• 3 ਕਰੋੜ ਪੰਜਾਬੀਆਂ 'ਤੇ ਹਮਲਾ-ਚੀਮਾ • ਭਾਜਪਾ ਪੰਜਾਬ 'ਚ ਜ਼ਮੀਨ ਤਲਾਸ਼ਣ ਦੀ ਨਾਕਾਮ ਕੋਸ਼ਿਸ਼ ਕਰ ਰਹੀ-ਅਮਨ ਅਰੋੜਾ • ਭਾਜਪਾ ਦਾ ਅੰਤ ਪੰਜਾਬ ਦੀ ਧਰਤੀ ਤੋਂ ਹੋਵੇਗਾ-ਦੀਪਕ ਬਾਲੀ
ਚੰਡੀਗੜ੍ਹ, 9 ਮਈ (ਅਜੀਤ ਬਿਊਰੋ)-ਆਮ ਆਦਮੀ ਪਾਰਟੀ (ਆਪ) ਨੇ ਆਪਣੇ ਮੰਤਰੀ ਸੰਜੀਵ ਅਰੋੜਾ ਖ਼ਿਲਾਫ਼ ਈ.ਡੀ. ਦੀ ਕਾਰਵਾਈ ਨੂੰ ਪੂਰੀ ਤਰ੍ਹਾਂ ਰਾਜਨੀਤੀ ਤੋਂ ਪ੍ਰੇਰਿਤ ਦੱਸਿਆ ਹੈ | ਅਰੋੜਾ ਦੀ ਗਿ੍ਫ਼ਤਾਰੀ 'ਤੇ ਪ੍ਰਤੀਕਿਰਿਆ ਦਿੰਦਿਆਂ ਸੀਨੀਅਰ ਆਗੂ ਅਤੇ ਪੰਜਾਬ ਦੇ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਕਿਹਾ ਕਿ ਭਾਜਪਾ ਨੇ ਜਿਸ ਤਰ੍ਹਾਂ ਪੱਛਮੀ ਬੰਗਾਲ ਵਿਚ ਈ.ਡੀ., ਸੀ.ਬੀ.ਆਈ. ਅਤੇ ਹੋਰ ਕੇਂਦਰੀ ਏਜੰਸੀਆਂ ਦੇ ਤੰਤਰ ਦੀ ਦੁਰਵਰਤੋਂ ਕਰਕੇ ਚੋਣਾਂ ਲੁੱਟਣ ਅਤੇ ਸਰਕਾਰ ਬਣਾਉਣ ਦੀ ਕੋਸ਼ਿਸ਼ ਕੀਤੀ ਸੀ, ਹੁਣ ਉਹੀ ਘਿਨੌਣੀ ਖੇਡ ਪੰਜਾਬ ਵਿਚ ਖੇਡੀ ਜਾ ਰਹੀ ਹੈ | ਉਨ੍ਹਾਂ ਕਿਹਾ ਕਿ ਇਹ ਸਿਰਫ਼ ਸੰਜੀਵ ਅਰੋੜਾ 'ਤੇ ਰੇਡ ਨਹੀਂ ਹੈ, ਸਗੋਂ ਇਹ ਪੰਜਾਬ ਅਤੇ ਤਿੰਨ ਕਰੋੜ ਪੰਜਾਬੀਆਂ ਦੀ ਅਣਖ 'ਤੇ ਹਮਲਾ ਹੈ |
ਕੈਬਨਿਟ ਮੰਤਰੀ ਅਮਨ ਅਰੋੜਾ ਨੇ ਕਿਹਾ ਕਿ ਭਾਜਪਾ ਕੇਂਦਰੀ ਏਜੰਸੀਆਂ ਦੀ ਵਰਤੋਂ ਕਰਕੇ ਪੰਜਾਬ ਵਿਚ ਆਪਣੀ ਸਿਆਸੀ ਜ਼ਮੀਨ ਤਲਾਸ਼ਣ ਦੀ ਨਾਕਾਮ ਕੋਸ਼ਿਸ਼ ਕਰ ਰਹੀ ਹੈ | ਉਨ੍ਹਾਂ ਕਿਹਾ ਕਿ ਭਾਜਪਾ ਦਾ ਮਕਸਦ ਸਿਰਫ਼ ਅਤੇ ਸਿਰਫ਼ ਆਮ ਆਦਮੀ ਪਾਰਟੀ ਦੇ ਆਗੂਆਂ ਨੂੰ ਡਰਾਉਣਾ ਅਤੇ ਉਨ੍ਹਾਂ ਨੂੰ ਬਦਨਾਮ ਕਰਨਾ ਹੈ | ਕੇਂਦਰ ਸਰਕਾਰ ਨੂੰ ਆੜੇ ਹੱਥੀਂ ਲੈਂਦਿਆਂ ਮੰਤਰੀ ਅਮਨ ਅਰੋੜਾ ਨੇ ਕਿਹਾ ਕਿ ਭਾਜਪਾ ਅਤੇ ਉਸ ਦੀਆਂ ਏਜੰਸੀਆਂ ਕਿਸੇ ਗ਼ਲਤਫ਼ਹਿਮੀ ਵਿਚ ਨਾ ਰਹਿਣ | ਇਹ ਗੁਰੂਆਂ, ਪੀਰਾਂ ਅਤੇ ਫ਼ਕੀਰਾਂ ਦੀ ਧਰਤੀ ਹੈ | ਇਸ ਮਿੱਟੀ ਨੂੰ ਜਦੋਂ ਔਰੰਗਜ਼ੇਬ ਨਹੀਂ ਝੁਕਾ ਸਕਿਆ, ਤਾਂ ਭਾਜਪਾ ਕੀ ਝੁਕਾਏਗੀ |
ਮੰਤਰੀ ਹਰਦੀਪ ਸਿੰਘ ਮੁੰਡੀਆਂ ਅਤੇ 'ਆਪ' ਆਗੂ ਦੀਪਕ ਬਾਲੀ ਨੇ ਕਿਹਾ ਕਿ ਭਾਜਪਾ ਆਪਣੀ ਘਟੀਆ ਰਾਜਨੀਤੀ ਲਈ ਕੇਂਦਰੀ ਏਜੰਸੀਆਂ ਨੂੰ ਢਾਲ ਬਣਾ ਰਹੀ ਹੈ ਪਰ ਪੰਜਾਬ ਦੀ ਕ੍ਰਾਂਤੀਕਾਰੀ ਧਰਤੀ ਇਸ ਨੂੰ ਕਦੇ ਵੀ ਪ੍ਰਵਾਨ ਨਹੀਂ ਕਰੇਗੀ | 'ਆਪ' ਆਗੂਆਂ ਨੇ ਸਖ਼ਤ ਸ਼ਬਦਾਂ ਵਿਚ ਚਿਤਾਵਨੀ ਦਿੰਦਿਆਂ ਕਿਹਾ ਕਿ ਅੱਜ ਜੋ ਭਾਜਪਾ ਅਤੇ ਈ.ਡੀ. ਦਾ ਗੱਠਜੋੜ ਪੂਰੇ ਦੇਸ਼ ਵਿਚ ਲੋਕਤੰਤਰ ਨੂੰ ਕੁਚਲ ਰਿਹਾ ਹੈ, ਉਸ ਦਾ ਅੰਤ ਪੰਜਾਬ ਦੀ ਇਸੇ ਪਵਿੱਤਰ ਧਰਤੀ ਤੋਂ ਸ਼ੁਰੂ ਹੋਵੇਗਾ |
ਮੰਤਰੀ ਬਰਿੰਦਰ ਗੋਇਲ ਅਤੇ ਵਿਧਾਇਕ ਕੁਲਦੀਪ ਧਾਲੀਵਾਲ ਨੇ ਇਸ ਨੂੰ ਭਾਜਪਾ ਦੀ 'ਦਮਨਕਾਰੀ ਰਾਜਨੀਤੀ' ਦੱਸਦਿਆਂ ਕਿਹਾ ਕਿ ਭਾਜਪਾ ਆਪਣੇ ਵਿਰੋਧੀਆਂ ਨੂੰ ਡਰਾ ਕੇ ਪਾਰਟੀ ਵਿਚ ਸ਼ਾਮਿਲ ਕਰਨ ਦੀ ਖੇਡ ਖੇਡ ਰਹੀ ਹੈ ਪਰ ਪੰਜਾਬ ਇਸ ਨੂੰ ਕਦੇ ਵੀ ਪ੍ਰਵਾਨ ਨਹੀਂ ਕਰੇਗਾ |
ਸੰਜੀਵ ਅਰੋੜਾ ਵਿਰੁੱਧ ਈ.ਡੀ. ਦੀ ਕਾਰਵਾਈ ਪੂਰੀ ਤਰ੍ਹਾਂ ਰਾਜਨੀਤੀ ਤੋਂ ਪ੍ਰੇਰਿਤ-'ਆਪ'
ਅਜੀਤ ਡੈਸਕ
10-05-2026