ਐਨ.ਡੀ.ਏ. ਸਰਕਾਰ ਨੂੰ ਦਿੱਤਾ ਸਮਰਥਨ
ਕੋਲਕਾਤਾ, 14 ਜੂਨ (ਏਜੰਸੀ)-ਤਿ੍ਣਮੂਲ ਕਾਂਗਰਸ ਦੇ 20 ਬਾਗੀ ਸੰਸਦ ਮੈਂਬਰਾਂ ਨੇ ਪਾਰਟੀ ਤੋਂ ਵੱਖ ਹੋ ਕੇ ਤਿ੍ਪੁਰਾ ਦੀ ਖੇਤਰੀ ਪਾਰਟੀ ਨੈਸ਼ਨਲਿਸਟ ਸਿਟੀਜ਼ਨਸ ਪਾਰਟੀ ਆਫ਼ ਇੰਡੀਆ (ਐਨ. ਸੀ. ਪੀ. ਆਈ.) 'ਚ ਸ਼ਾਮਿਲ ਹੋਣ ਦਾ ਰਸਮੀ ਐਲਾਨ ਕਰ ਦਿੱਤਾ ਹੈ | ਬਾਗ਼ੀ ਧੜੇ ਦੀ ਪ੍ਰਮੁੱਖ ਆਗੂ ਕਾਕੋਲੀ ਘੋਸ਼ ਦਸਤੀਦਾਰ ਨੇ ਕਿਹਾ ਕਿ ਉਨ੍ਹਾਂ ਦਾ ਇਹ ਨਵਾਂ ਗਰੁੱਪ ਹੁਣ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਹੇਠ ਕੇਂਦਰ ਦੀ ਐਨ. ਡੀ. ਏ. ਸਰਕਾਰ ਨਾਲ ਮਿਲ ਕੇ ਦੇਸ਼ ਦੇ ਹਿਤ 'ਚ ਕੰਮ ਕਰੇਗਾ | ਇਸ ਫ਼ੈਸਲੇ ਤੋਂ ਪਹਿਲਾਂ ਕਾਕੋਲੀ ਘੋਸ਼ ਸਣੇ ਟੀ.ਐਮ.ਸੀ. ਦੇ 17 ਬਾਗ਼ੀ ਸੰਸਦ ਮੈਂਬਰਾਂ ਨੇ ਐਤਵਾਰ ਨੂੰ ਦਿੱਲੀ 'ਚ ਪੱਛਮੀ ਬੰਗਾਲ ਦੇ ਭਾਜਪਾ ਇੰਚਾਰਜ ਭੁਪੇਂਦਰ ਯਾਦਵ ਦੇ ਨਿਵਾਸ ਸਥਾਨ 'ਤੇ ਮੀਟਿੰਗ ਕੀਤੀ | ਇਸ ਉਚ-ਪੱਧਰੀ ਮੀਟਿੰਗ ਤੋਂ ਤੁਰੰਤ ਬਾਅਦ ਸਾਰੇ ਬਾਗੀ ਸੰਸਦ ਮੈਂਬਰ ਲੋਕ ਸਭਾ ਸਪੀਕਰ ਓਮ ਬਿਰਲਾ ਨੂੰ ਮਿਲਣ ਲਈ ਪਹੁੰਚੇ ਅਤੇ ਉਨ੍ਹਾਂ ਨੂੰ ਆਪਣੇ ਫੈਸਲੇ ਬਾਰੇ ਜਾਣੂ ਕਰਵਾਇਆ | ਸਪੀਕਰ ਨਾਲ ਮੁਲਾਕਾਤ ਤੋਂ ਬਾਅਦ ਹੀ ਉਨ੍ਹਾਂ ਨੇ ਅਧਿਕਾਰਤ ਤੌਰ 'ਤੇ ਐਨ.ਸੀ.ਪੀ. ਪਾਰਟੀ 'ਚ ਸ਼ਾਮਿਲ ਹੋਣ ਦਾ ਐਲਾਨ ਕੀਤਾ | ਕਾਕੋਲੀ ਨੇ ਦਾਅਵਾ ਕੀਤਾ ਹੈ ਕਿ ਉਨ੍ਹਾਂ ਨਾਲ ਆਏ ਸੰਸਦ ਮੈਂਬਰ ਲੋਕ ਸਭਾ 'ਚ ਟੀ.ਐਮ.ਸੀ. ਦੀ ਕੁੱਲ ਗਿਣਤੀ ਦੇ ਦੋ-ਤਿਹਾਈ ਤੋਂ ਵੱਧ ਹਨ, ਜਿਸ ਕਾਰਨ ਇਹ ਸੰਵਿਧਾਨਿਕ ਤੇ ਕਾਨੂੰਨੀ ਰੂਪ 'ਚ ਪੂਰੀ ਤਰ੍ਹਾਂ ਮਾਨਤਾ ਪ੍ਰਾਪਤ ਹੈ ਅਤੇ ਉਨ੍ਹਾਂ 'ਤੇ ਦਲ-ਬਦਲੀ ਕਾਨੂੰਨ ਲਾਗੂ ਨਹੀਂ ਹੁੰਦਾ | ਦੂਜੇ ਪਾਸੇ, ਇਕ ਹੋਰ ਵੱਡੇ ਬਾਗੀ ਆਗੂ ਸੁਦੀਪ ਬੰਦੋਪਾਧਿਆਏ ਨੇ ਕਿਹਾ ਕਿ ਹੁਣ ਅਸਲੀ ਟੀ.ਐਮ.ਸੀ. ਕÏਣ ਹੈ, ਇਸ ਦਾ ਅੰਤਿਮ ਫੈਸਲਾ ਅਦਾਲਤ ਦੇ ਅੰਦਰ ਕੀਤਾ ਜਾਵੇਗਾ | ਉਨ੍ਹਾਂ ਇਹ ਵੀ ਸਪੱਸ਼ਟ ਕਰ ਦਿੱਤਾ ਕਿ ਉਨ੍ਹਾਂ ਦਾ ਬਾਗੀ ਧੜਾ ਟੀ.ਐਮ.ਸੀ. ਦੇ ਅਧਿਕਾਰਤ ਚੋਣ ਨਿਸ਼ਾਨ 'ਤੇ ਵੀ ਆਪਣਾ ਦਾਅਵਾ ਪੇਸ਼ ਕਰੇਗਾ |
ਤਿ੍ਣਮੂਲ ਕਾਂਗਰਸ ਦੇ ਬਾਗ਼ੀ ਸੰਸਦ ਮੈਂਬਰਾਂ ਵਲੋਂ ਖੇਤਰੀ ਪਾਰਟੀ ਐਨ.ਸੀ.ਪੀ.ਆਈ. 'ਚ ਰਲੇਵੇਂ ਦਾ ਐਲਾਨ
ਅਜੀਤ ਡੈਸਕ
15-06-2026