ਮਜੀਠਾ (ਅੰਮਿ੍ਤਸਰ), 24 ਮਈ (ਮਨਿੰਦਰ ਸਿੰਘ ਸੋਖੀ, ਜਗਤਾਰ ਸਿੰਘ ਸਹਿਮੀ)-ਮਜੀਠਾ ਨੇੜੇ ਮੋਟਰਸਾਈਕਲ ਸਵਾਰ ਦੋ ਅਣਪਛਾਤੇ ਵਿਅਕਤੀਆਂ ਵਲੋਂ ਇਕ ਏ.ਐਸ.ਆਈ. ਦੀ ਗੋਲੀਆਂ ਮਾਰ ਕੇ ਹੱਤਿਆ ਕਰਨ ਦਾ ਸਮਾਚਾਰ ਹੈ | ਜਾਣਕਾਰੀ ਅਨੁਸਾਰ ਅੰਮਿ੍ਤਸਰ ਸਿਟੀ ਟ੍ਰੈਫ਼ਿਕ ਵਿਚ ਟ੍ਰੈਫ਼ਿਕ ਇੰਚਾਰਜ ਇੰਸਪੈਕਟਰ ਵਿਕਰਾਂਤ ਦੇ ਗੰਨਮੈਨ ਏ.ਐੱਸ.ਆਈ. ਨੰਬਰ 2649 ਅੰਮਿ੍ਤਸਰ ਸਿਟੀ ਡਿਊਟੀ ਕਰ ਰਹੇ ਜੋਗਾ ਸਿੰਘ ਪੁੱਤਰ ਪਿਆਰਾ ਸਿੰਘ ਵਾਸੀ ਪਿੰਡ ਘਨੀਏ ਕੇ ਬਾਂਗਰ, ਜਿਹੜਾ ਕਿ ਅੱਜ ਸਵੇਰੇ ਕਰੀਬ 6 ਵਜੇ ਆਪਣੀ ਡਿਊਟੀ 'ਤੇ ਆਪਣੀ ਐਕਟਿਵਾ ਨੰਬਰ ਪੀ.ਬੀ.06/ਬੀ.ਜੀ.6614 'ਤੇ ਸਵਾਰ ਹੋ ਕੇ ਅੰਮਿ੍ਤਸਰ ਜਾ ਰਿਹਾ ਸੀ ਕਿ ਮਜੀਠਾ ਤੋਂ ਕਰੀਬ ਇਕ ਕਿਲੋਮੀਟਰ ਬਾਹਰਵਾਰ ਇਕ ਮੋਟਰਸਾਈਕਲ 'ਤੇ ਸਵਾਰ ਦੋ ਅਣਪਛਾਤੇ ਵਿਅਕਤੀਆਂ ਵਲੋਂ ਪਿਸਤੌਲ ਨਾਲ ਪਹਿਲਾਂ ਇਕ ਗੋਲੀ ਮਾਰੀ ਗਈ, ਫਿਰ ਦੂਸਰੀ ਗੋਲੀ ਮਾਰ ਕੇ ਮੌਕੇ ਤੋਂ ਫ਼ਰਾਰ ਹੋ ਗਏ | ਜਾਣਕਾਰੀ ਅਨੁਸਾਰ ਜੋਗਾ ਸਿੰਘ ਹਰ ਰੋਜ਼ ਆਪਣੀ ਕਾਰ 'ਤੇ ਡਿਊਟੀ 'ਤੇ ਜਾਂਦਾ ਸੀ ਪਰ ਅੱਜ ਸਵੇਰੇ ਕਾਰ ਦਾ ਟਾਇਰ ਪੈਂਚਰ ਹੋਣ ਕਰਕੇ ਉਹ ਐਕਟਿਵਾ 'ਤੇ ਡਿਊਟੀ 'ਤੇ ਗਿਆ ਤਾਂ ਰਸਤੇ 'ਚ ਇਹ ਹਾਦਸਾ ਵਾਪਰ ਗਿਆ | ਮਿ੍ਤਕ ਦੇ ਦੋ ਬੱਚੇ ਲੜਕਾ ਅਤੇ ਲੜਕੀ ਕੈਨੇਡਾ ਵਿਚ ਰਹਿੰਦੇ ਹਨ | ਘਟਨਾ ਦੀ ਇਤਲਾਹ ਮਿਲਣ 'ਤੇ ਜ਼ਿਲ੍ਹਾ ਪੁਲਿਸ ਮੁਖੀ ਅੰਮਿ੍ਤਸਰ ਦਿਹਾਤੀ ਸੁਹੇਲ ਮੀਰ ਕਾਸਿਮ ਪੁਲਿਸ ਫੋਰਸ ਲੈ ਕੇ ਮੌਕੇ 'ਤੇ ਪਹੁੰਚੇ ਅਤੇ ਘਟਨਾ ਦਾ ਜਾਇਜ਼ਾ ਲਿਆ | ਮਿ੍ਤਕ ਦੀ ਲਾਸ਼ ਨੂੰ ਪੋਸਟਮਾਰਟਮ ਲਈ ਭੇਜ ਦਿੱਤਾ ਗਿਆ ਹੈ | ਮੌਕੇ 'ਤੇ ਮੌਜੂਦ ਡੀ.ਐੱਸ.ਪੀ. ਮਜੀਠਾ ਕਮਲਜੀਤ ਸਿੰਘ ਨੇ ਕਿਹਾ ਕਿ ਘਟਨਾ ਸਥਾਨ 'ਤੇ ਲੱਗੇ ਸੀ.ਸੀ.ਟੀ.ਵੀ. ਕੈਮਰਿਆਂ ਨੂੰ ਵੇਖਿਆ ਜਾ ਰਿਹਾ ਹੈ | ਘਟਨਾ ਦੇ ਹਰੇਕ ਪਹਿਲੂ 'ਤੇ ਛਾਣਬੀਣ ਕੀਤੀ ਜਾ ਰਹੀ ਹੈ ਤੇ ਜਲਦ ਹੀ ਕਾਤਲ ਪੁਲਿਸ ਦੀ ਗਿ੍ਫ਼ਤ ਵਿਚ ਹੋਣਗੇ | ਐਸ. ਐਚ. ਓ. ਕਰਮਪਾਲ ਸਿੰਘ ਨੇ ਦੱਸਿਆ ਕਿ ਪੁਲਿਸ ਸਟੇਸ਼ਨ ਮਜੀਠਾ ਵਿਚ ਅਣਪਛਾਤੇ ਵਿਅਕਤੀਆਂ ਖ਼ਿਲਾਫ਼ ਪਰਚਾ ਦਰਜ ਕੀਤਾ ਗਿਆ ਹੈ |
ਅੱਤਵਾਦੀ ਸੰਗਠਨ ਤਹਿਰੀਕ-ਏ-ਤਾਲਿਬਾਨ ਹਿੰਦੁਸਤਾਨ ਨੇ ਲਈ ਹੱਤਿਆ ਦੀ ਜ਼ਿੰਮੇਵਾਰੀ
ਮਜੀਠਾ (ਅੰਮਿ੍ਤਸਰ), (ਮਨਿੰਦਰ ਸਿੰਘ ਸੋਖੀ)-ਮਜੀਠਾ ਵਿਖੇ ਏ. ਐਸ. ਆਈ. ਜੋਗਾ ਸਿੰਘ ਦੀ ਹੋਈ ਹੱਤਿਆ ਦੀ ਜ਼ਿੰਮੇਵਾਰੀ ਅੱਤਵਾਦੀ ਸੰਗਠਨ ਤਹਿਰੀਕ-ਏ-ਤਾਲਿਬਾਨ ਹਿੰਦੁਸਤਾਨ ਨੇ ਸੋਸ਼ਲ ਮੀਡੀਆ 'ਤੇ ਆਪਣੇ ਲੈਟਰ ਹੈੱਡ 'ਤੇ ਪ੍ਰੈਸ ਨੋਟ ਜਾਰੀ ਕਰਕੇ ਲਈ ਹੈ | ਪ੍ਰੈੱਸ ਨੋਟ 'ਚ ਜਥੇਬੰਦੀ ਦੇ ਕਮਾਂਡਰ ਅਲ ਬੁਰਕ ਬੁੜੇ ਨੇ ਕਿਹਾ ਹੈ ਕਿ ਉਨ੍ਹਾਂ ਨੇ ਏ. ਐਸ. ਆਈ. ਜੋਗਾ ਸਿੰਘ ਨੂੰ ਮਾਰ ਦਿੱਤਾ ਹੈ | ਪ੍ਰੈਸ ਨੋਟ 'ਚ ਜਥੇਬੰਦੀ ਦੇ ਨਾਇਬ ਸਿਪਾਹ-ਸਲਾਰ ਕਮਾਂਡਰ ਸੰਗਰ ਯਾਰ ਨੂੰ ਵਧਾਈ ਦਿੱਤੀ ਗਈ ਹੈ ਅਤੇ ਸਰਕਾਰੀ ਅਧਿਕਾਰੀਆਂ ਨੂੰ ਚਿਤਾਵਨੀ ਦਿੱਤੀ ਹੈ ਕਿ ਜੇਕਰ ਤੁਸੀਂ ਜਿਊਣਾ ਚਾਹੁੰਦੇ ਹੋ ਤਾਂ ਸੇਵਾ ਤੋਂ ਅਸਤੀਫ਼ੇ ਦਿਓ | ਪ੍ਰੈੱਸ ਨੋਟ ਦੀ ਸਥਾਨਕ ਪੁਲਿਸ ਵਲੋਂ ਬਰੀਕੀ ਨਾਲ ਛਾਣਬੀਨ ਕੀਤੀ ਜਾ ਰਹੀ ਹੈ |
ਮਜੀਠਾ ਨੇੜੇ ਡਿਊਟੀ 'ਤੇ ਜਾ ਰਹੇ ਏ.ਐੱਸ.ਆਈ. ਦੀ ਗੋਲੀਆਂ ਮਾਰ ਕੇ ਹੱਤਿਆ <br/>
ਅਜੀਤ ਡੈਸਕ
25-05-2026