ਹਮੀਰਪੁਰ (ਯੂ.ਪੀ.), 29 ਮਈ (ਪੀ.ਟੀ.ਆਈ.)-ਯੂਪੀ ਦੇ ਹਮੀਰਪੁਰ ਵਿਚ ਬੇਤਵਾ ਨਦੀ 'ਤੇ ਨਿਰਮਾਣ ਅਧੀਨ ਇਕ ਪੁਲ ਦੀ ਸਲੈਬ ਸ਼ੁੱਕਰਵਾਰ ਦੇਰ ਰਾਤ ਲਗਪਗ ਤਿੰਨ ਵਜੇ ਡਿੱਗ ਗਈ | ਇਸ ਹਾਦਸੇ ਵਿਚ ਛੇ ਮਜ਼ਦੂਰਾਂ ਦੀ ਮੌਤ ਹੋ ਗਈ | ਸਟੇਟ ਡਿਜ਼ਾਸਟਰ ਰਿਸਪਾਂਸ ਫੋਰਸ (ਐਸ.ਡੀ.ਆਰ.ਐਫ.) ਨੇ ਮਲਬੇ ਵਿਚ ਫਸੇ ਤਿੰਨ ਮਜ਼ਦੂਰਾਂ ਨੂੰ ਬਾਹਰ ਕੱਢ ਲਿਆ ਹੈ | ਸਥਾਨਕ ਅਧਿਕਾਰੀਆਂ ਨੇ ਦੱਸਿਆ ਕਿ ਮਜ਼ਦੂਰਾਂ ਨੂੰ ਬਾਹਰ ਕੱਢਣ ਲਈ ਬਚਾਅ ਕਾਰਜ ਸਾਢੇ ਸੱਤ ਘੰਟੇ ਤੱਕ ਚੱਲੇ | ਉੱਤਰ ਪ੍ਰਦੇਸ਼ ਬਿ੍ਜ ਕਾਰਪੋਰੇਸ਼ਨ ਦੇ ਐਮ.ਡੀ. ਧਰਮਵੀਰ ਸਿੰਘ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਤੂਫਾਨ ਅਤੇ ਮੀਂਹ ਕਾਰਨ ਇਕ ਸਲੈਬ ਡਿੱਗ ਗਈ, ਜਿਸ ਕਾਰਨ ਹੇਠਾਂ ਸੌਂ ਰਹੇ ਮਜ਼ਦੂਰ ਫਸ ਗਏ | ਹਾਦਸੇ ਤੋਂ ਬਾਅਦ ਸਹਾਇਕ ਇੰਜੀਨੀਅਰ ਗਜੇਂਦਰ ਕੁਮਾਰ ਚੌਧਰੀ ਨੂੰ ਮੁਅੱਤਲ ਕਰ ਦਿੱਤਾ ਗਿਆ ਹੈ | ਡੀ.ਪੀ.ਐਮ. ਦਿਲੀਪ ਕੁਮਾਰ ਵਿਰੁੱਧ ਵਿਭਾਗੀ ਕਾਰਵਾਈ ਸ਼ੁਰੂ ਕੀਤੀ ਜਾ ਰਹੀ ਹੈ | ਹਮੀਰਪੁਰ ਦੇ ਜ਼ਿਲ੍ਹਾ ਮੈਜਿਸਟ੍ਰੇਟ ਅਭਿਸ਼ੇਕ ਗੋਇਲ ਅਤੇ ਪੁਲਿਸ ਸੁਪਰਡੈਂਟ ਮਿ੍ਗਾਂਕ ਸ਼ੇਖਰ ਪਾਠਕ ਮੌਕੇ 'ਤੇ ਪਹੁੰਚੇ ਅਤੇ ਐਸ.ਡੀ.ਆਰ.ਐਫ. ਦੀਆਂ ਟੀਮਾਂ ਦੁਆਰਾ ਕੀਤੇ ਜਾ ਰਹੇ ਬਚਾਅ ਕਾਰਜਾਂ ਦਾ ਨਿਰੀਖਣ ਕੀਤਾ | ਮੁੱਖ ਮੰਤਰੀ ਯੋਗੀ ਨੇ ਮਿ੍ਤਕਾਂ ਦੇ ਪਰਿਵਾਰਾਂ ਲਈ 5-5 ਲੱਖ ਰੁਪਏ ਅਤੇ ਜ਼ਖ਼ਮੀਆਂ ਲਈ 50,000 ਰੁਪਏ ਦੀ ਵਿੱਤੀ ਸਹਾਇਤਾ ਦਾ ਐਲਾਨ ਵੀ ਕੀਤਾ ਹੈ |