• ਸੱਤਾ ਧਿਰ ਨੂੰ ਚੋਣਾਂ ਵੇਲੇ ਹੀ ਔਰਤਾਂ ਦੀ ਯਾਦ ਆਉਂਦੀ ਹੈ-ਹਰਸਿਮਰਤ • ਸਥਿਤੀ ਨੂੰ ਹੋਰ ਵਿਗਾੜੇਗੀ ਹੱਦਬੰਦੀ-ਮੀਤ ਹੇਅਰ
ਨਵੀਂ ਦਿੱਲੀ, 17 ਅਪ੍ਰੈਲ (ਉਪਮਾ ਡਾਗਾ ਪਾਰਥ)-ਵਿਰੋਧੀ ਧਿਰਾਂ ਨੇ ਸਰਕਾਰ ਵਲੋਂ ਲੋਕ ਸਭਾ ਅਤੇ ਵਿਧਾਨ ਸਭਾਵਾਂ 'ਚ ਔਰਤਾਂ ਲਈ 33 ਫ਼ੀਸਦੀ ਰਾਖਵੇਂਕਰਨ ਬਾਰੇ ਬਿੱਲ 'ਤੇ ਚਰਚਾ ਦੌਰਾਨ ਦੁਹਰਾਉਂਦਿਆਂ ਕਿਹਾ ਕਿ ਰਾਖਵੇਂਕਰਨ ਨੂੰ ਉਨ੍ਹਾਂ ਦਾ ਸਮਰਥਨ ਹੈ ਪਰ ਹੱਦਬੰਦੀ ਨੂੰ ਭਾਜਪਾ ਸਿਆਸੀ ਹਥਿਆਰ ਵਜੋਂ ਵਰਤ ਰਹੀ ਹੈ | ਡੀ.ਐਮ.ਕੇ. ਦੀ ਸੰਸਦ ਮੈਂਬਰ ਕਰਨੀਮੋਝੀ ਨੇ ਵਿਰੋਧ ਕਰਦਿਆਂ ਕਿਹਾ ਕਿ ਹੱਦਬੰਦੀ ਲਈ ਸਿਰਫ਼ ਸੰਸਦ 'ਚ ਹੀ ਬਿੱਲ ਪਾਸ ਨਾ ਕੀਤਾ ਜਾਵੇ, ਸਗੋਂ ਸੂਬਿਆਂ ਦੇ ਮੁੱਖ ਮੰਤਰੀਆਂ ਨਾਲ ਵੀ ਮਸ਼ਵਰਾ ਕਰਕੇ ਰਾਜਾਂ ਦੀ ਭਾਗੀਦਾਰੀ ਵੀ ਸ਼ਾਮਿਲ ਕੀਤੀ ਜਾਵੇ | ਉਨ੍ਹਾਂ ਕਿਹਾ ਕਿ ਇਹ ਸਰਕਾਰ ਰਾਜਾਂ ਦੇ ਅਧਿਕਾਰਾਂ ਨੂੰ ਮਾਨਤਾ ਨਹੀਂ ਦਿੰਦੀ | ਜਦਕਿ ਸੰਵਿਧਾਨ ਤਹਿਤ ਰਾਜ ਆਪਣੇ ਕਾਨੂੰਨਾਂ ਲਈ ਕੇਂਦਰ 'ਤੇ ਨਿਰਭਰ ਨਹੀਂ ਹੈ | ਉਨ੍ਹਾਂ ਕਿਹਾ ਕਿ ਸਾਡੇ ਸੰਵਿਧਾਨ ਦੀ ਭਾਵਨਾ ਨੂੰ 48 ਘੰਟਿਆਂ ਦੀ ਚਰਚਾ 'ਚ ਹੀ ਖ਼ਤਮ ਨਾ ਕੀਤਾ ਜਾਵੇ | ਟੀ.ਐਮ.