ਤਾਰੀਖ ਅਤੇ ਸਮਾਂ ਲੋਡ ਹੋ ਰਿਹਾ ਹੈ...
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-04-2026

ਬਾਗ਼ੀ ਹੋਏ 'ਆਪ' ਦੇ 7 ਰਾਜ ਸਭਾ ਮੈਂਬਰ ਭਾਜਪਾ 'ਚ ਸ਼ਾਮਿਲ

Ad Position 21
No active advertisement
ਅਜੀਤ ਡੈਸਕ 25-04-2026

ਦੋ ਤਿਹਾਈ ਮੈਂਬਰਾਂ ਨੇ ਕਿਹਾ ਅਲਵਿਦਾ-ਨਿਤਿਨ ਨਬੀਨ ਨੇ ਪਾਰਟੀ 'ਚ ਸ਼ਾਮਿਲ ਕਰਵਾਇਆ
ਉਪਮਾ ਡਾਗਾ ਪਾਰਥ

ਨਵੀਂ ਦਿੱਲੀ, 24 ਅਪ੍ਰੈਲ-ਆਮ ਆਦਮੀ ਪਾਰਟੀ ਦੇ ਅੰਦਰੋਂ-ਅੰਦਰ ਪਲ ਰਹੀਆਂ ਨਾਰਾਜ਼ਗੀਆਂ ਨੇ ਸ਼ੁੱਕਰਵਾਰ ਨੂੰ ਉਸ ਵੇਲੇ ਵਿਕਰਾਲ ਰੂਪ ਧਾਰ ਲਿਆ, ਜਦੋਂ ਉਸ ਦੇ 10 ਰਾਜ ਸਭਾ ਸੰਸਦ ਮੈਂਬਰਾਂ 'ਚੋਂ 7 ਨੇ ਬਗਾਵਤ ਦਾ ਬਿਗੁਲ ਵਜਾਉਂਦਿਆਂ ਆਪਣੀ ਪਾਰਟੀ ਨੂੰ ਅਲਵਿਦਾ ਆਖ ਦਿੱਤਾ ਅਤੇ ਭਾਜਪਾ 'ਚ ਸ਼ਾਮਿਲ ਹੋ ਗਏ | ਇਸ 'ਚ ਦਿਲਚਸਪ ਤੱਥ ਇਹ ਹੈ ਕਿ ਦੋ ਤਿਹਾਈ ਸੰਸਦ ਮੈਂਬਰਾਂ ਵਲੋਂ ਲਏ ਇਸ ਫੈਸਲੇ ਕਾਰਨ ਮੈਂਬਰਾਂ 'ਤੇ ਦਲਬਦਲ ਕਾਨੂੰਨ ਨਹੀਂ ਲੱਗੇਗਾ ਅਤੇ ਉਹ ਭਾਜਪਾ 'ਚ ਰਹਿੰਦੇ ਹੋਏ ਵੀ ਰਾਜ ਸਭਾ ਮੈਂਬਰ ਵਜੋਂ ਆਪਣਾ ਕਾਰਜਕਾਲ ਪੂਰਾ ਕਰਨ ਦੇ ਹੱਕਦਾਰ ਹੋਣਗੇ | ਆਮ ਆਦਮੀ ਪਾਰਟੀ ਨੂੰ ਪੰਜਾਬ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਲੱਗੇ ਇਸ ਵੱਡੇ ਝਟਕੇ ਦਾ ਐਲਾਨ ਹਾਲ ਹੀ 'ਚ ਆਮ ਆਦਮੀ ਪਾਰਟੀ ਨਾਲ ਸੋਸ਼ਲ ਮੀਡੀਆ 'ਤੇ ਗੁੱਥਮ-ਗੁੱਥਾ ਹੋ ਰਹੇ ਰਾਘਵ ਚੱਢਾ ਹੋਰ ਦੋ ਨੇਤਾਵਾਂ ਸੰਦੀਪ ਪਾਠਕ ਅਤੇ ਅਸ਼ੋਕ ਮਿੱਤਲ ਨੇ ਇਕ ਸੰਖੇਪ ਪ੍ਰੈੱਸ ਕਾਨਫਰੰਸ ਕਰਕੇ ਕੀਤਾ | ਰਾਘਵ ਚੱਢਾ ਵਲੋਂ ਕੀਤੀ ਪ੍ਰੈੱਸ ਕਾਨਫਰੰਸ 'ਚ ਉਨ੍ਹਾਂ ਜ਼ੋਰ ਦੇ ਕੇ ਕਿਹਾ ਕਿ ਰਾਜ ਸਭਾ 'ਚ ਆਪ ਦੇ ਦੋ ਤਿਹਾਈ 10 ਚੋਂ 7 ਮੈਂਬਰਾਂ ਨੇ ਸੰਵਿਧਾਨ ਦੀਆਂ ਧਾਰਵਾਂ ਦੀ ਵਰਤੋਂ ਕਰਦਿਆਂ ਖੁਦ ਦਾ ਭਾਜਪਾ 'ਚ ਰਲੇਵਾਂ ਕਰ ਲਿਆ ਹੈ |
ਪੰਜਾਬ ਦੇ 6 ਅਤੇ ਦਿੱਲੀ ਦਾ ਇਕ ਸੰਸਦ ਮੈਂਬਰ ਹੋਇਆ ਬਾਗੀ
'ਆਪ' ਛੱਡ ਕੇ ਭਾਜਪਾ 'ਚ ਸ਼ਾਮਿਲ ਹੋਣ ਵਾਲੇ ਨੇਤਾਵਾਂ 'ਚੋਂ ਪੰਜਾਬ ਦੇ 6 ਅਤੇ ਦਿੱਲੀ ਦਾ ਇਕ ਸੰਸਦ ਮੈਂਬਰ ਸ਼ਾਮਿਲ ਹਨ, ਜਿਨ੍ਹਾਂ 'ਚ ਰਾਘਵ ਚੱਢਾ ਤੋਂ ਇਲਾਵਾ ਸੰਦੀਪ ਪਾਠਕ, ਹਰਭਜਨ ਸਿੰਘ, ਅਸ਼ੋਕ ਮਿੱਤਲ, ਰਜਿੰਦਰ ਸਵਾਤੀ ਮਾਲੀਵਾਲ ਅਤੇ ਵਿਕਰਮਜੀਤ ਸਿੰਘ ਸਾਹਨੀ ਸ਼ਾਮਿਲ ਹਨ | ਹੁਣ ਬਦਲੇ ਸਮੀਕਰਣਾਂ 'ਚ ਰਾਜ ਸਭਾ 'ਚ ਆਪ ਦੇ 3 ਮੈਂਬਰ ਹਨ, ਜਿਨ੍ਹਾਂ 'ਚ ਪੰਜਾਬ ਦੀ ਇਕੋ-ਇਕ ਨੁਮਾਇੰਦਗੀ ਸੰਤ ਬਲਬੀਰ ਸਿੰਘ ਸੀਚੇਵਾਲ ਦੀ ਹੈ | ਇਸ ਤੋਂ ਇਲਾਵਾ ਦਿੱਲੀ ਤੋਂ ਸੰਜੈ ਸਿੰਘ ਅਤੇ ਐੱਨ.ਡੀ. ਗੁਪਤਾ ਸ਼ਾਮਿਲ ਹਨ |
ਰਾਘਵ ਚੱਢਾ ਨੇ ਪਿਛਲੇ ਦੋ ਸਾਲਾਂ ਤੋਂ 'ਆਪ' ਤੋਂ ਦੂਰੀ ਬਣਾ ਰੱਖੀ ਸੀ
ਰਾਘਵ ਚੱਢਾ, ਜੋ ਇਸ ਪੂਰੀ ਬਗਾਵਤ 'ਚ ਮੋਹਰੀ ਚਿਹਰੇ ਵਜੋਂ ਉੱਭਰ ਕੇ ਸਾਹਮਣੇ ਆਏ ਹਨ, ਨੇ ਪਿਛਲੇ ਦੋ ਸਾਲਾਂ ਤੋਂ ਆਮ ਆਦਮੀ ਪਾਰਟੀ ਤੋਂ ਦੂਰੀ ਬਣਾ ਰੱਖੀ ਸੀ | ਲੋਕ ਸਭਾ ਚੋਣਾਂ ਸਾਲ 2024 ਤੋਂ ਪਹਿਲਾਂ ਸਾਹਮਣੇ ਆਏ ਸ਼ਰਾਬ ਘੁਟਾਲੇ ਜਿਸ 'ਚ ਪਾਰਟੀ ਦੇ ਕਨਵੀਨਰ ਅਰਵਿੰਦ ਕੇਜਰੀਵਾਲ ਸਮੇਤ ਸਿਖਰਲੀ ਲੀਡਰਸ਼ਿਪ ਨਿਸ਼ਾਨੇ 'ਤੇ ਆਈ ਸੀ | ਰਾਘਵ ਚੱਢਾ ਨੇ ਉਸ ਵੇਲੇ ਪਾਰਟੀ ਜਾਂ ਨੇਤਾਵਾਂ ਨੂੰ ਲੈ ਕੇ ਕੋਈ ਬਿਆਨ ਨਹੀਂ ਦਿੱਤਾ | ਫਰਵਰੀ 2025 'ਚ ਵੀ ਦਿੱਲੀ ਵਿਧਾਨ ਸਭਾ ਚੋਣਾਂ 'ਚ 'ਆਪ' ਨੂੰ ਮਿਲੀ ਹਾਰ 'ਤੇ ਵੀ ਉਨ੍ਹਾਂ ਚੁੱਪੀ ਧਾਰੀ ਰੱਖੀ | ਫਰਵਰੀ 2026 'ਚ ਹੇਠਲੀ ਅਦਾਲਤ ਵਲੋਂ ਕੇਜਰੀਵਾਲ, ਮਨੀਸ਼ ਸਿਸੋਦੀਆ ਸਮੇਤ ਹੋਰਨਾਂ ਨੂੰ ਸੀ.ਬੀ.ਆਈ. ਦੇ ਮਾਮਲੇ 'ਚ ਬਰੀ ਹੋਣ 'ਤੇ ਵੀ ਉਨ੍ਹਾਂ ਪਾਰਟੀ ਅਤੇ ਜਸ਼ਨਾਂ ਤੋਂ ਦੂਰੀ ਬਣਾਈ ਰੱਖੀ | ਰਾਜ ਸਭਾ 'ਚ ਦਿੱਤੇ ਭਾਸ਼ਨਾਂ 'ਚ ਵੀ ਉਨ੍ਹਾਂ ਨਾ ਤਾਂ ਨਿੱਤ ਪਾਰਟੀ ਦਾ ਜ਼ਿਕਰ ਕੀਤਾ, ਨਾ ਹੀ ਪਾਰਟੀ ਲਾਈਨ ਨੂੰ ਕੁਝ ਖਾਸ ਅਹਿਮੀਅਤ ਦਿੱਤੀ, ਜਿਸ ਤੋਂ ਬਾਅਦ ਪਾਰਟੀ ਨੇ 2 ਅਪ੍ਰੈਲ ਨੂੰ ਰਾਘਵ ਚੱਢਾ ਨੂੰ ਰਾਜ ਸਭਾ 'ਚੋਂ ਪਾਰਟੀ ਦੇ ਉੱਪ ਨੇਤਾ ਦੇ ਅਹੁਦੇ ਤੋਂ ਹਟਾ ਕੇ ਅਸ਼ੋਕ ਮਿੱਤਲ ਨੂੰ ਉਪਰਲੇ ਸਦਨ 'ਚ ਉਪ ਨੇਤਾ ਬਣਾ ਦਿੱਤਾ, ਜਿਸ ਤੋਂ ਬਾਅਦ ਪਾਰਟੀ ਅਤੇ ਰਾਘਵ ਚੱਢਾ ਦਰਮਿਆਨ ਨਰਾਜ਼ਗੀ ਸ਼ਰ੍ਹੇਆਮ ਹੋ ਗਈ ਤੇ ਦੋਵੇਂ ਇਕ-ਦੂਜੇ 'ਤੇ ਇਲਜ਼ਾਮ ਲਾਉਣ ਲੱਗੇ |
ਮੈਂ ਗਲਤ ਪਾਰਟੀ 'ਚ ਸਹੀ ਵਿਅਕਤੀ ਸੀ-ਰਾਘਵ ਚੱਢਾ
