ਹਰਕਵਲਜੀਤ ਸਿੰਘ
ਚੰਡੀਗੜ੍ਹ, 1 ਮਈ-ਪੰਜਾਬ ਵਿਧਾਨ ਸਭਾ ਦੇ ਇਕ ਦਿਨਾ ਵਿਸ਼ੇਸ਼ ਸਮਾਗਮ ਦੌਰਾਨ ਸਰਕਾਰ ਵਿਚ ਭਰੋਸੇ ਦੇ ਵੋਟ ਨੂੰ ਅੱਜ ਸਰਬਸੰਮਤੀ ਨਾਲ ਪ੍ਰਵਾਨ ਕਰ ਲਿਆ ਗਿਆ | ਕਾਂਗਰਸ, ਅਕਾਲੀ ਦਲ ਤੇ ਭਾਜਪਾ ਮੈਂਬਰਾਂ ਦੀ ਗੈਰ-ਹਾਜ਼ਰੀ ਦੌਰਾਨ ਸਦਨ ਵਿਚ ਇਹ ਮਤਾ ਮੁੱਖ ਮੰਤਰੀ ਭਗਵੰਤ ਮਾਨ ਵਲੋਂ ਪੇਸ਼ ਕੀਤਾ ਗਿਆ ਲੇਕਿਨ ਬਸਪਾ ਦੇ ਇਕੋ ਇਕ ਮੈਂਬਰ ਨਛੱਤਰਪਾਲ ਅਤੇ ਆਜ਼ਾਦ ਮੈਂਬਰ ਰਾਣਾ ਇੰਦਰਪ੍ਰਤਾਪ ਸਿੰਘ ਜੋ ਸਦਨ ਵਿਚ ਹਾਜ਼ਰ ਸਨ, ਦੇ ਖ਼ਾਮੋਸ਼ ਰਹਿਣ ਕਾਰਨ ਭਰੋਸੇ ਦਾ ਵੋਟ ਸਰਬਸੰਮਤੀ ਨਾਲ ਪਾਸ ਹੋ ਗਿਆ ਪ੍ਰੰਤੂ ਸਪੀਕਰ ਵਲੋਂ ਹੱਕ ਵਿਚਲੀਆਂ ਵੋਟਾਂ ਦੀ ਗਿਣਤੀ ਕਰਵਾਉਣ ਦੀ ਮੰਗ ਨਾ ਹੋਣ ਕਾਰਨ ਗਿਣਤੀ ਨਹੀਂ ਕਰਵਾਈ ਗਈ | ਆਮ ਆਦਮੀ ਪਾਰਟੀ ਵਲੋਂ ਸਦਨ ਵਿਚ ਹਾਜ਼ਰ ਰਹਿਣ ਸੰਬੰਧੀ ਅੱਜ ਵਿ੍ਹਪ ਜਾਰੀ ਕੀਤਾ ਹੋਇਆ ਸੀ | ਵਿਧਾਨ ਸਭਾ ਦੇ ਰਜਿਸਟਰ ਵਿਚ ਭਰੋਸੇ ਦੇ ਮਤੇ ਤੋਂ ਕੁਝ ਸਮਾਂ ਪਹਿਲਾਂ 88 ਮੈਂਬਰ ਦਸਤਖ਼ਤ ਕਰ ਚੁੱਕੇ ਸਨ ਅਤੇ ਪਾਰਟੀ ਦੇ ਦੋ ਵਿਧਾਇਕ ਲਾਲਜੀਤ ਸਿੰਘ ਭੁੱਲਰ ਅਤੇ ਹਰਮੀਤ ਸਿੰਘ ਪਠਾਨਮਾਜਰਾ ਜੇਲ੍ਹ ਵਿਚ ਹਨ ਜਦੋਂ ਕਿ ਕੁੰਵਰ ਵਿਜੇ ਪ੍ਰਤਾਪ ਸਿੰਘ ਮੁਅੱਤਲ ਹਨ ਅਤੇ ਇਜਲਾਸ ਵਿਚ ਹਾਜ਼ਰ ਨਹੀਂ ਸਨ | ਮੁੱਖ ਮੰਤਰੀ ਨੇ ਭਰੋਸੇ ਦੇ ਮਤੇ 'ਤੇ ਬੋਲਦਿਆਂ ਕਿਹਾ ਕਿ ਸਾਡੀ ਪਾਰਟੀ ਦੇ ਗੁਜਰਾਤ, ਗੋਆ, ਜੰਮੂ ਵਿਚ ਵੀ ਵਿਧਾਇਕ ਹਨ ਅਤੇ ਗੁਜਰਾਤ ਸਥਾਨਕ ਸੰਸਥਾਵਾਂ ਦੀਆਂ ਚੋਣਾਂ ਦੌਰਾਨ ਵੀ ਪਾਰਟੀ ਨੂੰ ਵੱਡੀ ਸਫ਼ਲਤਾ ਮਿਲੀ ਹੈ | ਉਨ੍ਹਾਂ ਕਿਹਾ ਕਿ ਵਿਰੋਧੀ ਧਿਰ ਦੇ ਜੋ ਆਗੂ ਸਾਡੇ ਵਿਧਾਇਕਾਂ ਨਾਲ ਸੰਪਰਕ ਦੇ ਦਾਅਵੇ ਕਰਦੇ ਹਨ, ਅਸਲ ਵਿਚ ਉਨ੍ਹਾਂ ਦੇ ਆਪਣੇ ਵਿਧਾਇਕ ਵੀ ਉਨ੍ਹਾਂ ਦੇ ਸੰਪਰਕ 'ਚ ਨਹੀਂ ਹਨ | ਮੁੱਖ ਮੰਤਰੀ ਕਿਹਾ ਕਿ ਝਾੜੂ ਜਦੋਂ ਸਫ਼ਾਈ ਕਰਦਾ ਹੈ ਤਾਂ ਨਿੱਕੇ-ਮੋਟੇ ਤੀਲੇ੍ਹ ਕਈ ਵਾਰ ਡਿੱਗਦੇ ਰਹਿੰਦੇ ਹਨ | ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਟੁੱਟਣ ਵਾਲੀ ਨਹੀਂ | ਪਾਰਟੀ ਦੇ ਸੂਬਾ ਪ੍ਰਧਾਨ ਤੇ ਕੈਬਨਿਟ ਮੰਤਰੀ ਅਮਨ ਅਰੋੜਾ ਨੇ ਕਿਹਾ ਕਿ ਅੱਜ ਦਾ ਭਰੋਸੇ ਦਾ ਵੋਟ ਵਿਰੋਧੀਆਂ ਦੇ ਮੂੰਹ ਬੰਦ ਕਰਨ ਲਈ ਲਿਆਂਦਾ ਗਿਆ ਹੈ | ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਜਿਨ੍ਹਾਂ ਭਰੋਸੇ ਦੇ ਮਤੇ ਦੀ ਪ੍ਰੋੜ੍ਹਤਾ ਕੀਤੀ, ਨੇ ਕਿਹਾ ਕਿ ਭਾਜਪਾ ਦੇਸ਼ ਵਿਚ ਗੈਰ-ਜਮਹੂਰੀ ਤੇ ਗੈਰ-ਸੰਵਿਧਾਨਕ ਸ਼ਕਤੀਆਂ ਦਾ ਸਮੂਹ ਬਣ ਗਈ ਹੈ ਅਤੇ ਉਨ੍ਹਾਂ ਵਲੋਂ ਗੈਰ-ਜਮਹੂਰੀ ਢੰਗ ਨਾਲ ਸਰਕਾਰਾਂ ਤੋੜਨ ਦਾ ਕੰਮ ਕੀਤਾ ਜਾ ਰਿਹਾ ਹੈ | ਉਨ੍ਹਾਂ ਕਿਹਾ ਕਿ ਸਾਡੇ ਰਾਜ ਸਭਾ ਮੈਂਬਰ ਤੋੜਨ ਲਈ ਜਿਵੇਂ ਲਵਲੀ ਯੂਨੀਵਰਸਿਟੀ ਦੇ ਮਾਲਕ 'ਤੇ ਈ.ਡੀ ਦੀ ਛਾਪੇਮਾਰੀ ਰਾਹੀਂ ਦਬਾਅ ਬਣਾਇਆ ਗਿਆ ਅਤੇ ਦੂਜੇ ਮੈਂਬਰਾਂ 'ਤੇ ਦਬਾਅ ਪਾਇਆ ਗਿਆ ਅਤੇ ਬਿਹਾਰ 'ਚ ਨਿਤਿਸ਼ ਕੁਮਾਰ ਦੇ ਨਾਂਅ 'ਤੇ ਵੋਟ ਲੈ ਕੇ ਉਸ ਨੂੰ ਮੁੱਖ ਮੰਤਰੀ ਦੇ ਅਹੁਦੇ ਤੋਂ ਲਾਹਿਆ ਗਿਆ ਤੇ ਮਹਾਰਾਸ਼ਟਰ ਵਿਚ ਸਰਕਾਰਾਂ ਤੋੜੀਆਂ ਗਈਆਂ, ਸਭ ਦੇ ਸਾਹਮਣੇ ਹੈ | ਮੁੱਖ ਮੰਤਰੀ ਭਗਵੰਤ ਮਾਨ ਨੇ ਵੀ ਦੋਸ਼ ਲਗਾਇਆ ਕਿ ਭਾਜਪਾ ਜੋ ਵਿਸ਼ਵ ਦੀ ਸਭ ਤੋਂ ਵੱਡੀ ਪਾਰਟੀ ਹੋਣ ਦੇ ਦਾਅਵੇ ਕਰਦੀ ਹੈ, ਉਸ ਨੂੰ ਉਮੀਦਵਾਰ ਦੂਸਰੀਆਂ ਪਾਰਟੀਆਂ ਤੋਂ ਚੋਰੀ ਕਰਨੇ ਪੈ ਰਹੇ ਹਨ | ਉਨ੍ਹਾਂ ਕਿਹਾ ਕਿ ਅੱਜ ਦੇ ਭਰੋਸੇ ਦੇ ਵੋਟ ਦੀ ਇਕ ਕਾਪੀ ਉਹ ਰਾਸ਼ਟਰਪਤੀ ਨੂੰ ਵੀ 5 ਮਈ ਨੂੰ ਮੁਲਾਕਾਤ ਦੌਰਾਨ ਭੇਟ ਕਰਨਗੇ |
ਮੁੱਖ ਮੰਤਰੀ ਭਗਵੰਤ ਮਾਨ ਵਲੋਂ ਅੱਜ ਕੌਮਾਂਤਰੀ ਮਜ਼ਦੂਰ ਦਿਵਸ ਮੌਕੇ ਵਰਕਰਾਂ ਦੀਆਂ ਘੱਟੋ ਘੱਟ ਉਜ਼ਰਤਾਂ ਵਿਚ 15 ਫ਼ੀਸਦੀ ਵਾਧੇ ਦਾ ਐਲਾਨ ਕੀਤਾ | ਉਨ੍ਹਾਂ ਦੱਸਿਆ ਕਿ ਸੂਬੇ ਵਿਚ 2012 ਬਾਅਦ ਘੱਟੋ ਘੱਟ ਉਜ਼ਰਤਾਂ ਵਿਚ ਵਾਧਾ ਨਹੀਂ ਹੋਇਆ ਅਤੇ ਇਹ ਫ਼ੈਸਲਾ ਸਰਕਾਰੀ ਤੇ ਨਿੱਜੀ ਖੇਤਰ ਦੋਵਾਂ ਲਈ ਲਾਗੂ ਹੋਵੇਗਾ | ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਸਮੇਤ ਕੁਝ ਮੰਤਰੀਆਂ ਤੇ ਵਿਧਾਇਕਾਂ ਨੇ ਵੀ ਮਈ ਦਿਵਸ ਸੰਬੰਧੀ ਵਿਚਾਰ ਰੱਖੇ |
ਸਦਨ ਵਿਚ ਹੰਗਾਮਾ
ਅੱਜ ਵਿਸ਼ੇਸ਼ ਇਜਲਾਸ ਦੌਰਾਨ ਕਾਂਗਰਸ ਤੇ ਹੁਕਮਰਾਨ ਧਿਰ ਦਰਮਿਆਨ ਤਿੱਖਾ ਟਕਰਾਅ ਹੋਇਆ | ਸਦਨ ਦੀ ਕਾਰਵਾਈ ਦੌਰਾਨ ਮੁੱਖ ਮੰਤਰੀ ਨੇ ਕਾਂਗਰਸ ਮੈਂਬਰ 'ਤੇ ਟੈਲੀਫ਼ੋਨ ਵੇਖਣ ਅਤੇ ਫਿਰ ਬੈਠਕ ਦੇ ਅੰਦਾਜ਼ 'ਤੇ ਇਤਰਾਜ਼ ਉਠਾਇਆ ਲੇਕਿਨ ਸੁਖਪਾਲ ਸਿੰਘ ਖਹਿਰਾ ਨੇ ਮੁੱਖ ਮੰਤਰੀ ਦੇ ਵਿਹਾਰ 'ਤੇ ਇਤਰਾਜ਼ ਉਠਾਉਂਦਿਆਂ ਤਿੱਖੇ ਦੋਸ਼ ਲਗਾਏ | ਵਿਰੋਧੀ ਧਿਰ ਦੇ ਆਗੂ ਸ. ਪ੍ਰਤਾਪ ਸਿੰਘ ਬਾਜਵਾ ਵਲੋਂ ਮੁੱਖ ਮੰਤਰੀ ਤੇ ਦੂਜੇ ਮੈਂਬਰਾਂ ਦਾ ਐਲਕੋਮੀਟਰ ਟੈਸਟ ਕਰਵਾਉਣ ਦੀ ਮੰਗ ਰੱਖੀ | ਜਿਸ 'ਤੇ ਭਾਰੀ ਹੰਗਾਮਾ ਵੀ ਹੋਇਆ ਅਤੇ ਕਾਂਗਰਸ ਮੈਂਬਰ ਸਪੀਕਰ ਦੀ ਕੁਰਸੀ ਸਾਹਮਣੇ ਕੁਝ ਸਮਾਂ ਨਾਅਰੇਬਾਜ਼ੀ ਕਰਨ ਤੋਂ ਬਾਅਦ ਸਦਨ 'ਚੋਂ ਵਾਕਆਊਟ ਕਰ ਗਏ | ਲੇਕਿਨ ਜਦੋਂ ਕਾਂਗਰਸ ਮੈਂਬਰ ਸਦਨ ਵਿਚ ਦੁਬਾਰਾ ਆਏ ਤਾਂ ਉਨ੍ਹਾਂ ਦੁਬਾਰਾ ਸਪੀਕਰ ਨੂੰ ਐਲਕੋਮੀਟਰ ਟੈਸਟ ਪੀ.ਜੀ.ਆਈ ਰਾਹੀਂ ਤੁਰੰਤ ਕਰਵਾਉਣ ਸੰਬੰਧੀ ਲਿਖੇ ਪੱਤਰ ਦਾ ਮਾਮਲਾ ਉਠਾਇਆ | ਲੇਕਿਨ ਸਪੀਕਰ ਨੇ ਪੱਤਰ ਵਿਚਲੀ ਮੰਗ ਨੂੰ ਰੱਦ ਕਰ ਦਿੱਤਾ | ਇਸ 'ਤੇ ਕਾਂਗਰਸ ਤੇ ਹੁਕਮਰਾਨ ਪਾਰਟੀ ਦੇ ਵਿਧਾਇਕ ਦਰਮਿਆਨ ਜੰਮ ਕੇ ਨਾਅਰੇਬਾਜ਼ੀ ਹੋਈ ਅਤੇ ਸਦਨ ਦੀ ਬੈਠਕ ਸਪੀਕਰ ਨੂੰ ਮੁਲਤਵੀ ਕਰਨੀ ਪਈ | ਮੁੱਖ ਮੰਤਰੀ ਵਲੋਂ ਖਹਿਰਾ ਦਾ ਸਰਕਾਰੀ ਖਰਚੇ 'ਤੇ ਇਲਾਜ ਕਰਵਾਉਣ ਵਰਗੀ ਗੱਲ ਵੀ ਕਹੀ ਗਈ | ਜਦੋਂ ਕਿ ਪ੍ਰਤਾਪ ਸਿੰਘ ਬਾਜਵਾ ਤੇ ਖਹਿਰਾ ਵਲੋਂ ਸਦਨ ਤੋਂ ਬਾਹਰ ਜਾ ਕੇ ਮੁੱਖ ਮੰਤਰੀ 'ਤੇ ਨਸ਼ੇ ਵਿਚ ਹੋਣ ਦੇ ਦੋਸ਼ ਲਗਾਏ ਗਏ |
ਸ਼ੁਕਰਾਨਾ ਯਾਤਰਾ
ਮੁੱਖ ਮੰਤਰੀ ਨੇ ਬੇਅਦਬੀ ਸੰਬੰਧੀ ਕਾਨੂੰਨ ਦੇ ਲਾਗੂ ਹੋਣ 'ਤੇ ਕਿਹਾ ਕਿ ਉਨ੍ਹਾਂ ਲਈ ਮਾਣ ਵਾਲੀ ਗੱਲ ਹੈ ਕਿ ਸਾਨੂੰ ਇਸ ਸੇਵਾ ਦਾ ਮੌਕਾ ਮਿਲਿਆ | ਉਨ੍ਹਾਂ ਕਿਹਾ ਕਿ ਦੇਸ਼ ਵਿਦੇਸ਼ ਤੋਂ ਵੱਡੀ ਪੱਧਰ 'ਤੇ ਟੈਲੀਫ਼ੋਨ 'ਤੇ ਸੁਨੇਹੇ ਉਨ੍ਹਾਂ ਨੂੰ ਮਿਲ ਰਹੇ ਹਨ ਅਤੇ ਹਰ ਪਾਸਿਓਾ ਇਸ ਕਾਨੂੰਨ ਦੀ ਸ਼ਲਾਘਾ ਹੋ ਰਹੀ ਹੈ | ਉਨ੍ਹਾਂ ਕਿਹਾ ਕਿ ਉਹ 6 ਮਈ ਤੋਂ 9 ਮਈ ਤੱਕ ਸ੍ਰੀ ਅਨੰਦਪੁਰ ਸਾਹਿਬ ਮੱਥਾ ਟੇਕਣ ਤੋਂ ਬਾਅਦ ਸ੍ਰੀ ਅਕਾਲ ਤਖ਼ਤ ਸਾਹਿਬ, ਦਮਦਮਾ ਸਾਹਿਬ, ਮਸਤੂਆਣਾ ਸਾਹਿਬ, ਦੁੱਖ ਨਿਵਾਰਨ ਸਾਹਿਬ ਤੇ ਸ੍ਰੀ ਫ਼ਤਿਹਗੜ੍ਹ ਸਾਹਿਬ ਤੱਕ ਸ਼ੁਕਰਾਨਾ ਯਾਤਰਾ ਕਰਨਗੇ |
ਮੁੱਖ ਮੰਤਰੀ ਨੇ ਕਿਹਾ ਕਿ 1984 ਦੇ ਘੱਲੂਘਾਰੇ ਦੇ ਦੋਸ਼ੀਆਂ ਜਿਨ੍ਹਾਂ ਸ੍ਰੀ ਦਰਬਾਰ ਸਾਹਿਬ ਦੀ ਬੇਅਦਬੀ ਕੀਤੀ, ਵਿਰੁੱਧ ਵੀ ਕੇਸ ਹੋਣੇ ਚਾਹੀਦੇ ਹਨ | ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ 40 ਸਾਲ ਪਹਿਲਾਂ ਵਾਪਰੇ ਨਕੋਦਰ ਸਾਕੇ ਦਾ ਮਾਮਲਾ ਫਿਰ ਉਠਾਇਆ ਤੇ ਕਿਹਾ ਕਿ ਇਸ ਸੰਬੰਧੀ ਕੋਈ ਕਾਰਵਾਈ ਨਹੀਂ ਹੋ ਰਹੀ | ਸਪੀਕਰ ਕੁਲਤਾਰ ਸਿੰਘ ਸੰਧਵਾਂ ਵਲੋਂ ਵੀ ਬੇਅਦਬੀ ਕਾਨੂੰਨ ਸੰਬੰਧੀ ਗ਼ਲਤਫ਼ਹਿਮੀਆਂ ਪੈਦਾ ਕਰਨ ਅਤੇ ਭਰਮ-ਭੁਲੇਖਾ ਫੈਲਾਉਣ ਦਾ ਮੁੱਦਾ ਵੀ ਉਠਾਇਆ ਗਿਆ |
ਦੋ ਸੋਧ ਬਿੱਲ ਪ੍ਰਵਾਨ
ਵਿਧਾਨ ਸਭਾ ਵਲੋਂ ਅੱਜ ਪੰਜਾਬ ਜੇਲ੍ਹਾਂ ਅਤੇ ਕਰੈਕਸ਼ਨਲ ਸਰਵਿਸਿਜ਼ ਬਿੱਲ 2026 ਅਤੇ ਪੰਜਾਬ ਸਹਿਕਾਰੀ ਸੁਸਾਇਟੀਆਂ ਰਜਿਸਟੇ੍ਰਸ਼ਨ ਸੋਧ ਬਿੱਲ ਨੂੰ ਪ੍ਰਵਾਨ ਕਰ ਲਿਆ | ਇਕ ਦਿਨਾ ਇਜਲਾਸ ਜੋ ਸ਼ਾਮ 5.30 ਵਜੇ ਤੱਕ ਚੱਲਿਆ, ਦੀ ਬੈਠਕ ਸਪੀਕਰ ਕੁਲਤਾਰ ਸਿੰਘ ਸੰਧਵਾਂ ਵਲੋਂ ਅ ਣਮਿੱਥੇ ਸਮੇਂ ਲਈ ਉਠਾ ਦਿੱਤੀ ਗਈ |
ਪੰਜਾਬ ਸਰਕਾਰ ਨੇ ਸਰਬਸੰਮਤੀ ਨਾਲ ਹਾਸਿਲ ਕੀਤਾ ਭਰੋਸੇ ਦਾ ਵੋਟ <br/>
ਅਜੀਤ ਡੈਸਕ
02-05-2026