ਸੀ. ਸੰਸਦ ਮੈਂਬਰ ਕਲਿਆਣ ਬੈਟਰਜੀ ਨੇ ਪਾਰਟੀ ਨੂੰ ਔਰਤ ਪੱਖੀ ਹੋਣ ਦਾ ਦਾਅਵਾ ਕਰਦਿਆਂ ਕਿਹਾ ਕਿ ਤੁਸੀਂ ਜੈ ਸ੍ਰੀ ਰਾਮ ਕਹਿੰਦੇ ਹੋ ਪਰ ਅਸੀਂ ਦੁਰਗਾ ਕਾਲੀ ਦੀ ਪੂਜਾ ਕਰਦੇ ਹਾਂ | ਅਸੀਂ ਜੈ ਸਿਆ ਰਾਮ ਬੋਲਦੇ ਹਾਂ, ਤੁਸੀਂ ਸਿਰਫ਼ ਰਾਮ ਨੂੰ ਯਾਦ ਕਰਦੇ ਹੋ | ਬੈਟਰਜੀ ਨੇ ਚੁਣੌਤੀ ਦਿੰਦਿਆਂ ਕਿਹਾ ਕਿ ਤੁਸੀਂ 50 ਫ਼ੀਸਦੀ ਰਾਖਵਾਂਕਰਨ ਲੈ ਕੇ ਆਓ ਉਸ ਲਈ ਹੱਦਬੰਦੀ ਦੀ ਲੋੜ ਨਹੀਂ | ਅਸੀਂ ਸਾਰੇ ਰਾਜ਼ੀ ਹਾਂ | ਇਸ ਲਈ ਨੋਟੰਕੀ ਕਰਨ ਦੀ ਲੋੜ ਨਹੀਂ ਹੈ | ਉਨ੍ਹਾਂ ਕਿਹਾ ਕਿ ਬਿੱਲ ਸੰਵਿਧਾਨਕ ਹੋਣਾ ਚਾਹੀਦਾ ਹੈ, ਸੁਵਿਧਾਜਨਕ ਨਹੀਂ | ਸਮਾਜਵਾਦੀ ਪਾਰਟੀ ਦੇ ਨੇਤਾ ਡਿੰਪਲ ਯਾਦਵ ਨੇ ਬਿੱਲ ਦੀ ਮੁਖਾਲਫ਼ਤ ਕਰਦਿਆਂ ਕਿਹਾ ਕਿ ਭਾਜਪਾ ਨੂੰ ਸੱਤਾ ਨਾਲ ਮੋਹ ਹੋ ਗਿਆ ਹੈ, ਉਹ ਉਸ ਨੂੰ ਛੱਡਣਾ ਨਹੀਂ ਚਾਹੁੰਦੇ | ਡਿੰਪਲ ਨੇ ਕਿਹਾ ਕਿ ਅਚਾਨਕ ਸਰਕਾਰ ਕਾਹਲੀ ਕਿਉਂ ਵਿਖਾ ਰਹੀ ਹੈ | ਜੇਕਰ 2024 'ਚ ਹੀ ਮਰਦਮਸ਼ੁਮਾਰੀ ਕਰਵਾਈ ਹੁੰਦੀ ਤਾਂ ਅੱਜ ਅਸੀਂ ਹੱਦਬੰਦੀ ਦੀ ਸਟੇਜ 'ਤੇ ਹੁੰਦੇ | ਸ਼੍ਰੋਮਣੀ ਅਕਾਲੀ ਦਲ ਦੀ ਹਰਸਿਮਰਤ ਕੌਰ ਬਾਦਲ ਨੇ ਕਿਹਾ ਕਿ 2024 ਅਤੇ 2019 'ਚ ਵੀ ਭਾਜਪਾ ਦੇ ਚੋਣ ਮਨੋਰਥ ਪੱਤਰ 'ਚ ਔਰਤਾਂ ਲਈ ਰਾਖਵੇਂਕਰਨ ਦਾ ਮੁੱਦਾ ਸ਼ਾਮਿਲ ਸੀ ਪਰ ਇਸ ਨੂੰ ਲਿਆਉਣ ਲਈ ਕਾਫ਼ੀ ਸਮਾਂ ਲੱਗ ਗਿਆ | ਉਨ੍ਹਾਂ ਇਹ ਵੀ ਕਿਹਾ ਕਿ ਔਰਤਾਂ ਲਈ ਬਿੱਲ 2023 'ਚ ਸਰਬਸੰਮਤੀ ਨਾਲ ਪਾਸ ਹੋਇਆ ਪਰ ਉਸ ਵੇਲੇ ਲਾਗੂ ਕਰਨ ਤੋਂ ਮਨਾਂ ਕਰਦਿਆਂ ਕਿਹਾ ਕਿ ਪਹਿਲਾਂ ਮਰਦਮਸ਼ੁਮਾਰੀ ਹੋਵੇਗੀ, ਫਿਰ ਹੱਦਬੰਦੀ ਫਿਰ ਲਾਗੂ ਕੀਤਾ ਜਾਵੇਗਾ | ਉਨ੍ਹਾਂ ਕਿਹਾ ਕਿ ਕੌਣ ਬੁਲਡੋਜ਼ ਕਰਕੇ ਇਸਨੂੰ ਬਦਲ ਰਿਹਾ ਹੈ ਅਤੇ ਨੀਯਤ ਕਿਸ ਦੀ ਸਾਫ਼ ਨਹੀਂ ਹੈ ਦੇਸ਼ ਵੇਖ ਰਿਹਾ ਹੈ | ਹਰਸਿਮਰਤ ਕੌਰ ਬਾਦਲ ਨੇ ਇਹ ਵੀ ਕਿਹਾ ਕਿ ਸੱਤਾ ਧਿਰ ਨੂੰ ਚੋਣਾਂ ਵੇਲੇ ਹੀ ਔਰਤਾਂ ਦੀ ਯਾਦ ਆਉਂਦੀ ਹੈ | ਆਮ ਆਦਮੀ ਪਾਰਟੀ ਦੇ ਗੁਰਮੀਤ ਸਿੰਘ ਮੀਤ ਹੇਅਰ ਨੇ ਹੱਦਬੰਦੀ ਬਿੱਲ ਨੂੰ ਪੰਜਾਬ ਜਿਹੇ ਛੋਟੇ ਸੂਬਿਆਂ ਨੂੰ ਕਮਜ਼ੋਰ ਕਰਨ ਅਤੇ ਸੰਘੀ ਸੰਤੁਲਨ ਵਿਗਾੜਣ ਦਾ ਜ਼ਰੀਆ ਦੱਸਦਿਆਂ ਕਿਹਾ ਕਿ ਮਰਦਮਸ਼ੁਮਾਰੀ 'ਤੇ ਕੇਂਦਰ ਦਾ ਯੂ ਟਰਨ ਔਰਤਾਂ ਦੇ ਰਾਖਵੇਂਕਰਨ ਪ੍ਰਤੀ ਉਨ੍ਹਾਂ ਦੀ ਮਨਸ਼ਾ 'ਤੇ ਸ਼ੰਕੇ ਖੜ੍ਹੇ ਕਰ ਰਿਹਾ ਹੈ | ਉਨ੍ਹਾਂ ਕਿਹਾ ਕਿ ਪਹਿਲਾਂ ਹੀ ਘੱਟ ਨੁਮਾਇੰਦਗੀ ਕਾਰਨ ਪੰਜਾਬ ਨਾਲ ਮਤਰੇਈ ਮਾਂ ਵਰਗਾ ਵਰਤਾਓ ਹੋ ਰਿਹਾ ਹੈ ਤੇ ਹੱਦਬੰਦੀ ਸਥਿਤੀ ਨੂੰ ਹੋਰ ਵਿਗਾੜ ਦੇਵੇਗੀ |
ਸਰਕਾਰ ਹੱਦਬੰਦੀ ਬਿੱਲ ਨੂੰ ਹਥਿਆਰ ਵਜੋਂ ਵਰਤ ਰਹੀ ਹੈ-ਵਿਰੋਧੀ ਧਿਰਾਂ
ਅਜੀਤ ਡੈਸਕ
18-04-2026