ਕੋਲਕਾਤਾ, 14 ਜੂਨ (ਏਜੰਸੀ)-ਪੱਛਮੀ ਬੰਗਾਲ ਵਿਧਾਨ ਸਭਾ 'ਚ ਵਿਰੋਧੀ ਧਿਰ ਦੇ ਨੇਤਾ ਦੀ ਨਿਯੁਕਤੀ ਲਈ ਵਿਧਾਇਕਾਂ ਦੇ ਜਾਅਲੀ ਦਸਤਖਤਾਂ ਦੇ ਮਾਮਲੇ 'ਚ ਪੁੱਛਗਿੱਛ ਦੇ ਦੂਜੇ ਦੌਰ ਲਈ ਟੀ. ਐਮ. ਸੀ. ਦੇ ਰਾਸ਼ਟਰੀ ਜਨਰਲ ਸਕੱਤਰ ਅਭਿਸ਼ੇਕ ਬੈਨਰਜੀ ਐਤਵਾਰ ਨੂੰ ਕੋਲਕਾਤਾ 'ਚ ਸੀ. ਆਈ. ਡੀ. ਮੁੱਖ ਦਫ਼ਤਰ ਪੁੱਜੇ, ਜਿਥੇ ਉਨ੍ਹਾਂ ਤੋਂ 8 ਘੰਟੇ ਪੁੱਛਗਿੱਛ ਕੀਤੀ ਗਈ, ਜਦੋਂਕਿ ਬਾਅਦ 'ਚ ਦੁਪਹਿਰ ਸਮੇਂ ਟੀ. ਐਮ. ਸੀ. ਨੇਤਾ ਅਤੇ ਵਿਧਾਇਕ ਕੁਣਾਲ ਘੋਸ਼ ਤੋਂ ਵੀ ਇਸੇ ਮਾਮਲੇ ਵਿਚ ਬੰਗਾਲ ਪੁਲਿਸ ਦੇ ਮੁੱਖ ਦਫ਼ਤਰ (ਭਬਾਨੀ ਭਵਨ) ਵਿਖੇ ਪੁੱਛਗਿੱਛ ਕੀਤੀ ਗਈ | ਜਾਂਚ ਕਰਨ ਵਾਲੇ ਅਧਿਕਾਰੀ ਪਿਛਲੇ ਹਫ਼ਤੇ ਡਾਇਮੰਡ ਹਾਰਬਰ ਦੇ ਸੰਸਦ ਮੈਂਬਰ ਤੋਂ ਹੋਈ ਪੁੱਛਗਿੱਛ ਦੌਰਾਨ ਉਨ੍ਹਾਂ ਦੇ ਜਵਾਬਾਂ ਤੋਂ ਸੰਤੁਸ਼ਟ ਨਹੀਂ ਸਨ, ਇਸ ਲਈ ਉਨ੍ਹਾਂ ਨੂੰ ਦੁਬਾਰਾ ਬੁਲਾਇਆ ਗਿਆ ਹੈ | ਇਕ ਅਧਿਕਾਰੀ ਨੇ ਕਿਹਾ ਕਿ ਅਜਿਹੀ ਸੰਭਾਵਨਾ ਹੈ ਕਿ ਪੁੱਛਗਿੱਛ ਲਈ ਦੋਵੇਂ ਨੇਤਾਵਾਂ ਨੂੰ ਆਹਮਣੇ-ਸਾਹਮਣੇ ਬਿਠਾਇਆ ਜਾ ਸਕਦਾ ਹੈ | ਉਨ੍ਹਾਂ ਅਨੁਸਾਰ ਬੈਨਰਜੀ ਤੋਂ ਉਸ ਬੈਠਕ ਬਾਰੇ ਜਾਣਕਾਰੀ ਮੰਗੀ ਗਈ ਜਿਸ ਵਿਚ ਪ੍ਰਸਤਾਵ 'ਤੇ ਦਸਤਖ਼ਤ ਕੀਤੇ ਗਏ ਸਨ | ਅਧਿਕਾਰੀ ਨੇ ਕਿਹਾ ਕਿ ਬੈਨਰਜੀ ਤੋਂ ਮਾਮਲੇ ਨਾਲ ਜੁੜੇ ਕੁਝ ਖ਼ਾਸ ਦਸਤਾਵੇਜ਼ ਉਪਲਬਧ ਕਰਵਾਉਣ ਲਈ ਕਿਹਾ ਗਿਆ ਹੈ ਤੇ ਨਾਲ ਹੀ ਦੱਸਿਆ ਕਿ ਦੋਵੇਂ ਟੀ. ਐਮ. ਸੀ. ਨੇਤਾਵਾਂ ਦੇ ਜਵਾਬਾਂ ਦਾ ਮਿਲਾਨ ਕੀਤਾ ਜਾਵੇਗਾ |