ਨਵੀਂ ਦਿੱਲੀ, 1 ਜੂਨ (ਜਗਤਾਰ ਸਿੰਘ)-ਸੁਪਰੀਮ ਕੋਰਟ 'ਚ 5 ਨਵੇਂ ਜੱਜਾਂ ਦੀ ਨਿਯੁਕਤੀ ਕੀਤੀ ਗਈ ਹੈ, ਜਿਸ ਨਾਲ ਹੁਣ ਅਦਾਲਤ 'ਚ ਜੱਜਾਂ ਦੀ ਗਿਣਤੀ 37 ਹੋ ਗਈ ਹੈ, ਜੋ ਕਿ ਪ੍ਰਵਾਨਿਤ ਗਿਣਤੀ (38) ਤੋਂ ਇਕ ਘੱਟ ਹੈ | ਰਾਸ਼ਟਰਪਤੀ ਦਰੋਪਦੀ ਮੁਰਮੂ ਨੇ ਸੁਪਰੀਮ ਕੋਰਟ ਵਿਚ ਪੰਜ ਨਵੇਂ ਜੱਜਾਂ ਦੀ ਨਿਯੁਕਤੀ ਦੀ ਸਿਫਾਰਸ਼ ਨੂੰ ਮਨਜ਼ੂਰੀ ਦੇ ਦਿੱਤੀ ਹੈ | ਇਨ੍ਹਾਂ ਨਵੇਂ ਜੱਜਾਂ ਨੂੰ ਚੀਫ਼ ਜਸਟਿਸ ਸੂਰਿਆਕਾਂਤ ਮੰਗਲਵਾਰ ਨੂੰ ਸੁਪਰੀਮ ਕੋਰਟ ਕੈਂਪਸ 'ਚ ਸਹੁੰ ਚੁਕਾਉਣਗੇ | ਜਸਟਿਸ ਸ਼ੀਲ ਨਾਗੂ (ਪੰਜਾਬ ਅਤੇ ਹਰਿਆਣਾ ਹਾਈ ਕੋਰਟ), ਜਸਟਿਸ ਚੰਦਰਸ਼ੇਖਰ (ਬੰਬੇ ਹਾਈ ਕੋਰਟ), ਜਸਟਿਸ ਸੰਜੀਵ ਸਚਦੇਵਾ (ਮੱਧ ਪ੍ਰਦੇਸ਼ ਹਾਈ ਕੋਰਟ), ਜਸਟਿਸ ਅਰੁਣ ਪੱਲੀ (ਜੰਮੂ-ਕਸ਼ਮੀਰ ਅਤੇ ਲੱਦਾਖ ਹਾਈ ਕੋਰਟ) ਅਤੇ ਸੀਨੀਅਰ ਵਕੀਲ ਵੀ. ਸੁਬਰਾਮਣੀ ਮੋਹਨਾ ਨੂੰ ਸੁਪਰੀਮ ਕੋਰਟ ਦੇ ਜੱਜ ਨਿਯੁਕਤ ਕੀਤਾ ਹੈ | ਦੱਸਣਯੋਗ ਹੈ ਕਿ ਇਸ ਤੋਂ ਪਹਿਲਾਂ ਇਕ ਆਰਡੀਨੈਂਸ ਜ਼ਰੀਏ ਸੁਪਰੀਮ ਕੋਰਟ ਵਿਚ ਜੱਜਾਂ ਦੀ ਗਿਣਤੀ 34 ਤੋਂ ਵਧਾ ਕੇ 38 ਕਰ ਦਿੱਤੀ ਗਈ ਸੀ | ਹੁਣ 5 ਜੱਜਾਂ ਦੀ ਨਿਯੁਕਤੀ ਤੋਂ ਬਾਅਦ ਸੁਪਰੀਮ ਕੋਰਟ ਵਿਚ ਜੱਜਾਂ ਦੀ ਮੌਜੂਦਾ ਗਿਣਤੀ 37 ਹੋ ਗਈ ਹੈ |