ਰਾਘਵ ਚੱਢਾ ਨੇ ਸ਼ੁੱਕਰਵਾਰ ਨੂੰ ਪ੍ਰੈੱਸ ਕਾਨਫਰੰਸ ਕਰਕੇ ਆਪਣੀ 'ਪੁਰਾਣੀ' ਪਾਰਟੀ ਪ੍ਰਤੀ ਤਲਖੀ ਬਾਰੇ ਬੋਲਦਿਆਂ ਕਿਹਾ ਕਿ ਪਿਛਲੇ ਕੁਝ ਸਾਲਾਂ ਤੋਂ ਉਹ ਮਹਿਸੂਸ ਕਰ ਰਹੇ ਸਨ ਕਿ ਉਹ ਗਲਤ ਪਾਰਟੀ 'ਚ ਸਹੀ ਵਿਅਕਤੀ ਸਨ | ਉਨ੍ਹਾਂ ਭਾਜਪਾ 'ਚ ਜਾਣ ਦਾ ਐਲਾਨ ਕਰਦਿਆਂ ਕਿਹਾ ਕਿ ਉਹ ਆਮ ਆਦਮੀ ਪਾਰਟੀ ਤੋਂ ਦੂਰ ਜਾ ਰਹੇ ਹਨ ਅਤੇ ਜਨਤਾ ਵੱਲ ਵੱਧ ਰਹੇ ਹਨ | ਉਨ੍ਹਾਂ ਦੋਸ਼ ਲਾਉਂਦਿਆਂ ਕਿਹਾ ਕਿ 'ਆਪ' ਆਪਣੇ ਉਨ੍ਹਾਂ ਆਦਰਸ਼ਾਂ ਅਤੇ ਬੁਨਿਆਦੀ ਕਦਰਾਂ ਤੋਂ ਪੂਰੀ ਤਰ੍ਹਾਂ ਭਟਕ ਗਈ ਹੈ, ਜਿਸ ਦੇ ਲਈ ਇਸ ਨੂੰ ਬਣਾਇਆ ਗਿਆ ਸੀ | ਉਨ੍ਹਾਂ ਨੇ ਭਾਜਪਾ 'ਚ ਰਸਮੀ ਤੌਰ 'ਤੇ ਸ਼ਾਮਿਲ ਹੋਣ ਤੋਂ ਪਹਿਲਾਂ ਕੀਤੀ ਸੰਖੇਪ ਜਿਹੀ ਪ੍ਰੈੱਸ ਕਾਨਫਰੰਸ 'ਚ
 ਕਿਹਾ ਕਿ ਭਾਜਪਾ 'ਚ ਸ਼ਾਮਿਲ ਹੋਣ ਦਾ ਕੰਮ ਅੱਜ ਸ਼ਾਮ ਨੂੰ ਹੋ ਜਾਵੇਗਾ | ਉਨ੍ਹਾਂ ਕਿਹਾ ਕਿ ਭਾਰਤ ਦਾ ਸੰਵਿਧਾਨ ਇਹ ਅਧਿਕਾਰ ਦਿੰਦਾ ਹੈ ਕਿ ਜਦੋਂ ਦੋ ਤਿਹਾਈ ਤੋਂ ਵੱਧ ਸੰਸਦ ਮੈਂਬਰ ਕਿਸੇ ਦੂਜੀ ਪਾਰਟੀ 'ਚ ਜਾਣਾ ਚਾਹੁਣ ਤਾਂ ਉਹ ਅਜਿਹਾ ਕਰ ਸਕਦੇ ਹਨ |
ਰਾਜ ਸਭਾ ਦੇ ਚੇਅਰਮੈਨ ਨੂੰ ਸੌਂਪੀ ਚਿੱਠੀ
ਆਮ ਆਦਮੀ ਪਾਰਟੀ ਦੇ 7 ਬਾਗੀ ਮੈਂਬਰਾਂ ਦੇ ਦਸਤਖਤਾਂ ਵਾਲੀ ਚਿੱਠੀ ਸ਼ੁੱਕਰਵਾਰ ਸਵੇਰੇ ਉਪ ਰਾਸ਼ਟਰਪਤੀ ਅਤੇ ਰਾਜ ਸਭਾ ਦੇ ਚੇਅਰਮੈਨ ਸੀ.ਪੀ. ਰਾਧਾਕ੍ਰਿਸ਼ਣਨ ਦੇ ਸਪੁਰਦ ਕੀਤੀ ਗਈ | ਉਕਤ ਜਾਣਕਾਰੀ ਵੀ ਰਾਘਵ ਚੱਢਾ ਨੇ ਪ੍ਰੈੱਸ ਕਾਨਫਰੰਸ 'ਚ ਦਿੱਤੀ | ਹਾਲਾਂਕਿ ਪ੍ਰੈੱਸ ਕਾਨਫਰੰਸ 'ਚ ਸਿਰਫ ਤਿੰਨ ਹੀ ਸੰਸਦ ਮੈਂਬਰ ਮੌਜੂਦ ਸਨ-ਰਾਘਵ ਚੱਢਾ, ਅਸ਼ੋਕ ਮਿੱਤਲ ਅਤੇ ਸੰਦੀਪ ਪਾਠਕ |
ਰਾਘਵ ਚੱਢਾ ਦੀ ਥਾਂ 'ਤੇ ਜਿਸ ਨੂੰ ਉਪ ਨੇਤਾ ਬਣਾਇਆ ਉਸ ਨੇ ਵੀ ਛੱਡੀ ਪਾਰਟੀ
ਰਾਘਵ ਚੱਢਾ ਦੀ ਥਾਂ 'ਤੇ ਰਾਜ ਸਭਾ 'ਚ 'ਆਪ' ਦੇ ਉਪ ਨੇਤਾ ਬਣੇ ਅਸ਼ੋਕ ਮਿੱਤਲ ਵੀ ਬਾਗੀਆਂ ਦੀ ਕਤਾਰ 'ਚ ਖੜ੍ਹੇ ਨਜ਼ਰ ਆਏ | ਹਾਲਾਂਕਿ ਮਿੱਤਲ ਨੇ ਪ੍ਰੈੱਸ ਕਾਨਫਰੰਸ 'ਚ ਕੁਝ ਵੀ ਬਿਆਨ ਨਹੀਂ ਦਿੱਤਾ | ਦੱਸਣਯੋਗ ਹੈ ਕਿ ਲਵਲੀ ਪ੍ਰੋਫੈਸ਼ਨਲ ਯੂਨੀਵਰਸਟੀ (ਐੱਲ.ਪੀ.ਯੂ.) ਦੇ ਸੰਸਥਾਪਕ ਅਤੇ ਚਾਂਸਲਰ 2 ਅਪ੍ਰੈਲ ਨੂੰ ਰਾਜ ਸਭਾ 'ਚ 'ਆਪ' ਦੇ ਉਪ ਨੇਤਾ ਬਣੇ ਸਨ ਅਤੇ 15 ਅਪ੍ਰੈਲ ਨੂੰ ਮਿੱਤਲ ਦੇ ਠਿਕਾਣਿਆਂ 'ਤੇ ਈ. ਡੀ. ਦਾ ਛਾਪਾ ਪਿਆ ਸੀ | ਈ. ਡੀ. ਨੇ ਜਲੰਧਰ 'ਚ ਮਿੱਤਲ ਦੇ ਘਰ ਐਲ. ਪੀ. ਯੂ. ਸਮੇਤ ਹੋਰ ਠਿਕਾਣਿਆਂ 'ਤੇ ਛਾਪੇਮਾਰੀ ਕੀਤੀ ਸੀ | 3 ਦਿਨ ਚਲੀ ਇਹ ਛਾਪੇਮਾਰੀ ਵਿਦੇਸ਼ੀ ਮੁਦਰਾ ਪ੍ਰਬੰਧਨ ਕਾਨੂੰਨ ਐਫ. ਈ. ਐਮ. ਏ. ਦੇ ਉਲੰਘਣ ਨਾਲ ਜੁੜੀ ਜਾਂਚ ਤਹਿਤ ਕੀਤੀ ਸੀ | ਛਾਪੇਮਾਰੀ ਤੋਂ ਇਕ ਹਫ਼ਤੇ ਬਾਅਦ ਅਸ਼ੋਕ ਮਿੱਤਲ ਨੇ ਰਾਘਵ ਚੱਢਾ ਦੇ ਨਾਲ ਪਾਰਟੀ ਛੱਡਣ ਦਾ ਐਲਾਨ ਕਰ ਦਿੱਤਾ |
'ਆਪ' ਦੇ ਚਾਣਕਯ ਨੇ ਵੀ ਛੱਡਿਆ ਸਾਥ
