08-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-04-2026

ਜੰਗਬੰਦੀ ਦਾ ਅੱਜ ਆਖਰੀ ਦਿਨ ਜੇ.ਡੀ. ਵੈਂਸ ਦਾ ਪਾਕਿ ਆਉਣਾ ਮੁਲਤਵੀ

Ad Position 21
No active advertisement
ਅਜੀਤ ਡੈਸਕ 22-04-2026

• ਦੋਵਾਂ ਦੇਸ਼ਾਂ ਵਿਚਾਲੇ ਗੱਲਬਾਤ ਲਈ ਰੇੜਕਾ ਬਰਕਰਾਰ • ਈਰਾਨ ਨੇ ਵੀ ਗੱਲਬਾਤ 'ਚ ਹਿੱਸਾ ਲੈਣ ਤੋਂ ਕੀਤਾ ਇਨਕਾਰ
ਵਾਸ਼ਿੰਗਟਨ/ਅੰਮਿ੍ਤਸਰ, 21 ਅਪ੍ਰੈਲ (ਏਜੰਸੀ, ਸੁਰਿੰਦਰ ਕੋਛੜ)-ਇਕ ਅਮਰੀਕੀ ਅਧਿਕਾਰੀ ਨੇ ਕਿਹਾ ਹੈ ਕਿ ਪਾਕਿਸਤਾਨ 'ਚ ਈਰਾਨ ਨਾਲ ਸੰਭਾਵੀ ਜੰਗਬੰਦੀ ਗੱਲਬਾਤ ਲਈ ਉਪ-ਰਾਸ਼ਟਰਪਤੀ ਜੇ.ਡੀ. ਵੈਂਸ ਦਾ ਇਸਲਾਮਾਬਾਦ ਦੌਰਾ ਰੱਦ ਕਰ ਦਿੱਤਾ ਗਿਆ ਹੈ ਤੇ ਇਸ ਨੂੰ ਫਿਲਹਾਲ ਰੋਕ ਦਿੱਤਾ ਗਿਆ ਹੈ, ਜਿਸ ਕਾਰਨ ਅਮਰੀਕਾ ਤੇ ਈਰਾਨ ਵਿਚਾਲੇ ਜੰਗਬੰਦੀ ਗੱਲਬਾਤ ਨੂੰ ਲੈ ਕੇ ਰੇੜਕਾ ਬਰਕਰਾਰ ਹੈ | ਨਿਊਯਾਰਕ ਟਾਈਮਜ਼ ਨੇ ਇਕ ਅਮਰੀਕੀ ਅਧਿਕਾਰੀ ਦੇ ਹਵਾਲੇ ਨਾਲ ਰਿਪੋਰਟ ਦਿੱਤੀ ਹੈ ਕਿ ਈਰਾਨ ਨੇ ਅਜੇ ਤੱਕ ਅਮਰੀਕਾ ਦੀਆਂ ਗੱਲਬਾਤ ਦੀਆਂ ਸ਼ਰਤਾਂ ਦਾ ਜਵਾਬ ਨਹੀਂ ਦਿੱਤਾ ਹੈ, ਜਿਸ ਕਾਰਨ ਇਹ ਫੈਸਲਾ ਲਿਆ ਗਿਆ ਹੈ | ਵੈਂਸ ਮੰਗਲਵਾਰ ਸਵੇਰੇ ਪਾਕਿਸਤਾਨ ਲਈ ਰਵਾਨਾ ਹੋਣ ਵਾਲੇ ਸਨ, ਜਿੱਥੇ ਅਮਰੀਕਾ ਤੇ ਈਰਾਨ ਵਿਚਕਾਰ ਗੱਲਬਾਤ ਬੁੱਧਵਾਰ ਨੂੰ ਮੁੜ ਸ਼ੁਰੂ ਹੋਣ ਵਾਲੀ ਸੀ | ਹਾਲਾਂਕਿ, ਇਹ ਯਾਤਰਾ ਰੱਦ ਨਹੀਂ ਕੀਤੀ ਗਈ ਸਗੋਂ ਇਸ ਨੂੰ ਫਿਲਹਾਲ ਰੋਕ ਦਿੱਤਾ ਗਿਆ ਹੈ | ਦੋਵਾਂ ਦੇਸ਼ਾਂ ਵਿਚਕਾਰ ਜੰਗਬੰਦੀ ਵੀ ਬੁੱਧਵਾਰ ਨੂੰ ਖਤਮ ਹੋਣ ਵਾਲੀ ਹੈ | ਦੂਜੇ ਪਾਸੇ ਈਰਾਨ ਨੇ ਵੀ ਅਮਰੀਕਾ ਨਾਲ ਪ੍ਰਸਤਾਵਿਤ ਗੱਲਬਾਤ 'ਚ ਹਿੱਸਾ ਲੈਣ ਤੋਂ ਇਨਕਾਰ ਕਰ ਦਿੱਤਾ ਹੈ | ਈਰਾਨ ਦੇ ਵਿਦੇਸ਼ ਮੰਤਰਾਲੇ ਦੇ ਬੁਲਾਰੇ ਨੇ ਤਹਿਰਾਨ ਟਾਈਮਜ਼ ਨਾਲ ਗੱਲ ਕਰਦੇ ਹੋਏ  ਕਿਹਾ ਕਿ ਇਸ ਸਮੇਂ ਇਸਲਾਮਾਬਾਦ ਜਾਣ ਦੀ ਕੋਈ ਯੋਜਨਾ ਨਹੀਂ ਹੈ | ਉਨ੍ਹਾਂ ਇਸ ਲਈ ਅਮਰੀਕਾ ਦੇ ਵਿਰੋਧੀ ਰੁਖ ਨੂੰ ਜ਼ਿੰੰਮੇਵਾਰ ਠਹਿਰਾਇਆ ਹੈ | ਜ਼ਿਕਰਯੋਗ ਹੈ ਕਿ ਅਮਰੀਕਾ ਤੇ ਈਰਾਨ ਵਿਚਾਲੇ 8 ਅਪ੍ਰੈਲ ਨੂੰ ਲਾਗੂ ਹੋਈ ਦੋ ਹਫ਼ਤਿਆਂ ਦੀ ਜੰਗਬੰਦੀ 22 ਅਪ੍ਰੈਲ ਨੂੰ ਖ਼ਤਮ ਹੋਣ ਵਾਲੀ ਹੈ | ਹਾਲਾਂਕਿ ਰੇੜਕੇ ਦੇ ਬਾਵਜੂਦ ਪਾਕਿਸਤਾਨ ਦੋਵਾਂ ਧਿਰਾਂ ਵਿਚਕਾਰ ਦੂਜੇ ਦੌਰ ਦੀ ਗੱਲਬਾਤ ਦੀ ਮੇਜ਼ਬਾਨੀ ਕਰਨ ਲਈ ਪੂਰੀ ਤਿਆਰੀ 'ਚ ਹੈ, ਜਿਸ ਦੇ ਚੱਲਦਿਆਂ ਇਸਲਾਮਾਬਾਦ 'ਚ ਸੁਰੱਖਿਆ ਦੇ ਸਖ਼ਤ ਪ੍ਰਬੰਧ ਕੀਤੇ ਗਏ ਹਨ | ਉਧਰ ਅੱਜ ਦੋ ਪਾਕਿ ਖੇਤਰੀ ਅਧਿਕਾਰੀਆਂ ਨੇ ਅਮਰੀਕਾ-ਈਰਾਨ ਸ਼ਾਂਤੀ ਗੱਲਬਾਤ 'ਤੇ 'ਸਸਪੈਂਸ ਖ਼ਤਮ' ਹੋਣ ਦਾ ਦਾਅਵਾ ਕਰਦਿਆਂ ਕਿਹਾ ਕਿ ਦੋਵਾਂ ਮੁਲਕਾਂ ਨੇ ਇਸਲਾਮਾਬਾਦ 'ਚ ਜੰਗਬੰਦੀ ਗੱਲਬਾਤ ਦੇ ਇਕ ਨਵੇਂ ਦੌਰ ਦਾ ਸੰਕੇਤ ਦਿੱਤਾ ਹੈ | ਹਾਲਾਂਕਿ ਨਾ ਤਾਂ ਅਮਰੀਕਾ ਤੇ ਨਾ ਹੀ ਈਰਾਨ ਨੇ ਜਨਤਕ ਤੌਰ 'ਤੇ ਗੱਲਬਾਤ ਦੇ ਸਮੇਂ ਦੀ ਪੁਸ਼ਟੀ ਕੀਤੀ ਹੈ | ਪਾਕਿ ਅਧਿਕਾਰੀਆਂ ਦੀਆਂ ਟਿੱਪਣੀਆਂ ਅਜਿਹੇ ਸਮੇਂ ਆਈਆਂ ਹਨ, ਜਦੋਂ ਈਰਾਨ ਦੇ ਸਰਕਾਰੀ ਟੈਲੀਵਿਜ਼ਨ ਨੇ ਇਸ ਗੱਲ ਤੋਂ ਇਨਕਾਰ ਕੀਤਾ ਹੈ ਕਿ ਉਨ੍ਹਾਂ ਦਾ ਕੋਈ ਵੀ ਅਧਿਕਾਰੀ ਇਸ ਸਮੇਂ ਇਸਲਾਮਾਬਾਦ 'ਚ ਹੈ | ਇਸੇ ਦੌਰਾਨ ਆਪਣੇ ਤਾਜ਼ਾ ਬਿਆਨ 'ਚ ਅਮਰੀਕਾ ਨੇ ਭਰੋਸਾ ਪ੍ਰਗਟਾਇਆ ਹੈ ਕਿ ਪਾਕਿ 'ਚ ਈਰਾਨ ਨਾਲ ਸ਼ਾਂਤੀ ਗੱਲਬਾਤ ਅੱਗੇ ਵਧੇਗੀ | ਇਕ ਸੀਨੀਅਰ ਈਰਾਨੀ ਅਧਿਕਾਰੀ ਨੇ ਵੀ ਕਿਹਾ ਕਿ ਤਹਿਰਾਨ ਸ਼ਾਂਤੀ ਗੱਲਬਾਤ 'ਚ ਸ਼ਾਮਿਲ ਹੋਣ 'ਤੇ ਵਿਚਾਰ ਕਰ ਰਿਹਾ ਹੈ | ਹਾਲਾਂਕਿ, ਲੰਘੇ ਦਿਨ ਦੇਰ ਸ਼ਾਮ ਈਰਾਨੀ ਵਿਦੇਸ਼ ਮੰਤਰੀ ਅੱਬਾਸ ਅਰਾਘਚੀ ਨੇ ਪਾਕਿਸਤਾਨੀ ਵਿਦੇਸ਼ ਮੰਤਰੀ ਇਸਹਾਕ ਡਾਰ ਨਾਲ ਟੈਲੀਫ਼ੋਨ 'ਤੇ ਗੱਲਬਾਤ 'ਚ ਕਿਹਾ ਕਿ ਈਰਾਨ ਅਮਰੀਕਾ ਨਾਲ ਸੰਬੰਧਾਂ ਦੇ ਸਾਰੇ ਪਹਿਲੂਆਂ ਦੀ ਸਮੀਖਿਆ ਕਰੇਗਾ ਤੇ ਭਵਿੱਖ ਦੀ ਰਣਨੀਤੀ 'ਤੇ ਫ਼ੈਸਲਾ ਕਰੇਗਾ | ਉਨ੍ਹਾਂ ਨਾਲ ਹੀ ਇਹ ਵੀ ਕਿਹਾ ਕਿ ਅਮਰੀਕਾ ਦੀਆਂ ਭੜਕਾਊ ਕਾਰਵਾਈਆਂ ਤੇ ਵਾਰ-ਵਾਰ ਜੰਗਬੰਦੀ ਦੀ ਉਲੰਘਣਾ ਕੂਟਨੀਤਕ ਪ੍ਰਕਿਰਿਆ 'ਚ ਰੁਕਾਵਟ ਪਾ ਰਹੀਆਂ ਹਨ | ਉਨ੍ਹਾਂ ਕਿਹਾ ਕਿ ਈਰਾਨੀ ਵਪਾਰਕ ਜਹਾਜ਼ਾਂ 'ਤੇ ਧਮਾਕੇ, ਈਰਾਨ ਵਿਰੁੱਧ ਦਖ਼ਲਅੰਦਾਜ਼ੀ, ਈਰਾਨ ਵਿਰੋਧੀ ਬਿਆਨ ਤੇ ਧਮਕੀ ਭਰੀ ਭਾਸ਼ਾ ਵੀ ਗੱਲਬਾਤ 'ਚ ਰੁਕਾਵਟ ਪਾ ਰਹੀ ਹੈ | ਪਾਕਿਸਤਾਨ ਦੇ ਵਿਦੇਸ਼ ਮੰਤਰਾਲੇ ਨੇ ਇਸਹਾਕ ਡਾਰ ਤੇ ਅੱਬਾਸ ਅਰਾਘਚੀ ਵਿਚਕਾਰ ਹੋਈ ਗੱਲਬਾਤ 'ਤੇ ਇਕ ਬਿਆਨ ਜਾਰੀ ਕਰਕੇ ਦੱਸਿਆ ਕਿ ਇਸਹਾਕ ਡਾਰ ਨੇ ਖੇਤਰ 'ਚ ਸ਼ਾਂਤੀ ਤੇ ਸਥਿਰਤਾ ਨੂੰ ਉਤਸ਼ਾਹਿਤ ਕਰਨ ਲਈ ਸਾਰੇ ਮੁੱਦਿਆਂ ਨੂੰ ਜਲਦੀ ਤੋਂ ਜਲਦੀ ਹੱਲ ਕਰਨ ਲਈ ਨਿਰੰਤਰ ਗੱਲਬਾਤ ਦੀ ਮਹੱਤਤਾ 'ਤੇ ਜ਼ੋਰ ਦਿੱਤਾ ਹੈ |

Ad Position 22
No active advertisement
ਪਿਛਲੀ ਖ਼ਬਰ ਖੜਗੇ ਨੇ ਪ੍ਰਧਾਨ ਮੰਤਰੀ ਨੂੰ ਦੱਸਿਆ 'ਅੱਤਵਾਦੀ'-ਬਾਅਦ 'ਚ ਦਿੱਤੀ ਸਫ਼ਾਈ ਅਗਲੀ ਖ਼ਬਰ ਪਾਕਿਸਤਾਨ ਨੇ ਭਾਰਤੀ ਜਹਾਜ਼ਾਂ 'ਤੇ ਪਾਬੰਦੀ 24 ਮਈ ਤੱਕ ਵਧਾਈ
Ad Position 24