ਚੰਡੀਗੜ੍ਹ, 24 ਮਈ (ਪ੍ਰੋ. ਅਵਤਾਰ ਸਿੰਘ) ਪੰਜਾਬ ਦੀਆਂ 8 ਨਗਰ ਨਿਗਮਾਂ, 75 ਨਗਰ ਕੌਂਸਲਾਂ ਅਤੇ 21 ਨਗਰ ਪ੍ਰੀਸ਼ਦਾਂ ਦੀਆਂ ਆਮ ਚੋਣਾਂ ਨੂੰ ਲੈ ਕੇ ਚੋਣ ਪ੍ਰਚਾਰ ਅੱਜ ਸ਼ਾਮ ਬੰਦ ਹੋ ਗਿਆ ਤੇ 26 ਮਈ ਨੂੰ ਇਨ੍ਹਾਂ ਚੋਣਾਂ ਲਈ ਵੋਟਾਂ ਪੈਣਗੀਆਂ | ਚੋਣਾਂ ਲਈ ਹੁਣ 7555 ਉਮੀਦਵਾਰ ਚੋਣ ਮੈਦਾਨ 'ਚ ਆਪਣੀ ਕਿਸਮਤ ਅਜ਼ਮਾ ਰਹੇ ਹਨ | ਨਗਰ ਨਿਗਮਾਂ, ਨਗਰ ਕੌਂਸਲਾਂ ਅਤੇ ਨਗਰ ਪੰਚਾਇਤਾਂ 'ਚ ਚੋਣ ਤਸਵੀਰ ਕਾਫ਼ੀ ਹੱਦ ਤੱਕ ਸਾਫ਼ ਹੋ ਗਈ ਹੈ ਅਤੇ ਕਈ ਵਾਰਡਾਂ ਵਿਚ ਸਿੱਧੇ ਮੁਕਾਬਲੇ ਬਣਦੇ ਨਜ਼ਰ ਆ ਰਹੇ ਹਨ | ਜ਼ਿਕਰਯੋਗ ਹੈ ਕਿ ਸੂਬੇ ਭਰ 'ਚ ਪਹਿਲਾਂ ਕੁੱਲ 10,809 ਨਾਮਜ਼ਦਗੀ ਪੱਤਰ ਦਾਖ਼ਲ ਹੋਏ ਸਨ | ਸਕਰੂਟਨੀ ਤੋਂ ਬਾਅਦ ਨਾਂਅ ਵਾਪਸੀ ਦੀ ਪ੍ਰਕਿਰਿਆ ਦੌਰਾਨ ਵੱਡੀ ਗਿਣਤੀ 'ਚ ਉਮੀਦਵਾਰਾਂ ਨੇ ਆਪਣੇ ਕਾਗਜ਼ ਵਾਪਸ ਲੈ ਲਏ ਸਨ, ਜਿਸ ਕਾਰਨ ਹੁਣ ਉਮੀਦਵਾਰਾਂ ਦੀ ਗਿਣਤੀ 7555 ਰਹਿ ਗਈ ਹੈ | ਇਨ੍ਹਾਂ ਚੋਣਾਂ ਲਈ ਬਹੁਜਨ ਸਮਾਜ ਪਾਰਟੀ ਵਲੋਂ 96, ਭਾਰਤੀ ਜਨਤਾ ਪਾਰਟੀ (ਭਾਜਪਾ) ਦੇ 1316, 'ਆਪ' ਦੇ 1801, ਕਾਂਗਰਸ ਦੇ 1550, ਸ਼੍ਰੋਮਣੀ ਅਕਾਲੀ ਦਲ (ਬ) ਦੇ 1251, ਆਜ਼ਾਦ ਉਮੀਦਵਾਰ ਵਜੋਂ 1528 ਤੇ ਹੋਰ 13 ਉਮੀਦਵਾਰ ਚੋਣ ਲੜ ਰਹੇ ਹਨ | ਜ਼ਿਲ੍ਹਾ-ਵਾਰ ਅੰਕੜਿਆਂ ਮੁਤਾਬਕ ਮੁਹਾਲੀ ਵਿਚ ਸਭ ਤੋਂ ਵੱਧ 114 ਨਾਮਜ਼ਦਗੀ ਪੱਤਰ ਰੱਦ ਹੋਏ ਸਨ | ਬਠਿੰਡਾ 'ਚ 82, ਗੁਰਦਾਸਪੁਰ 'ਚ 81 ਅਤੇ ਅੰਮਿ੍ਤਸਰ 'ਚ 72, ਫ਼ਰੀਦਕੋਟ 'ਚ 55, ਲੁਧਿਆਣਾ 'ਚ 44, ਤਰਨ ਤਾਰਨ 'ਚ 44 ਨਾਮਜ਼ਦਗੀਆਂ ਰੱਦ ਹੋਣ ਕਾਰਨ ਇਨ੍ਹਾਂ ਜ਼ਿਲਿ੍ਹਆਂ ਵਿਚ ਚੋਣ ਸਮੀਕਰਨ ਪ੍ਰਭਾਵਿਤ ਹੋਏ ਹਨ | ਦੂਜੇ ਪਾਸੇ ਮੁਹਾਲੀ 'ਚ ਹੀ ਸਭ ਤੋਂ ਵੱਧ 1061 ਵੈਧ ਨਾਮਜ਼ਦਗੀ ਪੱਤਰ ਦਰਜ ਕੀਤੇ ਗਏ ਸਨ, ਜਦਕਿ ਬਠਿੰਡਾ ਵਿਚ 1036 ਅਤੇ ਲੁਧਿਆਣਾ 'ਚ 613 ਵੈਧ ਉਮੀਦਵਾਰ ਰਹੇ | ਕਈ ਥਾਵਾਂ 'ਤੇ ਸਿਆਸੀ ਪਾਰਟੀਆਂ ਨੂੰ ਬਗ਼ਾਵਤੀ ਉਮੀਦਵਾਰਾਂ ਨਾਲ ਨਜਿੱਠਣਾ ਪੈ ਰਿਹਾ ਹੈ | ਕੁਝ ਵਾਰਡਾਂ 'ਚ ਪਾਰਟੀਆਂ ਵਲੋਂ ਬਾਗੀਆਂ ਨੂੰ ਮਨਾਉਣ ਦੇ ਹੀਲੇ ਵੀ ਵਰਤੇ ਗਏ, ਜਦਕਿ ਕਈ ਥਾਵਾਂ 'ਤੇ ਆਜ਼ਾਦ ਉਮੀਦਵਾਰਾਂ ਨੇ ਮੁਕਾਬਲੇ ਨੂੰ ਤਿਕੋਣਾ ਅਤੇ ਚਹੁਕੋਣਾ ਬਣਾ ਦਿੱਤਾ ਹੈ |