ਅਮਰੀਕਾ ਨਾਲ ਦੂਜੇ ਦੌਰ ਦੀ ਗੱਲਬਾਤ ਹੋਣ ਦੀ ਸੰਭਾਵਨਾ
ਵਾਸ਼ਿੰਗਟਨ/ਅੰਮਿ੍ਤਸਰ, 24 ਅਪ੍ਰੈਲ (ਏਜੰਸੀ/ਸੁਰਿੰਦਰ ਕੋਛੜ)-ਅਮਰੀਕਾ ਤੇ ਈਰਾਨ ਦੂਜੇ ਦੌਰ ਦੀ ਸੰਭਾਵਿਤ ਸ਼ਾਂਤੀ ਵਾਰਤਾ ਲਈ ਫਿਰ ਤੋਂ ਤਿਆਰ ਹਨ, ਜਿਸ ਦੇ ਚੱਲਦਿਆਂ ਈਰਾਨ ਦੇ ਵਿਦੇਸ਼ ਮੰਤਰੀ ਅੱਬਾਸ ਅਰਾਘਚੀ ਸ਼ੁੱਕਰਵਾਰ ਦੇਰ ਰਾਤ ਇਸਲਾਮਾਬਾਦ ਪਹੁੰਚ ਚੁੱਕੇ ਹਨ ਜਦਕਿ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਵਿਸ਼ੇਸ਼ ਦੂਤ ਸਟੀਵ ਵਿਟਕੋਫ ਤੇ ਜਵਾਈ ਜੈਰੇਡ ਕੁਸ਼ਨਰ ਵੀ ਅਮਰੀਕਾ ਤੋਂ ਪਾਕਿਸਤਾਨ ਲਈ ਰਵਾਨਾ ਹੋ ਗਏ ਹਨ | ਉਧਰ ਪਾਕਿਸਤਾਨ ਨੇ ਪੁਸ਼ਟੀ ਕੀਤੀ ਹੈ ਕਿ ਈਰਾਨ ਦੇ ਵਿਦੇਸ਼ ਮੰਤਰੀ ਅੱਬਾਸ ਅਰਾਘਚੀ ਪਹਿਲਾਂ ਰਾਜਧਾਨੀ ਇਸਲਾਮਾਬਾਦ 'ਚ ਆਪਣੇ ਪਾਕਿਸਤਾਨੀ ਹਮਰੁਤਬਾ ਇਸਹਾਕ ਡਾਰ ਅਤੇ ਪਾਕਿਸਤਾਨੀ ਫ਼ੌਜ ਦੇ ਮੁਖੀ ਫ਼ੀਲਡ ਮਾਰਸ਼ਲ ਜਨਰਲ ਆਸਿਮ ਮੁਨੀਰ ਸਮੇਤ ਹੋਰਨਾ ਅਧਿਕਾਰੀਆਂ ਨਾਲ ਗੱਲਬਾਤ ਕਰਨਗੇ | ਈਰਾਨੀ ਵਿਦੇਸ਼ ਮੰਤਰੀ ਇਸਲਾਮਾਬਾਦ ਦੇ ਨਾਲ-ਨਾਲ ਮਸਕਟ ਤੇ ਮਾਸਕੋ ਦੀ ਯਾਤਰਾ ਵੀ ਕਰਨਗੇ | ਹਾਲਾਂਕਿ, ਇਸ ਗੱਲ ਦੀ ਪੁਸ਼ਟੀ ਨਹੀਂ ਹੋਈ ਹੈ ਕਿ ਕੀ ਈਰਾਨੀ ਵਫ਼ਦ ਅਮਰੀਕਾ ਨਾਲ ਵੀ ਜੰਗਬੰਦੀ ਦੀਆਂ ਸ਼ਰਤਾਂ 'ਤੇ ਗੱਲਬਾਤ ਕਰੇਗਾ ਜਾਂ ਸਿਰਫ਼ ਇਹ ਗੱਲਬਾਤ ਪਾਕਿਸਤਾਨੀ ਵਫ਼ਦ ਲਾਲ ਹੀ ਹੋਵੇਗੀ | ਜਾਣਕਾਰੀ ਅਨੁਸਾਰ ਈਰਾਨੀ ਵਿਦੇਸ਼ ਮੰਤਰੀ ਅਰਾਘਚੀ ਨੇ ਇਸਲਾਮਾਬਾਦ ਲਈ ਰਵਾਨਾ ਹੋਣ ਤੋਂ ਪਹਿਲਾਂ ਪਾਕਿ ਦੀ ਫ਼ੌਜੀ ਲੀਡਰਸ਼ਿਪ ਨਾਲ ਮਹੱਤਵਪੂਰਨ ਟੈਲੀਫ਼ੋਨ ਗੱਲਬਾਤ ਕੀਤੀ | ਇਨ੍ਹਾਂ ਚਰਚਾਵਾਂ ਦਾ ਮੁੱਖ ਕੇਂਦਰ ਖੇਤਰੀ ਸੁਰੱਖਿਆ ਅਤੇ ਅਮਰੀਕਾ ਨਾਲ ਜੰਗਬੰਦੀ ਨਾਲ ਸੰਬੰਧਿਤ ਮੁੱਦੇ ਸਨ | ਈਰਾਨੀ ਸਰਕਾਰੀ ਨਿਊਜ਼ ਏਜੰਸੀ ਤਸਨੀਮ ਦੀ ਇਕ ਰਿਪੋਰਟ ਦੇ ਅਨੁਸਾਰ ਈਰਾਨੀ ਵਿਦੇਸ਼ ਮੰਤਰੀ ਨੇ ਪਾਕਿ ਦੇ ਉਪ ਪ੍ਰਧਾਨ ਮੰਤਰੀ ਤੇ ਵਿਦੇਸ਼ ਮੰਤਰੀ ਇਸਹਾਕ ਡਾਰ ਨਾਲ ਚਰਚਾ ਕੀਤੀ |
ਪਾਕਿ ਪੁੱਜੇ ਈਰਾਨੀ ਵਿਦੇਸ਼ ਮੰਤਰੀ ਅੱਬਾਸ ਅਰਾਘਚੀ
ਅਜੀਤ ਡੈਸਕ
25-04-2026