'ਆਪ' ਦੇ ਚਾਣਕਯ ਮੰਨੇ ਜਾਂਦੇ ਸੰਦੀਪ ਪਾਠਕ ਨੇ ਵੀ ਪਾਰਟੀ ਦਾ ਸਾਥ ਛੱਡ ਦਿੱਤਾ | ਪ੍ਰੈੱਸ ਕਾਨਫਰੰਸ 'ਚ ਰਾਘਵ ਚੱਢਾ ਦੇ ਨਾਲ ਬੈਠੇ ਸੰਦੀਪ ਪਾਠਕ ਨੇ ਸੰਜਮ ਨਾਲ ਸ਼ਬਦਾਂ ਦੀ ਚੋਣ ਕਰਦਿਆਂ ਪਾਰਟੀ ਤੋਂ ਵੱਖ ਹੋਣ ਦੀ ਗੱਲ ਆਖੀ, ਜਿਸ 'ਚ ਉਨ੍ਹਾਂ ਪਾਰਟੀ ਦੇ ਕਨਵੀਨਰ ਅਰਵਿੰਦ ਕੇਜਰੀਵਾਲ ਦਾ ਬਕਾਇਦਾ ਧੰਨਵਾਦ ਵੀ ਕੀਤਾ ਤੇ ਕਿਹਾ ਕਿ ਉਨ੍ਹਾਂ ਸਿਆਸਤ ਤਪੱਸਿਆ ਵਾਂਗ ਕੀਤੀ ਹੈ | ਆਮ ਆਦਮੀ ਪਾਰਟੀ ਨੂੰ ਇਹ ਝਟਕਾ ਉਸ ਵੇਲੇ ਲੱਗਾ ਹੈ, ਜਦੋਂ ਉਹ ਗੁਜਰਾਤ 'ਚ ਸਥਾਨਕ ਚੋਣਾਂ 'ਚ ਭਾਜਪਾ ਨੂੰ ਟੱਕਰ ਦੇਣ ਦੀ ਕੋਸ਼ਿਸ 'ਚ ਹੈ ਅਤੇ ਮਨੀਸ਼ ਸਿਸੋਦੀਆ ਗੁਜਰਾਤ ਸੋਰਾਸ਼ਟਰ 'ਚ ਚੋਣ ਪ੍ਰਚਾਰ ਕਰ ਰਹੇ ਸਨ | ਸੰਦੀਪ ਪਾਠਕ ਗੁਜਰਾਤ ਦੇ ਮੋਰਚੇ 'ਤੇ ਵੀ ਕੰਮ ਕਰ ਚੁੱਕੇ ਹਨ | ਪੰਜਾਬ ਦੀ ਜਿੱਤ 'ਚ ਵੀ ਉਨ੍ਹਾਂ ਦੀ ਭੂਮਿਕਾ ਕਾਫੀ ਅਹਿਮ ਮੰਨੀ ਜਾਂਦੀ ਹੈ | ਸੰਸਦ ਦੇ ਗਲਿਆਰਿਆਂ 'ਚ ਵੀ ਉਹ ਅਕਸਰ ਆਪਣੇ ਸਾਥੀ ਸੰਸਦ ਮੈਂਬਰਾਂ ਨਾਲ ਵਿਉਂਤ ਘੜਦੇ ਨਜ਼ਰ ਆਏ |
ਭਾਜਪਾ ਦੇ ਰਾਸ਼ਟਰੀ ਪ੍ਰਧਾਨ ਨੇ ਕਰਵਾਈ ਪਾਰਟੀ 'ਚ ਸ਼ਮੂਲੀਅਤ
'ਆਪ' ਦੇ ਤਿੰਨੋਂ ਮੈਂਬਰਾਂ, ਜਿਨ੍ਹਾਂ ਨੇ ਪਹਿਲਾਂ ਪ੍ਰੈੱਸ ਕਾਨਫਰੰਸ ਕੀਤੀ ਸੀ, ਰਾਘਵ ਚੱਢਾ, ਅਸ਼ੋਕ ਮਿੱਤਲ ਤੇ ਸੰਦੀਪ ਪਾਠਕ, ਦੀ ਅਹਿਮਿਅਤ ਦਾ ਅੰਦਾਜ਼ਾ ਇਸ ਤੋਂ ਲਾਇਆ ਜਾ ਸਕਦਾ ਹੈ ਕਿ ਭਾਜਪਾ ਦੇ ਰਾਸ਼ਟਰੀ ਪ੍ਰਧਾਨ ਨਿਤਿਨ ਨਬੀਨ ਨੇ ਆਪ ਉਨ੍ਹਾਂ ਨੂੂੁੁੰ ਪਾਰਟੀ 'ਚ ਸ਼ਾਮਿਲ ਕਰਵਾਇਆ | ਨਿਤਿਨ ਨਬੀਨ ਨੇ ਫੁੱਲਾਂ ਦੇ ਨਾਲ ਤਿੰਨੋਂ ਨੇਤਾਵਾਂ ਦਾ ਸਵਾਗਤ ਕੀਤਾ ਅਤੇ ਉਨ੍ਹਾਂ ਦਾ ਮੰੂਹ ਮਿੱਠਾ ਕਰਵਾਇਆ | ਤਿੰਨੋਂ ਨੇਤਾ ਪ੍ਰੈੱਸ ਕਾਨਫਰੰਸ ਤੋਂ ਬਾਅਦ ਸਿੱਧੇ ਭਾਜਪਾ ਦੇ ਮੁੱਖ ਦਫ਼ਤਰ 'ਚ ਪਹੁੰਚੇ, ਜਿੱਥੇ ਨਿਤਿਨ ਨਬੀਨ ਨੇ ਆਪਣੇ ਕੈਬਿਨ 'ਚ ਉਨ੍ਹਾਂ ਨੂੰ ਪਾਰਟੀ 'ਚ ਸ਼ਾਮਿਲ ਕਰਵਾਇਆ |
ਬਾਕੀ ਚਾਰੋਂ ਨੇਤਾ ਅਧਿਕਾਰਕ ਤੌਰ 'ਤੇ ਭਾਜਪਾ 'ਚ
ਰਾਘਵ ਚੱਢਾ, ਸੰਦੀਪ ਪਾਠਕ ਅਤੇ ਅਸ਼ੋਕ ਮਿੱਤਲ ਨੂੰ ਇਲਾਵਾ ਬਾਕੀ ਚਾਰੋਂ ਨੇਤਾਵਾਂ ਨੇ ਪ੍ਰੈੱਸ ਕਾਨਫਰੰਸ ਅਤੇ ਭਾਜਪਾ ਦੇ ਮੁੱਖ ਦਫ਼ਤਰ ਦੇ ਪ੍ਰੋਗਰਾਮ ਤੋਂ ਦੂਰੀ ਬਣਾਈ ਰੱਖੀ | ਇਨ੍ਹਾਂ 'ਚੋਂ ਵਿਕਰਮਜੀਤ ਸਾਹਨੀ ਨਾਲ 'ਅਜੀਤ' ਨੇ ਜਦੋਂ ਰਾਬਤਾ ਕਰਨ ਦੀ ਕੋਸ਼ਿਸ਼ ਕੀਤੀ ਤਾਂ ਉਨ੍ਹਾਂ ਦੀ ਟੀਮ ਵਲੋਂ ਉਨ੍ਹਾਂ ਦੀ ਖਰਾਬ ਸਿਹਤ ਦਾ ਹਵਾਲਾ ਦਿੰਦਿਆਂ ਕਿਹਾ ਕਿ ਉਹ ਭਾਜਪਾ ਦੇ ਪ੍ਰੋਗਰਾਮ 'ਚ ਸ਼ਾਮਿਲ ਨਹੀਂ ਹੋਣਗੇ | ਸਵਾਤੀ ਮਾਲੀਵਾਲ, ਜਿਸ ਦੀ ਆਮ ਆਦਮੀ ਪਾਰਟੀ ਨਾਲ ਰੰਜਿਸ਼ ਸ਼ਰੇ੍ਹੇਆਮ ਹੈ, ਨੇ ਸੋਸ਼ਲ ਮੀਡੀਆ ਮੰਚ ਐਕਸ 'ਤੇ ਦਿੱਲੀ 'ਚ ਨਾ ਹੋਣ ਦੀ ਜਾਣਕਾਰੀ ਦਿੰਦਿਆਂ ਕਿਹਾ ਕਿ ਉਹ ਇਸ ਵੇਲੇ ਈਟਾਨਗਰ 'ਚ ਹਨ ਅਤੇ ਬਾਅਦ 'ਚ ਇਸ 'ਤੇ ਵਿਸਥਾਰ ਨਾਲ ਗੱਲ ਕਰਨਗੇ | ਉਨ੍ਹਾਂ ਆਪਣੇ ਸੰਦੇਸ਼ 'ਚ ਇਹ ਵੀ ਕਿਹਾ ਕਿ ਕੇਜਰੀਵਾਲ ਜੀ ਦੀ ਸਰਪ੍ਰਸਤੀ 'ਚ 'ਆਪ' 'ਚ ਵੱਧਦਾ ਬੇਹਿਸਾਬ ਭਿ੍ਸ਼ਟਾਚਾਰ, ਔਰਤਾਂ ਦੇ ਨਾਲ ਕੁੱਟ-ਮਾਰ ਦੀਆਂ ਘਟਨਾਵਾਂ, ਗੁੰਡਾ ਰਾਜ ਨੂੰ ਬੜਾਵਾ ਅਤੇ ਪੰਜਾਬ ਦੇ ਨਾਲ ਹੋ ਰਹੀ ਧੋਖੇਬਾਜੀ ਅਤੇ ਲੁੱਟ ਨੂੰ ਵੇਖਦਿਆਂ ਉਨ੍ਹਾਂ ਪਾਰਟੀ ਛੱਡਣ ਦਾ ਫ਼ੈਸਲਾ ਕੀਤਾ | 'ਆਪ' ਛੱਡਣ ਵਾਲੇ ਬਾਕੀ ਹੋਰ ਦੋ ਸੰਸਦ ਮੈਂਬਰਾਂ, ਕ੍ਰਿਕਟਰ ਹਰਭਜਨ ਸਿੰਘ ਅਤੇ ਟ੍ਰਾਈਡੈਂਟ ਗਰੁੱਪ ਦੇ ਚੇਅਰਮੈਨ ਰਜਿੰਦਰ ਗੁਪਤਾ ਵਲੋਂ ਕੋਈ ਜਨਤਕ ਬਿਆਨ ਨਹੀਂ ਦਿੱਤਾ ਗਿਆ ਤੇ ਨਾ ਹੀ ਸੋਸ਼ਲ ਮੀਡੀਆ ਮੰਚ 'ਤੇ ਕੋਈ ਬਿਆਨਬਾਜ਼ੀ ਕੀਤੀ ਗਈ ਹੈ | ਹਾਲਾਂਕਿ ਦੋਵੇਂ ਨੇਤਾਵਾਂ ਦੇ ਪ੍ਰੋਫਾਈਲ 'ਤੇ 'ਆਪ' ਦਾ ਨਾਂਅ ਗਾਇਬ ਹੈ ਅਤੇ ਸਿਰਫ਼ ਰਾਜ ਸਭਾ ਮੈਂਬਰ ਲਿਖਿਆ ਹੋਇਆ ਹੈ |
ਮੈਂ ਉਥੇ ਹੀ ਹਾਂ, ਜਿੱਥੇ ਸੀ-ਸੀਚੇਵਾਲ
ਰਾਜ ਸਭਾ 'ਚ ਪੰਜਾਬ ਦੇ 'ਆਪ' ਸੰਸਦ ਮੈਂਬਰਾਂ ਦੀ ਬਗਾਵਤ ਦੀ ਹਨੇਰੀ 'ਚੋਂ ਬਚੇ ਇਕੋ-ਇਕ ਰਾਜ ਸਭਾ ਮੈਂਬਰ ਸੰਤ ਬਲਬੀਰ ਸਿੰਘ ਸੀਚੇਵਾਲ ਨਾਲ ਜਦੋਂ ਇਸ ਬਗਾਵਤ ਨੂੰ ਲੈ ਕੇ 'ਅਜੀਤ' ਵਲੋਂ ਸੰਪਰਕ ਕੀਤਾ ਗਿਆ ਤਾਂ ਉਨ੍ਹਾਂ ਕਿਹਾ ਕਿ ਉਹ ਉਥੇ ਹੀ ਹਨ, ਜਿੱਥੇ ਸੀ | ਭਾਵ ਉਹ ਹਾਲੇ ਵੀ ਆਮ ਆਦਮੀ ਪਾਰਟੀ ਦੇ ਨਾਲ ਹਨ |

Ad Position 22
No active advertisement
ਪਿਛਲੀ ਖ਼ਬਰ ਸਮਰਾਟ ਚÏਧਰੀ ਸਰਕਾਰ ਨੇ ਬਿਹਾਰ ਵਿਧਾਨ ਸਭਾ 'ਚ ਵਿਸ਼ਵਾਸ ਮਤ ਜਿੱਤਿਆ ਅਗਲੀ ਖ਼ਬਰ ਪਾਰਟੀ ਨੂੰ ਛੱਡਣ ਵਾਲੇ ਹਨ ਗ਼ਦਾਰ-ਭਗਵੰਤ ਮਾਨ
Ad Position 24
No active advertisement