ਨਵੀਂ ਦਿੱਲੀ, 26 ਅਪ੍ਰੈਲ (ਉਪਮਾ ਡਾਗਾ ਪਾਰਥ)-ਦਿੱਲੀ ਹਵਾਈ ਅੱਡੇ 'ਤੇ ਹੋਏ ਇਕ ਹਾਦਸੇ 'ਚ ਸਵਿਸ ਏਅਰ ਦੀ ਇਕ ਉਡਾਣ ਦੇ ਇੰਜਣ ਫੇਲ੍ਹ ਹੋਣ ਨਾਲ ਇਸ 'ਚ ਅੱਗ ਲੱਗ ਗਈ ਜਿਸ 'ਚ 6 ਮੁਸਾਫਿਰ ਜ਼ਖ਼ਮੀ ਹੋ ਗਏ | ਹਾਸਿਲ ਜਾਣਕਾਰੀ ਮੁਤਾਬਿਕ ਐਤਵਾਰ ਸਵੇਰ ਸਵਿਸ ਏਅਰ ਦੀ ਦਿੱਲੀ ਤੋਂ ਜਿਊਰਿਖ ਜਾ ਰਹੀ ਉਡਾਣ ਦਾ ਇੰਜਣ ਫੇਲ੍ਹ ਹੋਣ ਤੋਂ ਬਾਅਦ ਸਾਰੇ ਲੋਕਾਂ ਨੂੰ ਦਿੱਲੀ ਹਵਾਈ ਅੱਡੇ ਦੇ ਰਨਵੇ 'ਤੇ ਐਮਰਜੈਂਸੀ ਸਲਾਈਡ ਦੀ ਵਰਤੋਂ ਕਰਕੇ ਬਾਹਰ ਕੱਢਣਾ ਪਿਆ | ਸਵਿਸ ਏਅਰ ਵਲੋਂ ਜਾਰੀ ਬਿਆਨ 'ਚ ਕਿਹਾ ਗਿਆ ਕਿ ਸਾਨੂੰ ਦਿੱਲੀ 'ਚ ਉਡਾਣ ਐੱਲ ਐਕਸ 147 ਨਾਲ ਜੁੜੀ ਇਕ ਘਟਨਾ ਦੀ ਜਾਣਕਾਰੀ ਮਿਲੀ ਹੈ | ਇਸ ਘਟਨਾ 'ਚ ਸ਼ਾਮਿਲ ਜਹਾਜ਼ ਏਅਰਬਸ ਏ-330 ਹੈ | ਕੰਪਨੀ ਨੇ ਕਿਹਾ ਕਿ ਸਵਿਸ ਏਅਰ ਨੇ ਇਕ ਟਾਸਕ ਫੋਰਸ ਦਾ ਗਠਨ ਕੀਤਾ ਹੈ | ਜਹਾਜ਼ 'ਚ ਸਵਾਰ 232 ਮੁਸਾਫਿਰਾਂ 'ਚ 4 ਬੱਚਿਆਂ ਤੋਂ ਇਲਾਵਾ ਅਮਲੇ ਦੇ 13 ਮੈਂਬਰ ਸ਼ਾਮਿਲ ਸਨ | ਬਿਆਨ ਮੁਤਾਬਿਕ ਉਡਾਣ ਭਰਨ ਤੋਂ ਕੁਝ ਹੀ ਦੇਰ ਬਾਅਦ ਭਾਰਤੀ ਸਮੇਂ ਮੁਤਾਬਿਕ ਰਾਤ ਇਕ ਵਜੇ ਤੋਂ ਬਾਅਦ ਜਹਾਜ਼ ਦੇ ਇਕ ਇੰਜਣ 'ਚ ਕੁਝ ਤਕਨੀਕੀ ਖਰਾਬੀ ਆ ਗਈ | ਅਮਲੇ ਨੇ ਉਡਾਣ ਭਰਨ ਦਾ ਫੈਸਲਾ ਰੱਦ ਕਰ ਦਿੱਤਾ ਅਤੇ ਹਾਲਾਤ ਦਾ ਜਾਇਜ਼ਾ ਲੈਣ ਤੋਂ ਬਾਅਦ ਵਜੋਂ ਜਹਾਜ਼ ਨੂੰ ਖਾਲੀ ਕਰਵਾਉਣ ਦਾ ਫੈਸਲਾ ਕੀਤਾ | ਬਿਆਨ 'ਚ ਕਿਹਾ ਗਿਆ ਕਿ 6 ਮੁਸਾਫਿਰਾਂ ਦਾ ਇਲਾਜ ਚੱਲ ਰਿਹਾ ਹੈ | ਇਸ ਘਟਨਾ ਦੀ ਜਾਂਚ ਨੂੰ ਪੂਰੀ ਤਰ੍ਹਾਂ ਸਮਝਣ ਲਈ ਸਾਡੀ ਟੀਮ ਛੇਤੀ ਹੀ ਦਿੱਲੀ ਜਾਏਗੀ | ਜ਼ਿਕਰਯੋਗ ਹੈ ਕਿ ਦਿੱਲੀ ਦੇ ਇੰਦਰਾ ਗਾਂਧੀ ਅੰਤਰਰਾਸ਼ਟਰੀ ਹਵਾਈ ਅੱਡੇ 'ਤੇ ਪਿਛਲੇ 10 ਦਿਨਾਂ 'ਚ ਹਵਾਈ ਹਾਦਸੇ ਦੀ ਦੂਜੀ ਘਟਨਾ ਹੈ | 16 ਅਪ੍ਰੈਲ ਨੂੰ ਸਪਾਈਸਜੈੱਟ ਅਤੇ ਅਕਾਸਾ ਏਅਰ ਜਹਾਜ਼ ਆਪਸ 'ਚ ਟਕਰਾ ਗਏ ਸਨ |