ਚੰਡੀਗੜ੍ਹ, 9 ਮਈ (ਅਜਾਇਬ ਸਿੰਘ ਔਜਲਾ)-ਪੰਜਾਬ ਦੇ ਲੋਕਾਂ ਨੇ ਹੁਣ ਅਰਵਿੰਦ ਕੇਜਰੀਵਾਲ ਦੇ ਰੂਪ ਵਿਚ 'ਦੂਜਾ ਅਹਿਮਦ ਸ਼ਾਹ ਅਬਦਾਲੀ' ਵੇਖ ਲਿਆ ਹੈ, ਜੋ ਸਿਰਫ਼ ਪੰਜਾਬ ਨੂੰ ਲੁੱਟਣ ਲਈ ਇੱਥੇ ਆਇਆ ਹੈ ਅਤੇ ਇਨ੍ਹਾਂ ਨੇ ਸਿਰਫ਼ ਸੂਬੇ ਦੇ ਲੋਕਾਂ ਨੂੰ ਗੁੰਮਰਾਹ ਹੀ ਕੀਤਾ ਹੈ | ਇਹ ਗੱਲ ਕੇਂਦਰੀ ਮੰਤਰੀ ਅਤੇ ਸੀਨੀਅਰ ਭਾਜਪਾ ਆਗੂ ਰਵਨੀਤ ਸਿੰਘ ਬਿੱਟੂ ਨੇ ਆਮ ਆਦਮੀ ਪਾਰਟੀ ਸਰਕਾਰ ਅਤੇ ਅਰਵਿੰਦ ਕੇਜਰੀਵਾਲ 'ਤੇ ਤਿੱਖਾ ਹਮਲਾ ਕਰਦੇ ਹੋਏ ਕਹੀ | ਉਹ ਚੰਡੀਗੜ੍ਹ ਸਥਿਤ ਪਾਰਟੀ ਦੇ ਸੂਬਾ ਮੁੱਖ ਦਫ਼ਤਰ ਵਿਚ ਭਾਜਪਾ ਪੰਜਾਬ ਦੇ ਸੂਬਾ ਮੀਡੀਆ ਮੁਖੀ ਵਿਨੀਤ ਜੋਸ਼ੀ ਦੀ ਮੌਜੂਦਗੀ ਵਿਚ ਸੰਬੋਧਨ ਕਰ ਰਹੇ ਸਨ | ਬਿੱਟੂ ਨੇ ਕਿਹਾ ਕਿ ਜਦੋਂ ਆਮ ਆਦਮੀ ਪਾਰਟੀ ਨੇ ਪੰਜਾਬ ਵਿਚ ਸਰਕਾਰ ਬਣਾਈ ਸੀ ਤਾਂ ਉਹ ਆਪਣੇ-ਆਪ ਨੂੰ ਇਮਾਨਦਾਰੀ ਦਾ ਪ੍ਰਤੀਕ ਦੱਸਦੇ ਸਨ ਪਰ ਅੱਜ ਉਨ੍ਹਾਂ ਦੇ ਕਈ ਮੰਤਰੀ ਅਤੇ ਨੇਤਾ ਭਿ੍ਸ਼ਟਾਚਾਰ ਦੇ ਦੋਸ਼ਾਂ ਹੇਠ ਘਿਰੇ ਹੋਏ ਹਨ | ਬਿੱਟੂ ਨੇ ਦਾਅਵਾ ਕੀਤਾ ਕਿ ਜਿਨ੍ਹਾਂ ਮੰਤਰੀਆਂ ਨੂੰ ਆਪ ਸਰਕਾਰ ਨੇ ਖ਼ੁਦ ਹਟਾਇਆ, ਉਨ੍ਹਾਂ ਦੀ ਸੂਚੀ ਹੀ ਇਸ ਗੱਲ ਦਾ ਸਬੂਤ ਹੈ ਕਿ ਸਰਕਾਰ ਅੰਦਰ ਭਿ੍ਸ਼ਟਾਚਾਰ ਕਿੰਨਾ ਵੱਡਾ ਹੈ |