ਤਾਰੀਖ ਅਤੇ ਸਮਾਂ ਲੋਡ ਹੋ ਰਿਹਾ ਹੈ...
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 15-06-2026

ਭਾਰਤੀ ਫ਼ੌਜ ਵਲੋਂ ਨਵੀਂ ਵਰਦੀ ਨੀਤੀ ਦਾ ਐਲਾਨ

Ad Position 21
No active advertisement
ਅਜੀਤ ਡੈਸਕ 15-06-2026

ਨਵੀਂ ਦਿੱਲੀ , 14 ਜੂਨ (ਏਜੰਸੀ)-ਭਾਰਤੀ ਫ਼ੌਜ ਨੇ ਆਪਣੀ ਵਰਦੀ (ਡਰੈੱਸ ਕੋਡ) ਦੇ ਨਿਯਮਾਂ 'ਚ ਵੱਡਾ ਤੇ ਇਤਿਹਾਸਕ ਬਦਲਾਅ ਕੀਤਾ ਹੈ | ਫ਼ੌਜ ਵਲੋਂ ਜਾਰੀ ਕੀਤੀ ਗਈ 174 ਪੰਨਿ੍ਹਆਂ ਦੀ ਨਵੀਂ ਨਿਯਮਾਂਵਲੀ 'ਆਰਮੀ ਯੂਨੀਫਾਰਮਜ਼-2026' ਤਹਿਤ ਅੰਗਰੇਜ਼ੀ ਸ਼ਾਸਨਕਾਲ ਤੋਂ ਚੱਲੀਆਂ ਆ ਰਹੀਆਂ ਕਈ ਰਵਾਇਤਾਂ ਅਤੇ ਪ੍ਰਤੀਕਾਂ ਨੂੰ ਹਟਾ ਦਿੱਤਾ ਗਿਆ ਹੈ¢ ਭਾਰਤੀ ਫ਼ੌਜ ਦਾ ਕਹਿਣਾ ਹੈ ਕਿ ਇਨ੍ਹਾਂ ਸੁਧਾਰਾਂ ਦਾ ਮੁੱਖ ਮਕਸਦ ਬਸਤੀਵਾਦੀ ਮਾਨਸਿਕਤਾ ਦੇ ਚਿੰਨ੍ਹਾਂ ਨੂੰ ਖ਼ਤਮ ਕਰਕੇ ਭਾਰਤੀ ਸੈਨਿਕ ਪਰੰਪਰਾਵਾਂ, ਕਦਰਾਂ-ਕੀਮਤਾਂ ਅਤੇ ਦੇਸ਼ ਦੀ ਬਦਲਦੀ ਰਾਸ਼ਟਰੀ ਪਛਾਣ ਨੂੰ ਮਜ਼ਬੂਤੀ ਨਾਲ ਉਭਾਰਨਾ ਹੈ | ਨਵੀਂ ਨਿਯਮਾਂਵਲੀ ਅਨੁਸਾਰ ਹੁਣ ਫ਼ੌਜ ਦੇ ਉਚ ਅਧਿਕਾਰੀ ਰਸਮੀ ਸਮਾਗਮਾਂ ਦÏਰਾਨ ਬੰਦ ਗਲੇ ਵਾਲੀ 'ਬੰਡੀ ਜੈਕਟ' ਪਹਿਨ ਸਕਣਗੇ | ਇਹ ਪਹਿਲੀ ਵਾਰ ਹੈ ਜਦੋਂ ਕਿਸੇ ਪਰੰਪਰਾਗਤ ਭਾਰਤੀ ਪਹਿਰਾਵੇ ਨੂੰ ਅਧਿਕਾਰਤ ਫ਼ੌਜੀ ਵਰਦੀ ਦਾ ਹਿੱਸਾ ਬਣਾਇਆ ਗਿਆ ਹੈ | ਅਧਿਕਾਰਤ ਨਿਰਦੇਸ਼ਾਂ ਮੁਤਾਬਿਕ ਅਫ਼ਸਰਾਂ ਨੂੰ ਬੰਦ ਗਲਾ, ਲਾਊਾਜ ਸੂਟ, ਕੰਬੀਨੇਸ਼ਨ ਡਰੈੱਸ ਜਾਂ ਟਾਈ-ਸ਼ਰਟ ਦੇ ਨਾਲ ਵੀ ਬੰਡੀ ਪਹਿਨਣ ਦੀ ਖੁੱਲ੍ਹ ਹੋਵੇਗੀ, ਜਿਸ ਦੇ ਰੰਗ ਤੇ ਡਿਜ਼ਾਈਨ ਦੇ ਮਾਪਦੰਡ ਤੈਅ ਕੀਤੇ ਗਏ ਹਨ |
ਪਰੇਡ ਦੌਰਾਨ ਤਲਵਾਰ ਦੀ ਸ਼ਰਤ ਖ਼ਤਮ, ਸ਼ਬਦਾਵਲੀ 'ਚੋਂ ਹਟਿਆ 'ਰੌਇਲ'
ਨਵੇਂ ਦਿਸ਼ਾ-ਨਿਰਦੇਸ਼ਾਂ ਤਹਿਤ ਪਰੇਡਾਂ ਅਤੇ ਹੋਰਨਾਂ ਫ਼ੌਜੀ ਸਮਾਗਮਾਂ ਦੇ ਨਿਯਮ ਵੀ ਬਦਲ ਦਿੱਤੇ ਗਏ ਹਨ | ਹੁਣ ਪਰੇਡ ਦਾ ਨਿਰੀਖਣ ਕਰਨ ਵਾਲੇ ਸੀਨੀਅਰ ਸੈਨਿਕ ਅਧਿਕਾਰੀਆਂ ਲਈ ਹੱਥ 'ਚ ਤਲਵਾਰ ਲੈ ਕੇ ਚੱਲਣਾ ਲਾਜ਼ਮੀ ਨਹੀਂ ਹੋਵੇਗਾ | ਇਸ ਤੋਂ ਇਲਾਵਾ ਕਈ ਵਰਦੀਆਂ ਦੇ ਨਾਲ ਪਹਿਨੀ ਜਾਣ ਵਾਲੀ ਰਵਾਇਤੀ 'ਪਾਊਚ ਬੈਲਟ' ਨੂੰ ਵੀ ਹਟਾ ਦਿੱਤਾ ਗਿਆ ਹੈ, ਹਾਲਾਂਕਿ ਕੁਝ ਖ਼ਾਸ ਰੈਜੀਮੈਂਟਲ ਪ੍ਰੋਗਰਾਮਾਂ 'ਚ ਇਸ ਦੀ ਵਰਤੋਂ ਹੁੰਦੀ ਰਹੇਗੀ | ਫ਼ੌਜ ਨੇ ਸਾਰੇ ਰੈਂਕਾਂ ਦੇ ਜਵਾਨਾਂ ਲਈ ਸਰਦੀਆਂ ਦੀ ਇਕ ਨਵੀਂ ਵਿਹਾਰਕ ਵਰਦੀ ਸ਼ੁਰੂ ਕੀਤੀ ਹੈ, ਜਿਸ ਨੂੰ 'ਡਰੈੱਸ 3ਬੀ' ਦਾ ਨਾਂਅ ਦਿੱਤਾ ਗਿਆ ਹੈ, ਇਸ 'ਚ ਅੰਗੋਲਾ ਸ਼ਰਟ, ਬੈਟਲ ਜੈਕਟ ਅਤੇ ਬੇਰੇਟ (ਗੋਲ ਟੋਪੀ) ਸ਼ਾਮਿਲ ਹੈ | ਵਰਦੀ ਦੇ ਨਾਲ-ਨਾਲ ਬਸਤੀਵਾਦੀ ਦੌਰ ਦੀ ਯਾਦ ਦਿਵਾਉਣ ਵਾਲੀ ਸ਼ਬਦਾਵਲੀ ਨੂੰ ਵੀ ਬਦਲਿਆ ਗਿਆ ਹੈ, ਜਿਸ ਤਹਿਤ 'ਰੌਇਲ' ਵਰਗੇ ਸ਼ਬਦਾਂ ਨੂੰ ਫ਼ੌਜੀ ਕੋਸ਼ 'ਚੋਂ ਕੱਢ ਦਿੱਤਾ ਗਿਆ ਹੈ | ਫ਼ੌਜ ਦੇ ਐਡਜੂਟੈਂਟ ਜਨਰਲ ਲੈਫਟੀਨੈਂਟ ਜਨਰਲ ਵੀ.ਪੀ.ਐਸ. ਕੌਸ਼ਿਕ ਨੇ ਕਿਹਾ ਕਿ ਇਹ ਬਦਲਾਅ ਭਾਰਤੀ ਕਦਰਾਂ-ਕੀਮਤਾਂ ਦੇ ਅਨੁਕੂਲ ਹਨ |
ਧਾਰਮਿਕ ਪ੍ਰਤੀਕਾਂ ਸੰਬੰਧੀ ਪਹਿਲਾਂ ਵਾਂਗ ਹੀ ਵਿਸ਼ੇਸ਼ ਛੋਟ
ਫ਼ੌਜੀਆਂ ਦੀ ਨਿੱਜੀ ਸਾਫ਼-ਸਫ਼ਾਈ ਅਤੇ ਸਜਾਵਟ ਨੂੰ ਲੈ ਕੇ ਨਵੇਂ ਨਿਯਮ ਸਖ਼ਤ ਕੀਤੇ ਗਏ ਹਨ | ਟੈਟੂ ਅਤੇ ਬਾਡੀ ਪੀਅਰਸਿੰਗ ਭਾਵ ਸਰੀਰ 'ਤੇ ਟੈਟੂ ਖੁਦਵਾਉਣ ਅਤੇ ਕੰਨ-ਨੱਕ ਵਿੰਨ੍ਹਣ 'ਤੇ ਮੁਕੰਮਲ ਪਾਬੰਦੀ ਜਾਰੀ ਰਹੇਗੀ | ਵਰਦੀ 'ਚ ਗਹਿਣੇ (ਬਰੇਸਲੇਟ) ਪਾਉਣ ਦੀ ਇਜਾਜ਼ਤ ਨਹੀਂ ਹੋਵੇਗੀ | ਡਿਓਡੋਰੈਂਟ ਅਤੇ ਪਰਫਿਊਮ ਦੀ ਵਰਤੋਂ ਵਰਜਿਤ ਕਰ ਦਿੱਤੀ ਗਈ ਹੈ, ਹਾਲਾਂਕਿ ਆਫਟਰ-ਸ਼ੇਵ ਲੋਸ਼ਨ ਲਗਾਇਆ ਜਾ ਸਕਦਾ ਹੈ | ਜਵਾਨਾਂ ਦੀਆਂ ਮੁੱਛਾਂ ਦੀ ਲੰਬਾਈ 12 ਸੈਂਟੀਮੀਟਰ ਨਿਰਧਾਰਤ ਕੀਤੀ ਗਈ ਹੈ | ਸਿੱਖ ਸੈਨਿਕਾਂ ਨੂੰ ਉਨ੍ਹਾਂ ਦੇ ਧਾਰਮਿਕ ਪ੍ਰਤੀਕਾਂ (ਦਸਤਾਰ ਅਤੇ ਕਕਾਰ) ਸੰਬੰਧੀ ਪਹਿਲਾਂ ਵਾਂਗ ਹੀ ਵਿਸ਼ੇਸ਼ ਛੋਟ ਮਿਲਦੀ ਰਹੇਗੀ | ਬਾਕੀ ਜਵਾਨਾਂ ਨੂੰ ਕੇਵਲ ਧਾਰਮਿਕ ਅਨੁਸ਼ਠਾਨ ਵਾਲੇ ਦਿਨ ਪਵਿੱਤਰ ਧਾਗਾ (ਖੰਮ੍ਹਣੀ/ਜਨੇਊ) ਪਹਿਨਣ ਦੀ ਸੀਮਤ ਖੁੱਲ੍ਹ ਹੋਵੇਗੀ |
