ਵੈਨਿਸ, 25 ਮਈ (ਹਰਦੀਪ ਸਿੰਘ ਕੰਗ)-ਬੀਤੇ ਦਿਨ ਇਕ ਨੌਜਵਾਨ ਮਨਪ੍ਰੀਤ ਸਿੰਘ (38) ਦੀ ਸੜਕ ਹਾਦਸੇ 'ਚ ਹੋਈ ਮੌਤ ਦੇ ਦੁੱਖ 'ਚੋਂ ਇਟਲੀ ਦਾ ਭਾਰਤੀ ਭਾਈਚਾਰਾ ਹਾਲੇ ਬਾਹਰ ਨਹੀਂ ਸੀ ਆ ਸਕਿਆ ਕਿ ਇਕ ਹੋਰ ਘਟਨਾ ਨੇ ਭਾਈਚਾਰੇ ਨੂੰ ਡੂੰਘਾ ਸਦਮਾ ਦਿੱਤਾ ਹੈ | ਇਟਲੀ ਦੇ ਵਰੋਨਾ ਨੇੜੇ ਹੋਏ ਇਕ ਸੜਕ ਹਾਦਸੇ ਦੌਰਾਨ 24 ਅਤੇ 26 ਸਾਲ ਦੇ ਦੋ ਪੰਜਾਬੀ ਨੌਜਵਾਨਾਂ ਦੀ ਮੌਤ ਮੌਤ ਹੋ ਗਈ | ਜਾਣਕਾਰੀ ਅਨੁਸਾਰ ਇਹ ਘਟਨਾ ਅੱਜ ਸਵੇਰੇ 5:30 ਵਜੇ ਕਾਸਲ ਦੈਰੀਓ ਰੋਂਕਾ ਫਰਾਰੀ ਰੋਡ 'ਤੇ ਉਦੋਂ ਵਾਪਰੀ ਜਦੋਂ ਇਹ ਦੋਵੇਂ ਨੌਜਵਾਨ ਸਾਈਕਲ 'ਤੇ ਸਵੇਰੇ ਕੰਮ 'ਤੇ ਜਾ ਰਹੇ ਸਨ | ਪਿਛੇ ਤੋਂ ਆ ਰਹੀ ਇਕ ਵੈਨ ਨੇ ਇਨ੍ਹਾਂ ਨੂੰ ਜ਼ੋਰਦਾਰ ਟੱਕਰ ਮਾਰ ਦਿੱਤੀ, ਜਿਸ ਨਾਲ ਇਨ੍ਹਾਂ ਦੋਵਾਂ ਦੀ ਮੌਕੇ 'ਤੇ ਹੀ ਮੌਤ ਹੋ ਗਈ | ਮਿਨੀ ਵੈਨ ਨੂੰ 68 ਸਾਲਾ ਇਕ ਇਟਾਲੀਅਨ ਵਿਅਕਤੀ ਚਲਾ ਰਿਹਾ ਸੀ ਜੋ ਕਿ ਉਸ ਕੋਲੋਂ ਬੇਕਾਬੂ ਹੋ ਗਈ | ਪੁਲਿਸ ਨੇ ਡਰਾਈਵਰ ਨੂੰ ਗਿ੍ਫ਼ਤਾਰ ਕਰ ਲਿਆ ਹੈ, ਇਸ ਘਟਨਾ ਦੇ ਨਾਲ ਹੀ ਇਟਲੀ ਵਸਦੇ ਭਾਰਤੀ ਭਾਈਚਾਰੇ 'ਚ ਸੋਗ ਦੀ ਲਹਿਰ ਦੌੜ ਗਈ | ਮਿ੍ਤਕ ਨੌਜਵਾਨ ਤਜਿੰਦਰ ਸਿੰਘ ਜ਼ਿਲ੍ਹਾ ਪਟਿਆਲਾ ਅਤੇ ਹਰਮਨਜੋਤ ਸਿੰਘ ਜ਼ਿਲ੍ਹਾ ਹੁਸ਼ਿਆਰਪੁਰ ਨਾਲ ਸੰਬੰਧਿਤ ਸਨ | ਪੁਲਿਸ ਨੇ ਲਾਸ਼ਾਂ ਨੂੰ ਕਬਜ਼ੇ 'ਚ ਲੈ ਕੇ ਹਾਦਸੇ ਦੇ ਕਾਰਨਾਂ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ |
ਇਟਲੀ 'ਚ ਸੜਕ ਹਾਦਸੇ ਦੌਰਾਨ ਦੋ ਪੰਜਾਬੀ ਨੌਜਵਾਨਾਂ ਦੀ ਮੌਤ <br/>
ਅਜੀਤ ਡੈਸਕ
26-05-2026