18-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-04-2026

ਸ਼੍ਰੋਮਣੀ ਅਕਾਲੀ ਦਲ (ਪੁਨਰ ਸੁਰਜੀਤ) ਵਲੋਂ ਐਲਾਨਨਾਮਾ ਜਾਰੀ

Ad Position 21
No active advertisement
ਅਜੀਤ ਡੈਸਕ 24-04-2026

ਭਵਿੱਖ 'ਚ ਐਲਾਨਨਾਮੇ ਅਨੁਸਾਰ ਹੀ ਕੰਮ ਕੀਤਾ ਜਾਵੇਗਾ-ਇਕਬਾਲ ਸਿੰਘ ਝੂੰਦਾਂ
ਪੰਥ ਦੀ ਚੜ੍ਹਦੀ ਕਲਾ ਅਤੇ ਪੰਜਾਬ ਦੀ ਨੁਹਾਰ ਬਦਲਣ ਲਈ ਪਾਰਟੀ ਵਚਨਬੱਧ-ਗਿਆਨੀ ਹਰਪ੍ਰੀਤ ਸਿੰਘ
ਪ੍ਰੋ. ਅਵਤਾਰ ਸਿੰਘ

ਚੰਡੀਗੜ੍ਹ, 23 ਅਪ੍ਰੈਲ-ਸ੍ਰੀ ਅਕਾਲ ਤਖ਼ਤ ਸਾਹਿਬ ਤੋਂ 2 ਦਸੰਬਰ 2024 ਨੂੰ ਜਾਰੀ ਹੋਏ ਹੁਕਮਨਾਮੇ ਦੀ ਲੋਅ 'ਚ ਸ਼੍ਰੋਮਣੀ ਅਕਾਲੀ ਦਲ ਪੁਨਰ ਸੁਰਜੀਤ ਹੋਇਆ ਸੀ, ਜਿਸ ਨੇ ਉਨ੍ਹਾਂ ਆਦੇਸ਼ਾਂ ਅਨੁਸਾਰ ਨਵੀਂ ਭਰਤੀ ਕਰਕੇ ਡੈਲੀਗੇਟ ਇਜਲਾਸ ਰਾਹੀਂ ਲੀਡਰਸ਼ਿਪ ਉਭਾਰਨ ਦਾ ਉਪਰਾਲਾ ਕੀਤਾ ਹੈ | ਇਸੇ ਲੜੀ ਤਹਿਤ ਸ਼੍ਰੋਮਣੀ ਅਕਾਲੀ ਦਲ (ਪੁਨਰ ਸੁਰਜੀਤ) ਵਲੋਂ ਐਲਾਨਨਾਮਾ (ਦਸਤਾਵੇਜ਼) ਜਾਰੀ ਕੀਤਾ ਜਾ ਰਿਹਾ ਹੈ | ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਪਾਰਟੀ ਦਾ ਐਲਾਨਨਾਮਾ ਜਾਰੀ ਕਰਨ ਉਪਰੰਤ ਗਿਆਨੀ ਹਰਪ੍ਰੀਤ ਸਿੰਘ ਨੇ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਕੀਤਾ | ਉਨ੍ਹਾਂ ਕਿਹਾ ਕਿ ਉਕਤ ਡੈਲੀਗੇਟ ਇਜਲਾਸ 'ਚ ਹੀ ਸਾਰੇ ਸੀਨੀਅਰ ਆਗੂਆਂ ਦੀ ਸਲਾਹ ਨਾਲ ਨਵੀਂ ਲੀਡਰਸ਼ਿਪ ਲਈ ਨਵਾਂ ਪੰਥ-ਪੰਜਾਬ ਪੱਖੀ ਏਜੰਡਾ ਨਿਰਧਾਰਤ ਕਰਨ ਲਈ ਇਕ 7 ਮੈਂਬਰੀ ਕਮੇਟੀ ਗਠਿਤ ਕੀਤੀ ਗਈ ਸੀ | ਉਨ੍ਹਾਂ ਦੱਸਿਆ ਕਿ ਇਕਬਾਲ ਸਿੰਘ ਝੂੰਦਾਂ ਦੀ ਅਗਵਾਈ ਵਾਲੀ ਇਸ ਕਮੇਟੀ ਨੇ 35 ਤੋਂ ਵੱਧ ਮੀਟਿੰਗਾਂ ਕਰਕੇ ਡੂੰਘੀ ਵਿਚਾਰ-ਚਰਚਾ ਕਰਨ ਤੋਂ ਬਾਅਦ ਇਹ ਐਲਾਨਨਾਮਾ ਤਿਆਰ ਕੀਤਾ ਹੈ, ਜਿਸ ਨੂੰ ਸਮੁੱਚੀ ਸੀਨੀਅਰ ਲੀਡਰਸ਼ਿਪ ਨੇ ਪਾਰਟੀ ਪੱਧਰ 'ਤੇ ਲੰਬੀ ਵਿਚਾਰ-ਚਰਚਾ ਤੋਂ ਬਾਅਦ ਪ੍ਰੈੱਸ ਰਾਹੀਂ ਪੰਜਾਬ ਦੇ ਨਾਂਅ 'ਤੇ ਜਾਰੀ ਕਰਨ ਦਾ ਫ਼ੈਸਲਾ ਕੀਤਾ ਹੈ | ਉਨ੍ਹਾਂ ਦੱਸਿਆ ਕਿ ਇਸ ਦਸਤਾਵੇਜ਼ 'ਚ ਪੰਥ ਦੀ ਚੜ੍ਹਦੀ ਕਲਾ ਅਤੇ ਪੰਥ ਦੇ ਬੋਲ-ਬਾਲੇ ਦੀ ਗੱਲ ਕਰਦਿਆਂ ਪੰਜਾਬ ਦੀ ਨੁਹਾਰ ਬਦਲਣ ਲਈ ਹਰ ਵਿਸ਼ੇ ਨੂੰ ਛੂਹਿਆ ਗਿਆ ਹੈ | ਇਸੇ ਦੌਰਾਨ ਇਕਬਾਲ ਸਿੰਘ ਝੂੰਦਾਂ ਨੇ ਕਿਹਾ ਕਿ ਇਸ ਐਲਾਨਨਾਮੇ ਅਨੁਸਾਰ ਪਾਰਟੀ 'ਚ ਇਕ ਆਗੂ-ਇਕ ਅਹੁਦਾ ਅਤੇ ਪਰਿਵਾਰ 'ਚ ਇਕ ਹੀ ਟਿਕਟ ਦਾ ਸਿਧਾਂਤ ਲਾਗੂ ਹੋਵੇਗਾ | ਪਾਰਟੀ ਪ੍ਰਧਾਨ ਦਾ ਕਾਰਜਕਾਲ 3 ਸਾਲਾਂ ਲਈ ਹੋਵੇਗਾ ਅਤੇ ਉਹ ਲਗਾਤਾਰ ਦੋ ਵਾਰ ਹੀ ਪ੍ਰਧਾਨ ਬਣ ਸਕੇਗਾ | ਇਸ ਤੋਂ ਇਲਾਵਾ ਪਾਰਟੀ ਪ੍ਰਧਾਨ ਕੋਈ ਚੋਣ ਨਹੀਂ ਲੜੇਗਾ ਅਤੇ ਜੇਕਰ ਉਹ ਚੋਣ ਲੜਨ ਦਾ ਚਾਹਵਾਨ ਹੋਵੇਗਾ ਤਾਂ ਉਸ ਨੂੰ ਪ੍ਰਧਾਨਗੀ ਤੋਂ ਇਕ ਸਾਲ ਪਹਿਲਾਂ ਅਸਤੀਫ਼ਾ ਦੇਣਾ ਹੋਵੇਗਾ | ਇਸੇ ਤਰ੍ਹਾਂ ਪਾਰਟੀ 'ਚ ਯੂਥ ਵਿੰਗ ਦੀ ਉਮਰ ਹੱਦ 37 ਸਾਲ ਹੋਵੇਗੀ | ਸ. ਝੂੰਦਾਂ ਨੇ ਅੱਗੇ ਦੱਸਿਆ ਕਿ ਇਸ ਐਲਾਨਨਾਮੇ 'ਚ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਨੂੰ ਪੁਨਰ-ਸੁਰਜੀਤ ਕਰਕੇ ਸਾਰੇ ਕਾਲਜਾਂ/ਯੂਨੀਵਰਸਿਟੀਆਂ 'ਚ ਯੂਨਿਟਾਂ ਬਣਾਉਣ ਦੀ ਗੱਲ ਕਹੀ ਗਈ ਹੈ | ਉਨ੍ਹਾਂ ਦੱਸਿਆ ਕਿ ਐਲਾਨਨਾਮੇ 'ਚ ਪੰਥਕ ਦਿ੍ਸ਼ਟੀਕੋਣ 'ਚ ਗੁਰੂ ਸਾਹਿਬਾਨ ਅਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਫ਼ਲਸਫ਼ੇ ਦੇ ਪ੍ਰਸਾਰ ਅਤੇ ਪ੍ਰਚਾਰ ਦੀ ਗੱਲ ਕੀਤੀ ਗਈ ਹੈ, ਜੋ ਅਕਾਲੀ ਦਲ ਦੇ ਪੁਰਾਣੇ ਸਰੂਪ ਨੂੰ ਪੁਨਰ-ਸੁਰਜੀਤ ਕਰੇਗਾ | ਇਸ ਤੋਂ ਇਲਾਵਾ ਸ੍ਰੀ ਅਕਾਲ ਤਖ਼ਤ ਸਾਹਿਬ ਸਮੇਤ ਸਾਰੇ ਤਖ਼ਤਾਂ ਦੇ ਜਥੇਦਾਰ ਸਾਹਿਬਾਨ ਦੀ ਆਜ਼ਾਦ ਹਸਤੀ ਨੂੰ ਕਾਇਮ ਰੱਖਣ ਲਈ ਵਿਧੀ-ਵਿਧਾਨ ਬਣਾਉਣ ਬਾਰੇ ਉਪਰਾਲੇ ਕੀਤੇ ਜਾਣਗੇ | ਉਨ੍ਹਾਂ ਦੱਸਿਆ ਕਿ ਪੰਜਾਬ ਦੇ ਹਰ ਵਰਗ ਦੀਆਂ ਮੁਸ਼ਕਿਲਾਂ ਦੇ ਹੱਲ ਲਈ ਇਸ ਐਲਾਨਨਾਮੇ 'ਚ ਗੰਭੀਰਤਾ ਨਾਲ ਗੱਲ ਕੀਤੀ ਗਈ ਹੈ ਤਾਂ ਜੋ ਪੰਜਾਬ ਦੇ ਸਾਰੇ ਵਰਗਾਂ ਨੂੰ ਨਾਲ ਲੈ ਕੇ ਸੂਬੇ ਦੀ ਪੁਨਰ ਉਸਾਰੀ ਕੀਤੀ ਜਾ ਸਕੇ | ਉਨ੍ਹਾਂ ਦੱਸਿਆ ਕਿ ਇਸ ਐਲਾਨਨਾਮੇ ਨੂੰ ਲਾਗੂ ਕਰਨ ਲਈ ਅੱਜ ਤੋਂ ਹੀ ਯਤਨ ਸ਼ੁਰੂ ਕਰ ਦਿੱਤੇ ਜਾਣਗੇ | ਇਸ ਮੌਕੇ ਸ. ਗੁਰਪ੍ਰਤਾਪ ਸਿੰਘ ਵਡਾਲਾ, ਸੁੱਚਾ ਸਿੰਘ ਛੋਟੇਪੁਰ, ਸੁਰਜੀਤ ਸਿੰਘ ਰੱਖੜਾ, ਬੀਬੀ ਜਗੀਰ ਕੌਰ, ਗੋਬਿੰਦ ਸਿੰਘ ਲੌਂਗੋਵਾਲ, ਡਾ. ਗੁਰਮੋਹਨ ਸਿੰਘ ਵਾਲੀਆ, ਸਤਵਿੰਦਰ ਸਿੰਘ ਟੌਹੜਾ, ਕਰਨੈਲ ਸਿੰਘ ਪੀਰਮੁਹੰਮਦ, ਜਗਜੀਤ ਸਿੰਘ ਕੋਹਲੀ ਤੇ ਤਜਿੰਦਰ ਸਿੰਘ ਪੰਨੂੰ ਸਮੇਤ ਹੋਰ ਆਗੂ ਵੀ ਹਾਜ਼ਰ ਸਨ |

Ad Position 22
No active advertisement
ਪਿਛਲੀ ਖ਼ਬਰ ਅੱਤਵਾਦੀਆਂ ਨੂੰ ਸਹਾਇਤਾ ਪ੍ਰਦਾਨ ਕਰਨ ਦੇ ਦੋਸ਼ 'ਚ 4 ਗਿ੍ਫ਼ਤਾਰ ਅਗਲੀ ਖ਼ਬਰ ਪੈਟਰੋਲ ਤੇ ਡੀਜ਼ਲ ਦੀਆਂ ਕੀਮਤਾਂ ਵਧਾਉਣ ਦੀ ਕੋਈ ਯੋਜਨਾ ਨਹੀਂ-ਸਰਕਾਰ
Ad Position 24