ਟਰੰਪ ਨੇ ਨਵੀਂ ਪੇਸ਼ਕਸ਼ 'ਤੇ ਜਤਾਈ ਅਸੰਤੁਸ਼ਟੀ ਕਿਹਾ, ਸ਼ਰਾਰਤ ਕੀਤੀ ਤਾਂ ਮੁੜ ਸ਼ੁਰੂ ਹੋਣਗੇ ਹਮਲੇ
ਸੁਰਿੰਦਰ ਕੋਛੜ
ਅੰਮਿ੍ਤਸਰ, 3 ਮਈ-ਪਾਕਿਸਤਾਨੀ ਮੀਡੀਆ ਰਿਪੋਰਟਾਂ ਮੁਤਾਬਿਕ ਈਰਾਨ ਨੇ ਆਪਣਾ 14-ਨੁਕਾਤੀ ਸ਼ਾਂਤੀ ਪ੍ਰਸਤਾਵ ਅਮਰੀਕਾ ਨੂੰ ਭੇਜਿਆ ਹੈ, ਜਿਸ 'ਚ ਸਾਰੇ ਮੋਰਚਿਆਂ 'ਤੇ ਟਕਰਾਅ ਖ਼ਤਮ ਕਰਨਾ ਅਤੇ ਮਹੱਤਵਪੂਰਨ ਹੋਰਮੁਜ਼ ਜਲਮਾਰਗ ਲਈ ਇਕ ਨਵਾਂ ਢਾਂਚਾ ਲਾਗੂ ਕਰਨਾ ਸ਼ਾਮਿਲ ਹੈ | ਈਰਾਨੀ ਸਰਕਾਰੀ ਨਿਊਜ਼ ਏਜੰਸੀਆਂ ਅਨੁਸਾਰ ਈਰਾਨ ਨੇ ਵਿਚੋਲੇ ਪਾਕਿਸਤਾਨ ਰਾਹੀਂ ਅਮਰੀਕਾ ਨੂੰ ਪ੍ਰਸਤਾਵ ਸੌਂਪਿਆ ਹੈ | ਦੱਸਿਆ ਜਾ ਰਿਹਾ ਹੈ ਕਿ ਇਸ 14-ਨੁਕਾਤੀ ਸ਼ਾਂਤੀ ਪ੍ਰਸਤਾਵ 'ਚ ਈਰਾਨ ਦੇ ਆਲੇ-ਦੁਆਲੇ ਦੇ ਇਲਾਕਿਆਂ ਤੋਂ ਅਮਰੀਕੀ ਫ਼ੌਜਾਂ ਦੀ ਵਾਪਸੀ, ਨਾਕਾਬੰਦੀ ਹਟਾਉਣਾ, ਈਰਾਨ ਦੀਆਂ ਸੀਜ਼ ਕੀਤੀਆਂ ਜਾਇਦਾਦਾਂ ਨੂੰ ਜਾਰੀ ਕਰਨਾ, ਮੁਆਵਜ਼ੇ ਦਾ ਭੁਗਤਾਨ, ਪਾਬੰਦੀਆਂ ਹਟਾਉਣਾ ਅਤੇ ਲਿਬਨਾਨ ਸਮੇਤ ਸਾਰੇ ਮੋਰਚਿਆਂ 'ਤੇ ਯੁੱਧ ਖ਼ਤਮ ਕਰਨਾ ਸ਼ਾਮਿਲ ਹੈ | ਇਸ ਦੇ ਨਾਲ ਹੀ ਹੋਰਮੁਜ਼ ਜਲਮਾਰਗ ਲਈ ਇਕ ਨਵੀਂ ਨਿਯੰਤਰਨ ਵਿਧੀ ਦੀ ਵੀ ਗੱਲ ਕਹੀ ਗਈ ਹੈ | ਈਰਾਨ ਨੇ ਕਿਹਾ ਹੈ ਕਿ 30 ਦਿਨਾਂ ਦੇ ਅੰਦਰ ਮੁੱਦਿਆਂ ਨੂੰ ਹੱਲ ਕਰਨ ਲਈ ਅਮਰੀਕੀ ਜੰਗਬੰਦੀ ਦੀ ਸਮਾਂ-ਸੀਮਾ ਨੂੰ ਘਟਾਇਆ ਜਾਣਾ ਚਾਹੀਦਾ ਹੈ | ਦੂਜੇ ਪਾਸੇ, ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਆਪਣੇ ਸੋਸ਼ਲ ਮੀਡੀਆ ਪਲੇਟਫ਼ਾਰਮ 'ਤੇ ਕਿਹਾ ਕਿ ਮੈਂ ਜਲਦੀ ਹੀ ਉਸ ਯੋਜਨਾ ਦੀ ਸਮੀਖਿਆ ਕਰਾਂਗਾ, ਜੋ ਈਰਾਨ ਨੇ ਸਾਨੂੰ ਹੁਣੇ ਭੇਜੀ ਹੈ, ਪਰ ਫਿਲਹਾਲ ਇਹ ਨਹੀਂ ਕਿਹਾ ਜਾ ਸਕਦਾ ਕਿ ਈਰਾਨੀ ਪ੍ਰਸਤਾਵ ਸਵੀਕਾਰਯੋਗ ਹੋਵੇਗਾ ਜਾਂ ਨਹੀਂ, ਕਿਉਂਕਿ ਈਰਾਨ ਨੇ ਪਿਛਲੇ 47 ਸਾਲਾਂ 'ਚ ਮਨੁੱਖਤਾ ਅਤੇ ਦੁਨੀਆ ਨਾਲ ਜੋ ਕੁਝ ਕੀਤਾ ਹੈ, ਉਸ ਲਈ ਈਰਾਨ ਨੇ ਅਜੇ ਤੱਕ ਵੱਡੀ ਕੀਮਤ ਨਹੀਂ ਚੁਕਾਈ | ਪੱਤਰਕਾਰਾਂ ਨਾਲ ਇਕ ਸੰਖੇਪ ਇੰਟਰਵਿਊ 'ਚ ਟਰੰਪ ਨੇ ਇਹ ਦੱਸਣ ਤੋਂ ਵੀ ਇਨਕਾਰ ਕਰ ਦਿੱਤਾ ਕਿ ਅਮਰੀਕਾ ਇਸਲਾਮੀ ਗਣਰਾਜ ਵਿਰੁੱਧ ਨਵੀਂ ਫ਼ੌਜੀ ਕਾਰਵਾਈ ਸ਼ੁਰੂ ਕਰੇਗਾ ਜਾਂ ਨਹੀਂ | ਟਰੰਪ ਦਾ ਕਹਿਣਾ ਹੈ ਕਿ ਉਹ ਅਜੇ ਵੀ ਪੱਛਮੀ ਏਸ਼ੀਆ ਸੰਘਰਸ਼ ਨੂੰ ਖ਼ਤਮ ਕਰਨ ਲਈ ਈਰਾਨ ਦੀ ਨਵੀਂ ਪੇਸ਼ਕਸ਼ ਤੋਂ ਸੰਤੁਸ਼ਟ ਨਹੀਂ ਹਨ | ਉਨ੍ਹਾਂ ਨੇ ਇਹ ਵੀ ਸੰਕੇਤ ਦਿੱਤਾ ਹੈ ਕਿ ਅਮਰੀਕਾ ਦੇ ਕਿਸੇ ਵੀ ਅਜਿਹੇ ਢਾਂਚੇ ਨੂੰ ਸਵੀਕਾਰ ਕਰਨ ਦੀ ਸੰਭਾਵਨਾ ਨਹੀਂ ਹੈ, ਜਿਸ 'ਚ ਈਰਾਨ ਨੂੰ ਪ੍ਰਮਾਣੂ ਹਥਿਆਰ ਵਿਕਸਿਤ ਕਰਨ ਤੋਂ ਰੋਕਣ ਲਈ ਪੱਕੀ ਗਾਰੰਟੀ ਸ਼ਾਮਿਲ ਨਾ ਹੋਵੇ | ਹਾਲਾਂਕਿ, ਉਨ੍ਹਾਂ ਨੇ ਤਹਿਰਾਨ ਨੂੰ ਸਖ਼ਤ ਚਿਤਾਵਨੀ ਦਿੰਦਿਆਂ ਕਿਹਾ ਕਿ ਜੇਕਰ ਈਰਾਨ ਨੇ 'ਦੁਰਵਿਵਹਾਰ' ਕੀਤਾ ਜਾਂ ਕੋਈ ਗ਼ਲਤ ਕਦਮ ਚੁੱਕਿਆ, ਤਾਂ ਰੋਕੇ ਗਏ ਫ਼ੌਜੀ ਹਮਲੇ ਕਿਸੇ ਵੀ ਵੇਲੇ ਮੁੜ ਸ਼ੁਰੂ ਕੀਤੇ ਜਾ ਸਕਦੇ ਹਨ |
