ਅੰਮਿ੍ਤਸਰ, 21 ਮਈ (ਸੁਰਿੰਦਰ ਕੋਛੜ)-ਪੁਲਵਾਮਾ ਹਮਲੇ ਦਾ ਮੁੱਖ ਸਾਜਿਸ਼ਕਾਰ ਅੱਤਵਾਦੀ ਹਮਜ਼ਾ ਬੁਰਹਾਨ ਪਾਕਿਸਤਾਨ ਦੇ ਕਬਜ਼ੇ ਵਾਲੇ ਕਸ਼ਮੀਰ (ਮਕਬੂਜ਼ਾ ਕਸ਼ਮੀਰ) ਦੀ ਰਾਜਧਾਨੀ ਮੁਜ਼ੱਫਰਾਬਾਦ 'ਚ ਮਾਰਿਆ ਗਿਆ ਹੈ | ਉਸ ਨੂੰ ਅਣਪਛਾਤੇ ਹਮਲਾਵਰ ਵਲੋਂ ਗੋਲੀ ਮਾਰੀ ਗਈ | ਦੱਸਿਆ ਜਾ ਰਿਹਾ ਹੈ ਕਿ ਹਮਜ਼ਾ ਬੁਰਹਾਨ ਉਰਫ਼ ਅਰਜ਼ਮੰਦ ਗੁਲਜ਼ਾਰ ਸਾਲ 2019 ਦੇ ਪੁਲਵਾਮਾ ਅੱਤਵਾਦੀ ਹਮਲੇ ਦੇ ਮੁੱਖ ਸਾਜਿਸ਼ਕਾਰਾਂ 'ਚੋਂ ਇਕ ਸੀ | ਮੂਲ ਰੂਪ 'ਚ ਦੱਖਣੀ ਕਸ਼ਮੀਰ ਦੇ ਪੁਲਵਾਮਾ ਜ਼ਿਲ੍ਹੇ ਦਾ ਰਹਿਣ ਵਾਲਾ ਉਕਤ ਅੱਤਵਾਦੀ ਪਿਛਲੇ 7 ਸਾਲਾਂ ਤੋਂ ਪਾਕਿ ਦੇ ਮੁਜ਼ੱਫਰਾਬਾਦ 'ਚ ਰਹਿ ਰਿਹਾ ਸੀ | ਉੱਥੇ ਉਸ ਨੇ ਆਪਣੀ ਪਹਿਚਾਣ ਅਧਿਆਪਕ ਵਜੋਂ ਬਣਾਈ ਸੀ | 14 ਫਰਵਰੀ, 2019 ਨੂੰ ਪੁਲਵਾਮਾ ਜ਼ਿਲ੍ਹੇ ਦੇ ਅਵੰਤੀਪੋਰਾ ਨੇੜੇ ਲੇਥਪੋਰਾ ਖੇਤਰ 'ਚ ਜੰਮੂ-ਸ੍ਰੀਨਗਰ ਰਾਸ਼ਟਰੀ ਰਾਜਮਾਰਗ 'ਤੇ ਭਾਰਤੀ ਸੁਰੱਖਿਆ ਕਰਮਚਾਰੀਆਂ ਨੂੰ ਲੈ ਕੇ ਜਾ ਰਹੇ ਸੀ. ਆਰ. ਪੀ. ਐੱਫ. ਵਾਹਨਾਂ ਦੇ ਕਾਫ਼ਲੇ ਨੂੰ ਨਿਸ਼ਾਨਾ ਬਣਾ ਕੇ ਆਤਮਘਾਤੀ ਹਮਲਾ ਕੀਤਾ ਗਿਆ, ਜਿਸ 'ਚ 40 ਭਾਰਤੀ ਸੁਰੱਖਿਆ ਕਰਮਚਾਰੀ ਮਾਰੇ ਗਏ ਸਨ | ਰਿਪੋਰਟਾਂ ਅਨੁਸਾਰ ਹਮਜ਼ਾ ਬੁਰਹਾਨ ਨੂੰ ਉਸ ਵੇਲੇ ਇਕ ਅਣਪਛਾਤੇ ਹਮਲਾਵਰ ਨੇ ਗੋਲੀ ਮਾਰੀ ਜਦੋਂ ਉਹ ਆਪਣੇ ਦਫ਼ਤਰ 'ਚ ਬੈਠਾ ਸੀ | ਉਸ ਦੀ ਮੌਤ ਨਾਲ ਜੰਮੂ-ਕਸ਼ਮੀਰ ਦੇ ਅੱਤਵਾਦੀ ਨੈੱਟਵਰਕ ਨੂੰ ਇਕ ਹੋਰ ਵੱਡਾ ਝਟਕਾ ਲੱਗਾ ਹੈ | ਪਾਬੰਦੀਸ਼ੁਦਾ ਅੱਤਵਾਦੀ ਸੰਗਠਨ 'ਅਲ-ਬਦਰ' ਦੇ ਮੁੱਖ ਕਮਾਂਡਰਾਂ 'ਚੋਂ ਇਕ ਹਮਜ਼ਾ ਬੁਰਹਾਨ ਭਾਰਤੀ ਸੁਰੱਖਿਆ ਏਜੰਸੀਆਂ ਦੀ ਮੋਸਟ ਵਾਂਟੇਡ ਸੂਚੀ 'ਚ ਵੀ ਸ਼ਾਮਿਲ ਸੀ |