ਦੂਜੇ ਪਾਸੇ, ਵਿਰੋਧੀ ਧਿਰਾਂ ਨੇ ਕਿਹਾ ਕਿ ਸਰਕਾਰ ਹੱਦਬੰਦੀ ਨੂੰ ਸਿਆਸੀ ਹਥਿਆਰ ਵਜੋਂ ਵਰਤ ਰਹੀ ਹੈ | ਬਿੱਲ ਪੇਸ਼ ਕਰਨ ਮੌਕੇ ਹੀ ਵਿਰੋਧੀ ਧਿਰ ਨੇ ਵੋਟਾਂ ਦੀ ਮੰਗ ਕੀਤੀ, ਜੋ ਕਿ ਜ਼ਿਆਦਾਤਰ ਬਿੱਲ ਦੇ ਪਾਸ ਹੋਣ ਦੇ ਸਮੇਂ ਕੀਤੀ ਜਾਂਦੀ ਹੈ | ਇਸ ਮੌਕੇ ਪਈਆਂ ਵੋਟਾਂ ਦੌਰਾਨ ਬਿੱਲਾਂ ਦੇ ਸਮਰਥਨ 'ਚ 281 ਅਤੇ ਬਿੱਲਾਂ ਦੇ ਵਿਰੋਧ 'ਚ 185 ਵੋਟ ਪਏ, ਜਿਸ ਤੋਂ ਕਾਫੀ ਹੱਦ ਤੱਕ ਇਹ ਸਾਬਿਤ ਹੋਇਆ ਕਿ ਸਰਕਾਰ ਵਲੋਂ ਸੱਦੇ ਇਸ ਤਿੰਨ ਰੋਜ਼ਾ ਇਜਲਾਸ ਵਿਚ ਸਰਕਾਰ ਵਲੋਂ ਬਿੱਲ ਪਾਸ ਕਰਵਾਉਣਾ ਤਕਰੀਬਨ ਨਾਮੁਮਕਿਨ ਹੋਵੇਗਾ, ਕਿਉਂਕਿ ਸੰਵਿਧਾਨਕ ਸੋਧ ਬਿੱਲ ਹੋਣ ਕਾਰਨ ਬਿੱਲ ਨੂੰ ਪ੍ਰਵਾਨਗੀ ਲਈ ਬਹੁਮਤ ਦੀ ਨਹੀਂ ਸਗੋਂ ਦੋ ਤਿਹਾਈ ਬਹੁਮਤ ਦੀ ਲੋੜ ਹੈ | ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਬਿੱਲ ਦੇ ਸਮਰਥਨ 'ਚ ਲੋਕ ਸਭਾ 'ਚ ਤਕਰੀਬਨ 35 ਮਿੰਟ ਦਾ ਭਾਸ਼ਨ ਦਿੰਦਿਆਂ ਕਿਹਾ ਕਿ ਇਹ ਕੰਮ 25-30 ਸਾਲ ਪਹਿਲਾਂ ਹੋ ਜਾਣਾ ਚਾਹੀਦਾ ਸੀ | ਨਾਲ ਹੀ ਕਿਹਾ ਕਿ ਅਸੀਂ ਦੇਸ਼ ਦੀ ਨਾਰੀ ਸ਼ਕਤੀ ਨੂੰ ਕੁਝ ਦੇ ਨਹੀਂ ਰਹੇ, ਸਗੋਂ ਇਹ ਉਨ੍ਹਾਂ ਦਾ ਹੱਕ ਹੈ | ਮੋਦੀ ਨੇ ਚੇਤਾਵਨੀ ਦਿੰਦਿਆਂ ਇਹ ਵੀ ਕਿਹਾ ਕਿ ਜਿਨ੍ਹਾਂ ਨੇ ਔਰਤਾਂ ਦੇ ਅਧਿਕਾਰਾਂ ਦਾ ਵਿਰੋਧ ਕੀਤਾ, ਉਸਦਾ ਬੁਰਾ ਹਾਲ ਹੋਇਆ |