ਅਮਰੀਕਾ ਨੇ ਜਵਾਬ ਭੇਜਿਆ, ਈਰਾਨ ਵਲੋਂ ਸਮੀਖਿਆ
ਤਹਿਰਾਨ, (ਏਜੰਸੀ)-ਈਰਾਨ ਨੇ ਐਤਵਾਰ ਨੂੰ ਦੱਸਿਆ ਕਿ ਅਮਰੀਕਾ ਨੇ ਪਾਕਿਸਤਾਨ ਰਾਹੀਂ ਉਸ ਦੇ 14-ਨੁਕਾਤੀ ਪ੍ਰਸਤਾਵ ਦਾ ਜਵਾਬ ਭੇਜਿਆ ਗਿਆ ਹੈ¢ ਤਹਿਰਾਨ ਦੇ ਸਰਕਾਰੀ ਮੀਡੀਆ ਅਨੁਸਾਰ ਈਰਾਨ ਇਸ ਵੇਲੇ ਅਮਰੀਕਾ ਵਲੋਂ ਮਿਲੇ ਇਸ ਜਵਾਬ ਦੀ ਸਮੀਖਿਆ ਕਰ ਰਿਹਾ ਹੈ¢ਈਰਾਨ ਦੇ ਵਿਦੇਸ਼ ਮੰਤਰਾਲੇ ਦੇ ਬੁਲਾਰੇ ਨੇ ਸਰਕਾਰੀ ਮੀਡੀਆ ਨਾਲ ਗੱਲਬਾਤ ਕਰਦਿਆਂ ਸਪੱਸ਼ਟ ਕੀਤਾ ਕਿ ਇਸ ਪੜਾਅ 'ਤੇ ਸਾਡੀ ਕੋਈ ਪ੍ਰਮਾਣੂ ਗੱਲਬਾਤ ਨਹੀਂ ਚੱਲ ਰਹੀ¢ ਹਾਲਾਂਕਿ, ਪ੍ਰਸਤਾਵਾਂ ਦਾ ਆਦਾਨ-ਪ੍ਰਦਾਨ ਹੋ ਰਿਹਾ ਹੈ ਪਰ ਅਧਿਕਾਰਤ ਤੌਰ 'ਤੇ ਕਿਸੇ ਸਿੱਧੀ ਗੱਲਬਾਤ ਦੀ ਪੁਸ਼ਟੀ ਨਹੀਂ ਕੀਤੀ ਗਈ ਹੈ¢ਤਹਿਰਾਨ ਵਲੋਂ ਇਸ ਜਵਾਬ ਦੀ ਸਮੀਖਿਆ ਤੋਂ ਬਾਅਦ ਹੀ ਅਗਲੀ ਰਣਨੀਤੀ ਸਾਫ਼ ਹੋਵੇਗੀ¢
ਹੋਰਮੁਜ਼ ਨੇੜੇ ਮਾਲਵਾਹਕ ਜਹਾਜ਼ 'ਤੇ ਹਮਲਾ
ਬਰਤਾਨਵੀ ਫ਼ੌਜ ਨੇ ਜਾਣਕਾਰੀ ਦਿੱਤੀ ਹੈ ਕਿ ਹੋਰਮੁਜ਼ ਜਲ ਮਾਰਗ ਦੇ ਨੇੜੇ ਇਕ ਬਲਕ ਕੈਰੀਅਰ (ਵੱਡਾ ਮਾਲਵਾਹਕ ਜਹਾਜ਼) 'ਤੇ ਕਈ ਛੋਟੀਆਂ ਕਿਸ਼ਤੀਆਂ ਵਲੋਂ ਹਮਲਾ ਕੀਤੇ ਜਾਣ ਦੀ ਖ਼ਬਰ ਮਿਲੀ ਹੈ¢ ਇਹ ਘਟਨਾ ਐਤਵਾਰ ਨੂੰ ਈਰਾਨ ਦੇ ਸਿਰੀਕ ਤੱਟ ਦੇ ਬਿਲਕੁਲ ਨੇੜੇ ਵਾਪਰੀ ਹੈ, ਜਿਸ ਤੋਂ ਬਾਅਦ ਪੂਰੇ ਖੇਤਰ 'ਚ ਸੁਰੱਖਿਆ ਨੂੰ ਲੈ ਕੇ ਚਿੰਤਾਵਾਂ ਵਧ ਗਈਆਂ ਹਨ¢
