ਕਿਹਾ, ਮੈਂ ਪ੍ਰਧਾਨ ਮੰਤਰੀ ਮੋਦੀ ਦਾ ਬਹੁਤ ਵੱਡਾ ਪ੍ਰਸੰਸਕ ਹਾਂ
ਨਵੀਂ ਦਿੱਲੀ, 24 ਮਈ (ਪੀ. ਟੀ. ਆਈ.)-ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਮਹਾਨ ਦੋਸਤ ਦੱਸਦੇ ਹੋਏ ਭਾਰਤ ਨੂੰ ਅਮਰੀਕਾ ਦਾ ਮੁੱਖ ਭਾਈਵਾਲ ਕਰਾਰ ਦਿੱਤਾ | ਉਨ੍ਹਾਂ ਕਿਹਾ ਕਿ ਭਾਰਤ ਮੇਰੇ 'ਤੇ 100 ਫ਼ੀਸਦੀ ਭਰੋਸਾ ਕਰ ਸਕਦਾ ਹੈ | ਰਾਸ਼ਟਰਪਤੀ ਨੇ ਕਿਹਾ ਕਿ ਮੈਂ ਪ੍ਰਧਾਨ ਮੰਤਰੀ ਨੂੰ ਪਿਆਰ ਕਰਦਾ ਹਾਂ, (ਨਰਿੰਦਰ) ਮੋਦੀ ਮਹਾਨ ਹਨ, ਉਹ ਮੇਰੇ ਦੋਸਤ ਹਨ | ਅਮਰੀਕੀ ਰਾਸ਼ਟਰਪਤੀ ਨੇ ਕਿਹਾ ਕਿ ਜੇਕਰ ਉਨ੍ਹਾਂ ਨੂੰ ਕਦੇ ਮਦਦ ਦੀ ਲੋੜ ਹੁੰਦੀ ਹੈ ਤਾਂ ਉਹ ਜਾਣਦੇ ਹਨ ਕਿ ਕਿਥੇ ਫ਼ੋਨ ਕਰਨਾ ਹੈ, ਉਹ ਇਥੇ ਫ਼ੋਨ ਕਰਦੇ ਹਨ | ਰਾਸ਼ਟਰਪਤੀ ਟਰੰਪ ਐਤਵਾਰ ਰਾਤ ਨੂੰ ਅਮਰੀਕਾ ਦੀ ਆਜ਼ਾਦੀ ਦੀ 250ਵੀਂ ਵਰ੍ਹੇਗੰਢ ਮਨਾਉਣ ਲਈ ਇਥੇ ਭਾਰਤ ਮੰਡਪਮ ਵਿਖੇ ਕਰਵਾਏ ਸਮਾਗਮ ਨੂੰ ਅਮਰੀਕਾ ਦੇ ਰਾਜਦੂਤ ਸਰਜੀਓ ਗੋਰ ਦੇ ਮੋਬਾਈਲ ਫ਼ੋਨ ਰਾਹੀਂ ਸੰਬੋਧਨ ਕਰ ਰਹੇ ਸਨ | ਟਰੰਪ ਨੇ ਮਾਰਕੋ ਰੂਬੀਓ ਨੂੰ ਮੁਖ਼ਾਤਬ ਹੁੰਦਿਆਂ ਕਿਹਾ ਕਿ ਪ੍ਰਧਾਨ ਮੰਤਰੀ ਮੋਦੀ ਨੂੰ ਮੇਰੇ ਵਲੋਂ ਨਮਸਕਾਰ ਕਹਿਣਾ ਅਤੇ ਉਨ੍ਹਾਂ ਨੂੰ ਦੱਸਣਾ ਕਿ ਮੈਂ ਉਨ੍ਹਾਂ ਦਾ ਬਹੁਤ ਵੱਡਾ ਪ੍ਰਸ਼ੰਸਕ ਹਾਂ | ਇਸ ਸਮਾਗਮ 'ਚ ਵਿਦੇਸ਼ ਮੰਤਰੀ ਐਸ. ਜੈਸ਼ੰਕਰ, ਅਮਰੀਕੀ ਵਿਦੇਸ਼ ਮੰਤਰੀ ਮਾਰਕੋ ਰੂਬੀਓ ਅਤੇ ਅਮਰੀਕੀ ਰਾਜਦੂਤ ਸਰਜੀਓ ਗੋਰ ਵੀ ਹਾਜ਼ਰ ਸਨ | ਇਸ ਸਮਾਗਮ ਦਾ ਮੁੱਖ ਆਕਰਸ਼ਣ ਏ.ਆਰ. ਰਹਿਮਾਨ ਦੀ ਪੇਸ਼ਕਾਰੀ ਸੀ |
ਭਾਰਤ ਮੇਰੇ 'ਤੇ ਪੂਰਾ ਭਰੋਸਾ ਕਰ ਸਕਦਾ ਹੈ-ਟਰੰਪ
ਅਜੀਤ ਡੈਸਕ
25-05-2026