ਦੁਬਈ, 23 ਅਪ੍ਰੈਲ (ਏਜੰਸੀ)-ਅਮਰੀਕੀ ਫ਼ੌਜ ਨੇ ਈਰਾਨੀ ਤੇਲ ਦੀ ਤਸਕਰੀ ਨਾਲ ਜੁੜੇ ਇਕ ਹੋਰ ਟੈਂਕਰ ਨੂੰ ਜ਼ਬਤ ਕੀਤਾ ਹੈ | ਅਮਰੀਕੀ ਰੱਖਿਆ ਵਿਭਾਗ ਨੇ ਕਿਹਾ ਕਿ ਉਸ ਨੇ ਹਿੰਦ ਮਹਾਸਾਗਰ 'ਚ ਤੇਲ ਟੈਂਕਰ ਮੈਜੇਸਟਿਕ ਐਕਸ ਨੂੰ ਜ਼ਬਤ ਕੀਤਾ | ਅਮਰੀਕਾ ਵਲੋਂ ਇਹ ਜ਼ਬਤੀ ਈਰਾਨ ਵਲੋਂ ਬੁੱਧਵਾਰ ਨੂੰ 'ਸਟ੍ਰੇਟ ਆਫ਼ ਹੋਰਮੁਜ਼' ਵਿਚ ਤਿੰਨ ਵਪਾਰਕ ਜਹਾਜ਼ਾਂ 'ਤੇ ਹਮਲਾ ਕਰਨ ਤੋਂ ਬਾਅਦ ਕੀਤੀ ਗਈ ਹੈ, ਜਿਨ੍ਹਾਂ 'ਚੋਂ ਦੋ ਨੂੰ ਈਰਾਨ ਨੇ ਜ਼ਬਤ ਕਰ ਲਿਆ ਸੀ | ਰੱਖਿਆ ਵਿਭਾਗ ਨੇ ਜਹਾਜ਼ ਨੂੰ ਜ਼ਬਤ ਕਰਨ ਦੀ ਤਸਵੀਰ ਵੀ ਜਾਰੀ ਕੀਤੀ ਹੈ, ਜਿਸ 'ਚ ਜਹਾਜ਼ ਦੇ ਡੈੱਕ 'ਤੇ ਅਮਰੀਕੀ ਸੈਨਿਕ ਦਿਖਾਈ ਦੇ ਰਹੇ ਹਨ | ਸ਼ਿਪ ਟਰੈਕਿੰਗ ਡੇਟਾ ਨੇ ਸ੍ਰੀਲੰਕਾ ਅਤੇ ਇੰਡੋਨੇਸ਼ੀਆ ਦੇ ਵਿਚਕਾਰ ਹਿੰਦ ਮਹਾਸਾਗਰ 'ਚ ਮੈਜੇਸਟਿਕ ਐਕਸ ਦੀ ਮੌਜੂਦਗੀ ਨੂੰ ਦਿਖਾਇਆ ਹੈ | ਇਹ ਲਗਭਗ ਉਹੀ ਜਗ੍ਹਾ ਹੈ, ਜਿਥੇ ਤੇਲ ਟੈਂਕਰ ਟਿਫਾਨੀ ਪਹਿਲਾਂ ਅਮਰੀਕੀ ਫ਼ੌਜਾਂ ਦੁਆਰਾ ਜ਼ਬਤ ਕੀਤਾ ਗਿਆ ਸੀ | ਇਹ ਟੈਂਕਰ ਚੀਨ ਦੇ ਝੌਸ਼ਾਨ ਜਾ ਰਿਹਾ ਸੀ | ਇਸ ਦੌਰਾਨ, ਯੂ.ਐਸ. ਸੈਂਟਰਲ ਕਮਾਂਡ ਨੇ ਕਿਹਾ ਕਿ ਈਰਾਨ ਖ਼ਿਲਾਫ਼ ਨਾਕਾਬੰਦੀ ਸ਼ੁਰੂ ਹੋਣ ਤੋਂ ਬਾਅਦ ਅਮਰੀਕੀ ਫ਼ੌਜ ਨੇ 33 ਜਹਾਜ਼ਾਂ ਨੂੰ ਵਾਪਸ ਮੁੜਨ ਜਾਂ ਬੰਦਰਗਾਹ 'ਤੇ ਵਾਪਸ ਪਰਤਣ ਦਾ ਨਿਰਦੇਸ਼ ਦਿੱਤਾ ਹੈ |