਾਪਤਾ ਆਖਰੀ ਸ਼ਰਧਾਲੂ ਦੀ ਲਾਸ਼ ਮਿਲੀ ਅਗਲੀ ਖ਼ਬਰ ਹੱਦਬੰਦੀ ਨੂੰ ਸਿਆਸੀ ਹਥਿਆਰ ਵਜੋਂ ਵਰਤ ਰਹੀ ਹੈ ਸਰਕਾਰ-ਵਿਰੋਧੀ ਧਿਰਾਂ
Ad Position 24