ਭਾਰਤ ਆ ਰਿਹਾ ਐਲ.ਪੀ.ਜੀ. ਟੈਂਕਰ ਹੋਰਮੁਜ਼ ਤੋਂ ਲੰਘਿਆ
ਨਵੀਂ ਦਿੱਲੀ, (ਏਜੰਸੀ)-ਭਾਰਤ ਲਈ ਐਲ.ਪੀ.ਜੀ. ਲਿਆ ਰਿਹਾ ਇਕ ਟੈਂਕਰ ਹੋਰਮੁਜ਼ ਜਲਮਾਰਗ ਪਾਰ ਕਰ ਗਿਆ ਹੈ ਤੇ ਹੁਣ ਦੇਸ਼ ਵੱਲ ਵੱਧ ਰਿਹਾ ਹੈ | ਇਕ ਅਧਿਕਾਰਕ ਬਿਆਨ 'ਚ ਕਿਹਾ ਗਿਆ ਹੈ ਕਿ ਮਾਰਸ਼ਲ ਆਈਲੈਂਡਸ ਦਾ ਝੰਡਾ ਲੱਗਿਆ ਐਲ.ਪੀ.ਜੀ. ਕੈਰੀਅਰ ਐਮ.ਟੀ. ਸਰਵ ਸ਼ਕਤੀ ਜਿਸ 'ਚ 46,313 ਟਨ ਐਲ.ਪੀ.ਜੀ. ਗੈਸ ਲੱਦੀ ਹੋਈ ਹੈ ਅਤੇ 20 ਅਮਲੇ ਦੇ ਮੈਂਬਰ (ਜਿਨ੍ਹਾਂ 'ਚ 18 ਭਾਰਤੀ ਹਨ) ਸਵਾਰ ਹਨ, 2 ਮਈ ਨੂੰ ਇਸ ਅਹਿਮ ਆਵਾਜਾਈ ਮਾਰਗ 'ਚੋਂ ਲੰਘ ਗਿਆ ਅਤੇ ਇਸ ਦੇ 13 ਮਈ ਨੂੰ ਵਿਸ਼ਾਖਾਪਟਨਮ ਪਹੁੰਚਣ ਦੀ ਉਮੀਦ ਹੈ | ਇਹ ਕਾਰਗੋ ਜੋ ਦੇਸ਼ ਦੀਆਂ ਅੱਧੇ ਦਿਨ ਦੀਆਂ ਲੋੜਾਂ ਪੂਰੀ ਕਰਨ ਲਈ ਕਾਫ਼ੀ ਹੈ, ਪੱਛਮੀ ਏਸ਼ੀਆ 'ਚ ਸੰਘਰਸ਼ ਦੇ ਬਾਅਦ ਸਪਲਾਈ 'ਚ ਆ ਰਹੇ ਅੜਿਕੇ ਨੂੰ ਕੁਝ ਹੱਦ ਤੱਕ ਦੂਰ ਕਰਨ ਲਈ ਮਦਦ ਕਰੇਗਾ | ਐਤਵਾਰ ਸ਼ਾਮ ਨੂੰ ਇਸ ਦੇ ਓਮਾਨ ਦੀ ਖਾੜੀ 'ਚ ਹੋਣ ਬਾਰੇ ਪਤਾ ਲੱਗਿਆ | ਹੋਰਮੁਜ਼ ਜਲਮਾਰਗ ਦੇ ਪੱਛਮ ਵਾਲੇ ਪਾਸੇ ਅਜੇ ਵੀ 14 ਅਜਿਹੇ ਜਹਾਜ਼ ਫਸੇ ਹੋਏ ਹਨ, ਜਿਨ੍ਹਾਂ 'ਤੇ ਭਾਰਤ ਦਾ ਝੰਡਾ ਲੱਗਿਆ ਹੋਇਆ ਹੈ ਜਾਂ ਜੋ ਭਾਰਤ ਦੇ ਮਾਲਕੀ ਵਾਲੇ ਹੱਕ ਦੇ ਹਨ |
ਈਰਾਨ ਨੇ ਪਾਕਿ ਰਾਹੀਂ ਅਮਰੀਕਾ ਨੂੰ ਮੁੜ ਸੌਂਪਿਆ ਸ਼ਾਂਤੀ ਪ੍ਰਸਤਾਵ
ਅਜੀਤ ਡੈਸਕ
04-05-2026