ਮਹਿਲਾ ਅਧਿਕਾਰੀਆਂ ਲਈ ਲਿਪਸਟਿਕ ਤੇ ਨਹੁੰ ਪਾਲਿਸ਼ 'ਤੇ ਰੋਕ
ਮਹਿਲਾ ਸੈਨਿਕ ਅਧਿਕਾਰੀਆਂ ਨੂੰ ਸਾਦੇ ਰੰਗ ਦੀ ਸਾੜ੍ਹੀ ਜਾਂ ਕੁੜਤਾ-ਸਲਵਾਰ ਪਹਿਨਣ ਦੀ ਪ੍ਰਵਾਨਗੀ ਦਿੱਤੀ ਗਈ ਹੈ, ਪਰ ਬਿਨਾਂ ਬਾਹਾਂ ਵਾਲੇ (ਸਲੀਵਲੈਸ) ਕੁੜਤੇ, ਪਲਾਜ਼ੋ ਤੇ ਸਿਗਰਟ ਪੈਂਟ ਪਹਿਨਣ 'ਤੇ ਪੂਰੀ ਤਰ੍ਹਾਂ ਰੋਕ ਹੋਵੇਗੀ | ਕਾਸਮੈਟਿਕਸ (ਮੇਕਅੱਪ) ਸੰਬੰਧੀ ਨਿਯਮਾਂ ਨੂੰ ਹੋਰ ਸਖ਼ਤ ਕਰਦਿਆਂ ਵਰਦੀ ਦੇ ਨਾਲ ਲਿਪਸਟਿਕ, ਰੰਗਦਾਰ ਨਹੁੰ ਪਾਲਿਸ਼, ਵੱਡੀ ਬਿੰਦੀ ਅਤੇ ਨੋਜ਼ ਪਿਨ (ਕੋਕਾ) ਪਾਉਣ 'ਤੇ ਪਾਬੰਦੀ ਲਗਾਈ ਗਈ ਹੈ | ਵਿਆਹੀਆਂ ਮਹਿਲਾ ਅਧਿਕਾਰੀ ਸੰਧੂਰ ਲਗਾ ਸਕਦੀਆਂ ਹਨ, ਬਸ਼ਰਤੇ ਉਹ ਬੇਰੇਟ ਜਾਂ ਫ਼ੌਜੀ ਕਾੈਪ ਦੇ ਹੇਠਾਂ ਛਿਪਿਆ ਹੋਣਾ ਚਾਹੀਦਾ ਹੈ ਅਤੇ ਬਾਹਰ ਦਿਖਾਈ ਨਾ ਦੇਵੇ |

Ad Position 22
No active advertisement
ਪਿਛਲੀ ਖ਼ਬਰ ਟਰੰਪ ਵਲੋਂ ਲਿਬਨਾਨ 'ਚ ਸ਼ਾਂਤੀ ਦੀ ਅਪੀਲ ਅਗਲੀ ਖ਼ਬਰ ਜਾਅਲੀ ਦਸਤਖ਼ਤ ਮਾਮਲੇ 'ਚ ਸੀ.ਆਈ.ਡੀ. ਵਲੋਂ ਅਭਿਸ਼ੇਕ ਬੈਨਰਜੀ ਤੋਂ 8 ਘੰਟੇ ਪੁੱਛਗਿੱਛ
Ad Position 24
No active advertisement