ਕੋਲਕਾਤਾ, 21 ਅਪ੍ਰੈਲ (ਏਜੰਸੀ)-ਪੱਛਮੀ ਬੰਗਾਲ ਵਿਧਾਨ ਸਭਾ ਚੋਣਾਂ ਲਈ 2 ਪੜਾਵਾਂ 'ਚ ਵੋਟਾਂ ਪੈਣਗੀਆਂ | ਪਹਿਲੇ ਪੜਾਅ ਦੀਆਂ ਵੋਟਾਂ ਲਈ ਚੋਣ ਪ੍ਰਚਾਰ ਮੰਗਲਵਾਰ ਸ਼ਾਮ 5 ਵਜੇ ਬੰਦ ਹੋ ਗਿਆ ਅਤੇ ਵੋਟਾਂ 23 ਅਪ੍ਰੈਲ ਨੂੰ ਪੈਣਗੀਆਂ | ਪਹਿਲੇ ਪੜਾਅ 'ਚ 16 ਜ਼ਿਲਿ੍ਹਆਂ ਦੀਆਂ 152 ਸੀਟਾਂ ਲਈ ਵੋਟਾਂ ਪੈਣਗੀਆਂ | ਇਸ ਵਿਚ ਉੱਤਰੀ ਬੰਗਾਲ ਦੇ 8, ਦੱਖਣੀ ਬੰਗਾਲ ਦੇ 3 ਅਤੇ ਜੰਗਲਮਹਲ ਅੰਚਲ ਦੇ 5 ਜ਼ਿਲ੍ਹੇ ਸ਼ਾਮਿਲ ਹਨ | ਪਹਿਲੇ ਪੜਾਅ ਦੌਰਾਨ ਵੋਟਾਂ ਪੈਣ ਦਾ ਕੰਮ ਸਵੇਰੇ 7 ਵਜੇ ਸ਼ੁਰੂ ਹੋਵੇਗਾ ਜੋ ਸ਼ਾਮ ਦੇ 6 ਵਜੇ ਤੱਕ ਜਾਰੀ ਰਹੇਗਾ | ਬੇਸ਼ੱਕ, ਕੁਝ ਸੰਵੇਦਨਸ਼ੀਲ ਖੇਤਰਾਂ 'ਚ ਸੁਰੱਖਿਆ ਕਾਰਨਾਂ ਕਰਕੇ ਸਮੇਂ 'ਚ ਕੁਝ ਤਬਦੀਲੀ ਕੀਤੀ ਜਾ ਸਕਦੀ ਹੈ (ਜਿਵੇਂ ਸ਼ਾਮ ਦੇ 5 ਵਜੇ ਤੱਕ), ਪ੍ਰੰਤੂ ਆਮ ਤੌਰ 'ਤੇ ਵੋਟਾਂ 7 ਵਜੇ ਪੈਣੀਆਂ ਸ਼ੁਰੂ ਹੁੰਦੀਆਂ ਹਨ | ਪਹਿਲੇ ਪੜਾਅ 'ਚ ਜ਼ਿਆਦਾਤਰ ਦੱਖਣ ਅਤੇ ਪੱਛਮੀ ਬੰਗਾਲ ਦੇ ਜ਼ਿਲ੍ਹੇ ਸ਼ਾਮਿਲ ਹਨ | ਇੰਨ੍ਹਾਂ ਵਿਚ ਪੁਰੂਲੀਆ, ਬਾਂਕੁਰਾ, ਝਾੜਗ੍ਰਾਮ, ਪੱਛਮੀ ਮੇਦਿਨੀਪੁਰ, ਪੂਰਬ ਮੇਦਿਨੀਪੁਰ ਅਤੇ ਦੱਖਣ 24 ਪਰਗਨਾ ਵਰਗੇ ਜ਼ਿਲ੍ਹੇ ਆਉਂਦੇ ਹਨ | ਇਸ ਤੋਂ ਇਲਾਵਾ ਕੋਲਕਾਤਾ ਅਤੇ ਹਾਵੜਾ ਦੀਆਂ ਕੁਝ ਸੀਟਾਂ 'ਤੇ ਵੀ ਇਸ ਪੜਾਅ 'ਚ ਹੀ ਵੋਟਾਂ ਪੈਣਗੀਆਂ | ਇੰਨ੍ਹਾਂ ਇਲਾਕਿਆਂ 'ਚ ਕੁਝ ਅਜਿਹੀਆਂ ਸੀਟਾਂ ਵੀ ਹਨ ਜੋ ਕਾਫੀ ਚਰਚਾ 'ਚ ਰਹਿੰਦੀਆਂ ਹਨ ਅਤੇ ਰਾਜਨੀਤਕ ਤੌਰ 'ਤੇ ਬਹੁਤ ਮਹੱਤਵਪੂਰਨ ਮੰਨੀਆਂ ਜਾਂਦੀਆਂ ਹਨ, ਜਿਵੇਂ ਨੰਦੀਗ੍ਰਾਮ, ਖੜਗਪੁਰ, ਪੁਰੂਲੀਆ, ਬਾਂਕੁਰਾ ਅਤੇ ਝਾੜਗ੍ਰਾਮ | ਇੰਨ੍ਹਾਂ ਸੀਟਾਂ 'ਤੇ ਆਮ ਤੌਰ 'ਤੇ ਸਖਤ ਮੁਕਾਬਲਾ ਵੇਖਣ ਨੂੰ ਮਿਲਦਾ ਹੈ | ਸਭ ਤੋਂ ਜ਼ਿਆਦਾ ਚਰਚਾ ਭਵਾਨੀਪੁਰ ਸੀਟ ਦੀ ਹੋ ਰਹੀ ਹੈ, ਇਹ ਸੀਟ ਬਹੁਤ ਅਹਿਮ ਮੰਨੀ ਜਾਂਦੀ ਹੈ ਕਿਉਂਕਿ ਮੁੱਖ ਮੰਤਰੀ ਮਮਤਾ ਬੈਨਰਜੀ ਚੋਣ ਲੜ ਰਹੀ ਹੈ | ਉੁੁਨ੍ਹਾਂ ਦੇ ਸਾਹਮਣੇ ਭਾਜਪਾ ਦੇ ਸੁਭੇਂਦੂ ਅਧਿਕਾਰੀ ਹਨ, ਜਿਸ ਨਾਲ ਇਹ ਮੁਕਾਬਲਾ ਸਿੱਧਾ ਅਤੇ ਬੇਹੱਦ ਦਿਲਚਸਪ ਹੋ ਗਿਆ ਹੈ | ਪਾਨੀਹਾਟੀ ਦੀ ਸੀਟ ਵੀ ਇਸ ਵਾਰ ਸੁਰਖੀਆਂ 'ਚ ਹੈ | ਇਹ ਸੀਟ ਉਤਰੀ ਪਰਗਨਾ ਜ਼ਿਲ੍ਹੇ 'ਚ ਆਉਂਦੀ ਹੈ | ਹਾਲ ਹੀ ਵਿਚ ਹੋਏ ਇਕ ਵੱਡੇ ਅਪਰਾਧਿਕ ਮਾਮਲੇ ਤੋਂ ਬਾਅਦ ਇਹ ਸੀਟ ਚਰਚਾ 'ਚ ਆਈ ਹੈ | ਭਾਜਪਾ ਨੇ ਇਥੇ ਪੀੜਤਾ ਦੀ ਮਾਂ ਰਤਨਾ ਦੇਬਨਾਥ ਨੂੰ ਉਮੀਦਵਾਰ ਬਣਾਇਆ ਹੈ, ਜਦੋਂ ਕਿ ਟੀ.ਐੱਮ.ਸੀ. ਵਲੋਂ ਤੀਰਥਕਰ ਘੋਸ਼ ਮੈਦਾਨ 'ਚ ਹੈ | ਨੰਦੀਗ੍ਰਾਮ ਸੀਟ ਵੀ ਇਕ ਵਾਰ ਫਿਰ ਕੇਂਦਰ 'ਚ ਹੈ, ਇਹ ਇਲਾਕਾ ਪਹਿਲਾਂ ਮਮਤਾ ਬੈਨਰਜੀ ਦਾ ਮਜ਼ਬੂਤ ਗੜ੍ਹ ਮੰਨਿਆ ਜਾਂਦਾ ਸੀ, ਪ੍ਰੰਤੂ ਹੁਣ ਇਥੇ ਸੁਭੇਂਦੂ ਅਧਿਕਾਰੀ ਦੀ ਚੁਣੌਤੀ ਦੇ ਕਾਰਨ ਮੁਕਾਬਲਾ ਬਹੁਤ ਤਕੜਾ ਹੋ ਗਿਆ ਹੈ | ਮਾਲਦਾ ਅਤੇ ਮੁਰਸ਼ਿਦਾਬਾਦ ਜ਼ਿਲਿ੍ਹਆਂ ਦੀਆਂ ਕਈ ਸੀਟਾਂ ਵੀ ਇਸ ਵਾਰ ਖਾਸ ਹਨ | ਇਥੇ ਮੁਕਾਬਲਾ ਸਿੱਧਾ ਨਹੀਂ ਬਲਕਿ ਤਿੰਨ ਤਰਫਾ ਹੋ ਗਿਆ ਹੈ ਕਿਉਂਕਿ ਕਾਂਗਰਸ ਵੀ ਵੱਖਰੇ ਤੌਰ 'ਤੇ ਚੋਣ ਲੜ ਰਹੀ ਹੈ | ਟੀ.ਐੱਮ. ਸੀ. ਦਾ ਦਬਦਬਾ ਹੋਣ ਦੇ ਬਾਵਜੂਦ ਮੁਕਾਬਲਾ ਦਿਲਚਸਪ ਅਤੇ ਅਨਿਸਚਿਤ ਮੰਨਿਆ ਜਾ ਰਿਹਾ ਹੈ |