13-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-05-2026

ਪੰਜਾਬ ਭਾਜਪਾ ਦੇ ਵਫ਼ਦ ਵਲੋਂ ਰਾਜਪਾਲ ਨਾਲ ਮੁਲਾਕਾਤ ਮੁੱਖ ਮੰਤਰੀ ਨੂੰ ਬਦਲਣ ਦੀ ਕੀਤੀ ਮੰਗ

Ad Position 21
No active advertisement
ਅਜੀਤ ਡੈਸਕ 04-05-2026

ਕਿਹਾ, ਡਰੱਗ ਜਨਗਣਨਾ ਨਾਲ ਪੰਜਾਬ ਦੀ ਅੰਤਰਰਾਸ਼ਟਰੀ ਪੱਧਰ 'ਤੇ ਹੋਵੇਗੀ ਬਦਨਾਮੀ
ਸੰਦੀਪ ਕੁਮਾਰ ਮਾਹਨਾ

ਚੰਡੀਗੜ੍ਹ, 3 ਮਈ-ਪੰਜਾਬ ਦੀ ਸਿਆਸਤ 'ਚ ਉੱਭਰ ਰਹੇ ਨਵੇਂ ਵਿਵਾਦ ਨੇ ਹੁਣ ਪ੍ਰਸ਼ਾਸਨਿਕ ਸੁਤੰਤਰਤਾ ਅਤੇ ਸੰਵਿਧਾਨਕ ਸੰਸਥਾਵਾਂ ਦੀ ਭੂਮਿਕਾ 'ਤੇ ਵੱਡੀ ਚਰਚਾ ਛੇੜ ਦਿੱਤੀ ਹੈ | ਭਾਜਪਾ ਦੇ ਸੂਬਾ ਪ੍ਰਧਾਨ ਸੁਨੀਲ ਜਾਖੜ ਦੀ ਅਗਵਾਈ ਹੇਠ ਪਾਰਟੀ ਦੇ ਇਕ ਵਫ਼ਦ ਨੇ ਅੱਜ ਚੰਡੀਗੜ੍ਹ ਸਥਿਤ ਪੰਜਾਬ ਲੋਕ ਭਵਨ ਵਿਖੇ ਰਾਜਪਾਲ ਗੁਲਾਬ ਚੰਦ ਕਟਾਰੀਆ ਨਾਲ ਮੁਲਾਕਾਤ ਕਰਕੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਬਦਲਣ ਦੀ ਮੰਗ ਕੀਤੀ | ਜਾਖੜ ਨੇ ਦੋਸ਼ ਲਗਾਇਆ ਕਿ ਹਾਲੀਆ ਵਿਧਾਨ ਸਭਾ ਇਜਲਾਸ ਦੌਰਾਨ ਮੁੱਖ ਮੰਤਰੀ ਭਗਵੰਤ ਮਾਨ ਦਾ ਵਤੀਰਾ, ਜਿਥੇ ਉਹ ਨਸ਼ੇ ਦੀ ਹਾਲਤ 'ਚ ਪਹੁੰਚੇ, ਉਨ੍ਹਾਂ ਨੂੰ ਪੰਜਾਬ ਵਰਗੇ ਸੰਵੇਦਨਸ਼ੀਲ ਸਰਹੱਦੀ ਸੂਬੇ ਦੀ ਅਗਵਾਈ ਕਰਨ ਲਈ ਅਯੋਗ ਬਣਾਉਂਦਾ ਹੈ | ਉਨ੍ਹਾਂ ਕਿਹਾ ਕਿ ਜਦੋਂ ਕਾਨੂੰਨ ਨਸ਼ੇ ਦੀ ਹਾਲਤ 'ਚ ਵਿਅਕਤੀ ਨੂੰ ਵਾਹਨ ਚਲਾਉਣ ਦੀ ਆਗਿਆ ਨਹੀਂ ਦਿੰਦਾ ਤਾਂ ਅਜਿਹੇ ਵਿਅਕਤੀ ਨੂੰ ਸੂਬਾ ਚਲਾਉਣ ਦੀ ਆਗਿਆ ਕਿਵੇਂ ਦਿੱਤੀ ਜਾ ਸਕਦੀ ਹੈ | ਉਨ੍ਹਾਂ ਕਿਹਾ ਕਿ ਪਾਰਟੀ ਵਫ਼ਦ ਨੇ ਰਾਜਪਾਲ ਨੂੰ ਬੇਨਤੀ ਕੀਤੀ ਹੈ ਕਿ ਉਹ ਸੱਤਾਧਾਰੀ ਪਾਰਟੀ ਦੀ ਲੀਡਰਸ਼ਿਪ ਨਾਲ ਗੱਲ ਕਰਕੇ ਨਵਾਂ ਨੇਤਾ ਚੁਣਨ ਲਈ ਕਹਿਣ, ਕਿਉਂਕਿ ਭਗਵੰਤ ਮਾਨ ਨੇ ਮੁੱਖ ਮੰਤਰੀ ਬਣੇ ਰਹਿਣ ਦਾ ਨੈਤਿਕ ਅਧਿਕਾਰ ਗੁਆ ਲਿਆ ਹੈ | ਜਾਖੜ ਨੇ ਕਿਹਾ ਕਿ ਪਾਰਟੀ ਨੇ ਰਾਜਪਾਲ ਕੋਲ ਪੰਜਾਬ ਦੇ ਮੁੱਖ ਸਕੱਤਰ ਨੂੰ ਬੁਲਾ ਕੇ ਇਹ ਜਾਣਨ ਦੀ ਮੰਗ ਕੀਤੀ ਹੈ ਕਿ ਕਿਤੇ ਉਹ ਕਿਸੇ ਦਬਾਅ ਹੇਠ ਤਾਂ ਕੰਮ ਨਹੀਂ ਕਰ ਰਹੇ | ਕਿਉਂ ਜੋ ਭਰੋਸੇਯੋਗ ਸੂਤਰਾਂ ਮੁਤਾਬਕ 1 ਮਈ ਨੂੰ ਵਿਧਾਨ ਸਭਾ ਦੇ ਇਜਲਾਸ ਤੋਂ ਪਹਿਲਾਂ ਹੋਈ ਕੈਬਨਿਟ ਮੀਟਿੰਗ 'ਚ ਦੋ ਮੰਤਰੀਆਂ ਤੋਂ ਇਲਾਵਾ ਮੁੱਖ ਸਕੱਤਰ ਨੂੰ ਵੀ ਧਮਕਾਇਆ ਅਤੇ ਬੇਇੱਜ਼ਤ ਕੀਤਾ ਗਿਆ | ਉਨ੍ਹਾਂ ਕਿਹਾ ਕਿ ਅਧਿਕਾਰੀਆਂ ਨੂੰ ਬੁਲਾ ਕੇ ਇਹ ਯਕੀਨੀ ਬਣਾਇਆ ਜਾਵੇ ਕਿ ਉਹ ਬਿਨਾਂ ਕਿਸੇ ਡਰ ਦੇ ਕਾਨੂੰਨ ਅਨੁਸਾਰ ਕੰਮ ਕਰ ਸਕਣ ਅਤੇ ਉਨ੍ਹਾਂ ਨੂੰ ਇਹ ਭਰੋਸਾ ਦਿੱਤਾ ਜਾਵੇ ਕਿ ਨਿਯਮਾਂ ਤਹਿਤ ਕੰਮ ਕਰਨ 'ਤੇ ਸੰਵਿਧਾਨ ਅਤੇ ਕੇਂਦਰ ਸਰਕਾਰ ਉਨ੍ਹਾਂ ਦੀ ਸੁਰੱਖਿਆ ਕਰੇਗੀ | ਜਾਖੜ ਨੇ ਕਿਹਾ ਕਿ ਮਜ਼ਦੂਰ ਦਿਵਸ ਮੌਕੇ ਬੁਲਾਇਆ ਗਿਆ ਵਿਧਾਨ ਸਭਾ ਇਜਲਾਸ ਸਿਰਫ਼ ਇਕ ਬਹਾਨਾ ਸੀ ਅਤੇ ਅਸਲ 'ਚ ਇਹ ਮੁੱਖ ਮੰਤਰੀ ਨੇ ਆਪਣੀ ਕੁਰਸੀ ਬਚਾਉਣ ਲਈ ਬੁਲਾਇਆ ਸੀ | ਉਨ੍ਹਾਂ ਦੋਸ਼ ਲਗਾਇਆ ਕਿ ਇਜਲਾਸ ਤੋਂ ਬਾਅਦ ਭਿ੍ਸ਼ਟਾਚਾਰ ਦੇ ਮਾਮਲੇ 'ਚ ਜੇਲ੍ਹ ਜਾ ਚੁੱਕੇ ਵਿਧਾਇਕ ਰਮਨ ਅਰੋੜਾ ਨੂੰ ਪੁਲਿਸ ਸੁਰੱਖਿਆ ਦਿੱਤੀ ਗਈ, ਜਿਸ ਨਾਲ ਸਪੱਸ਼ਟ ਹੁੰਦਾ ਹੈ ਕਿ ਸਰਕਾਰ ਭਿ੍ਸ਼ਟ ਲੋਕਾਂ ਨੂੰ ਪੋਸ਼ਣ ਦੇ ਰਹੀ ਹੈ ਤੇ ਆਪਣੇ ਵਿਧਾਇਕਾਂ ਨੂੰ ਭਿ੍ਸ਼ਟਾਚਾਰ ਕਰਨ ਦੀ ਖੁੱਲ੍ਹ ਦੇ ਰਹੀ ਹੈ | ਉਨ੍ਹਾਂ ਇਸ ਨੂੰ ਇਕ ਖਤਰਨਾਕ ਰੁਝਾਨ ਦੱਸਿਆ ਅਤੇ ਕਿਹਾ ਕਿ ਮੁੱਖ ਮੰਤਰੀ ਆਪਣੀ ਕੁਰਸੀ ਗੁਆਉਣ ਦੇ ਡਰ 'ਚ ਫ਼ੈਸਲੇ ਲੈ ਰਹੇ ਹਨ, ਜੋ ਉਨ੍ਹਾਂ ਵਲੋਂ ਚੁੱਕੀ ਸਹੁੰ ਦੇ ਉਲਟ ਹੈ | ਡਰੱਗ ਜਨਗਣਨਾ ਦੇ ਮਾਮਲੇ 'ਤੇ ਜਾਖੜ ਨੇ ਕਿਹਾ ਕਿ ਇਸ ਨਾਲ ਪੰਜਾਬ ਦੀ ਅੰਤਰਰਾਸ਼ਟਰੀ ਪੱਧਰ 'ਤੇ ਬਦਨਾਮੀ ਹੋਵੇਗੀ ਅਤੇ ਸੂਬੇ ਨੂੰ ਨਸ਼ੇੜੀਆਂ ਦਾ ਕੇਂਦਰ ਦਿਖਾਇਆ ਜਾਵੇਗਾ | ਸੰਬੰਧਿਤ ਇਸ਼ਤਿਹਾਰਾਂ ਦਾ ਜ਼ਿਕਰ ਕਰਦੇ ਹੋਏ ਉਨ੍ਹਾਂ ਕਿਹਾ ਕਿ ਇਸ ਜਨਗਣਨਾ ਲਈ ਰੱਖੇ ਗਏ 250 ਕਰੋੜ ਰੁਪਏ ਦੀ ਵਰਤੋਂ ਆਮ ਆਦਮੀ ਪਾਰਟੀ ਵਲੋਂ ਕਮਿਸ਼ਨ ਕਮਾਉਣ ਲਈ ਕੀਤਾ ਜਾਵੇਗਾ, ਜੋ ਇਸ ਪਾਰਟੀ ਦੀ ਪਹਿਚਾਣ ਬਣ ਚੁੱਕੀ ਹੈ | ਉਨ੍ਹਾਂ ਇਹ ਵੀ ਸਵਾਲ ਉਠਾਇਆ ਕਿ ਮੁੱਖ ਮੰਤਰੀ ਦੀ ਤਸਵੀਰ ਨੌਜਵਾਨਾਂ ਨੂੰ ਕੀ ਸੰਦੇਸ਼ ਦੇਵੇਗੀ | ਉਨ੍ਹਾਂ ਕਿਹਾ ਕਿ ਇਹ ਜਨਗਣਨਾ ਸਮੇਂ ਅਤੇ ਪੈਸੇ ਦੀ ਬਰਬਾਦੀ ਹੈ ਅਤੇ ਲੋੜ ਨਸ਼ਿਆਂ ਦੀ ਸਪਲਾਈ ਚੇਨ ਤੋੜਨ ਦੀ ਹੈ | ਮੁੱਖ ਮੰਤਰੀ ਨੂੰ ਬਦਲਣ ਦੇ ਸਵਾਲ 'ਤੇ, ਜਦਕਿ ਵਿਧਾਨ ਸਭਾ ਵਿਚ ਵਿਸ਼ਵਾਸ ਮੱਤ ਪਾਸ ਹੋ ਚੁੱਕਾ ਹੈ ਅਤੇ 6 ਮਹੀਨੇ ਤੱਕ ਅਵਿਸ਼ਵਾਸ ਪ੍ਰਸਤਾਵ ਨਹੀਂ ਲਿਆਂਦਾ ਜਾ ਸਕਦਾ, ਜਾਖੜ ਨੇ ਕਿਹਾ ਕਿ ਜੇਕਰ ਇਸ ਸਮੇਂ ਦੌਰਾਨ ਬਹੁਮਤ ਮੁੱਖ ਮੰਤਰੀ ਦੇ ਖ਼ਿਲਾਫ਼ ਹੋ ਜਾਵੇ ਤਾਂ ਕੀ ਹੋਵੇਗਾ | ਉਨ੍ਹਾਂ ਕਿਹਾ ਕਿ ਉਕਤ ਕੈਬਨਿਟ ਮੀਟਿੰਗ 'ਚ ਦੋ ਸੀਨੀਅਰ ਮੰਤਰੀਆਂ ਅਤੇ ਮੁੱਖ ਸਕੱਤਰ ਨੂੰ ਬੇਇੱਜ਼ਤ ਕੀਤਾ ਗਿਆ, ਜਿਸ ਨਾਲ ਸੰਭਵ ਹੈ ਕਿ ਉਹ ਆਪਣੇ ਆਤਮ-ਸਨਮਾਨ ਲਈ ਅੱਗੇ ਆਉਣ, ਵਿਧਾਇਕਾਂ ਦਾ ਸਮਰਥਨ ਇਕੱਠਾ ਕਰਨ ਅਤੇ ਰਾਜਪਾਲ ਸਾਹਮਣੇ ਬਹੁਮਤ ਸਾਬਤ ਕਰਕੇ ਲੀਡਰ ਬਦਲਣ ਦੀ ਮੰਗ ਕਰਨ | ਸੰਦੀਪ ਪਾਠਕ ਖ਼ਿਲਾਫ਼ ਦਰਜ ਐਫ਼.ਆਈ.ਆਰ. ਬਾਰੇ ਪੁੱਛੇ ਸਵਾਲ 'ਤੇ ਜਾਖੜ ਨੇ ਕਿਹਾ ਕਿ ਭਾਜਪਾ ਅਜਿਹੀਆਂ ਕਾਰਵਾਈਆਂ ਤੋਂ ਨਹੀਂ ਡਰਦੀ ਅਤੇ ਦੋਸ਼ ਲਗਾਇਆ ਕਿ ਇਹ ਮਾਮਲਾ ਸੱਤਾਧਾਰੀ ਪਾਰਟੀ ਦੇ ਅੰਦਰ ਲੋਕਾਂ ਨੂੰ ਡਰਾਉਣ ਅਤੇ ਉਨ੍ਹਾਂ ਨੂੰ ਪਾਰਟੀ ਛੱਡਣ ਤੋਂ ਰੋਕਣ ਲਈ ਦਰਜ ਕੀਤਾ ਗਿਆ ਹੈ | ਇਸ ਵਫ਼ਦ 'ਚ ਕਾਰਜਕਾਰੀ ਸੂਬਾ ਪ੍ਰਧਾਨ ਅਸ਼ਵਨੀ ਸ਼ਰਮਾ ਤੋਂ ਇਲਾਵਾ ਕੌਮੀ ਐਸ.ਸੀ. ਕਮਿਸ਼ਨ ਦੇ ਸਾਬਕਾ ਚੇਅਰਮੈਨ ਵਿਜੇ ਸਾਂਪਲਾ, ਸਾਬਕਾ ਸੰਸਦ ਮੈਂਬਰ ਸ਼ਵੇਤ ਮਲਿਕ, ਸਾਬਕਾ ਕੇਂਦਰੀ ਮੰਤਰੀ ਸੋਮ ਪ੍ਰਕਾਸ਼, ਸਾਬਕਾ ਵਿਧਾਇਕ ਫ਼ਤਿਹ ਜੰਗ ਸਿੰਘ ਬਾਜਵਾ, ਸਾਬਕਾ ਮੰਤਰੀ ਮਨਪ੍ਰੀਤ ਸਿੰਘ ਬਾਦਲ, ਸਾਬਕਾ ਕੇਂਦਰੀ ਮੰਤਰੀ ਪ੍ਰਨੀਤ ਕੌਰ, ਸੂਬਾ ਜਨਰਲ ਸਕੱਤਰ ਪਰਮਿੰਦਰ ਸਿੰਘ ਬਰਾੜ, ਸਾਬਕਾ ਵਿਧਾਇਕ ਕੇਵਲ ਸਿੰਘ ਢਿੱਲੋਂ, ਸਾਬਕਾ ਮੰਤਰੀ ਤੀਕਸ਼ਣ ਸੂਦ ਅਤੇ ਸੂਬਾ ਮੀਡੀਆ ਮੁਖੀ ਵਿਨੀਤ ਜੋਸ਼ੀ ਵੀ ਸ਼ਾਮਿਲ ਸਨ |

Ad Position 22
No active advertisement
ਪਿਛਲੀ ਖ਼ਬਰ ਕੈਨੇਡਾ ਵਲੋਂ ਖ਼ਾਲਿਸਤਾਨੀਆਂ ਨੂੰ ਕੌਮੀ ਸੁਰੱਖਿਆ ਲਈ ਖ਼ਤਰਾ ਕਰਾਰ ਦੇਣ ਨਾਲ ਮਾਹੌਲ ਭਖਿਆ ਅਗਲੀ ਖ਼ਬਰ ਈਰਾਨ ਨੇ ਪਾਕਿ ਰਾਹੀਂ ਅਮਰੀਕਾ ਨੂੰ ਮੁੜ ਸੌਂਪਿਆ ਸ਼ਾਂਤੀ ਪ੍ਰਸਤਾਵ
Ad Position 24