ਪਾਕਿ ਰੱਖਿਆ ਮੰਤਰੀ ਵਲੋਂ ਮਕਬੂਜ਼ਾ ਕਸ਼ਮੀਰ 'ਚ ਪ੍ਰਦਰਸ਼ਨਕਾਰੀਆਂ ਨੂੰ ਧਮਕੀ
ਅਜੀਤ ਡੈਸਕ
15-06-2026
ਅੰਮਿ੍ਤਸਰ, 14 ਜੂਨ (ਸੁਰਿੰਦਰ ਕੋਛੜ)-ਵਿਵਾਦਪੂਰਨ ਬਿਆਨਾਂ ਲਈ ਜਾਣੇ ਜਾਂਦੇ ਪਾਕਿਸਤਾਨ ਦੇ ਰੱਖਿਆ ਮੰਤਰੀ ਖ਼ਵਾਜਾ ਮੁਹੰਮਦ ਆਸਿਫ਼ ਨੇ ਪਾਕਿ ਦੇ ਕਬਜ਼ੇ ਵਾਲੇ ਕਸ਼ਮੀਰ (ਪੀ.ਓ.ਕੇ.) 'ਚ ਚੱਲ ਰਹੇ ਵਿਰੋਧ ਪ੍ਰਦਰਸ਼ਨਾਂ ਬਾਰੇ ਕੁਰਾਨ ਦੀ ਸੂਰਾ ਅਲ-ਮਾਇਦਾਹ ਦੀ ਆਇਤ 33 ਦਾ ਹਵਾਲਾ ਦਿੰਦਿਆਂ ਕਿਹਾ ਕਿ ਅੱਲ੍ਹਾ ਅਤੇ ਉਸ ਦੇ ਪੈਗ਼ੰਬਰ ਵਿਰੁੱਧ ਜੰਗ ਛੇੜਨ ਵਾਲੇ ਅਤੇ ਧਰਤੀ 'ਤੇ ਵਿਦਰੋਹ ਫੈਲਾਉਣ ਦੀ ਕੋਸ਼ਿਸ਼ ਕਰਨ ਵਾਲਿਆਂ ਦੀ ਸਜ਼ਾ ਇਹ ਹੈ ਕਿ ਉਨ੍ਹਾਂ ਨੂੰ ਮਾਰ ਦਿੱਤਾ ਜਾਵੇ ਜਾਂ ਸਲੀਬ 'ਤੇ ਚੜ੍ਹਾਇਆ ਜਾਵੇ, ਜਾਂ ਉਨ੍ਹਾਂ ਦੇ ਹੱਥ-ਪੈਰ ਵੱਢ ਦਿੱਤੇ ਜਾਣ | ਇਸ ਬਿਆਨ ਬਾਅਦ ਉਨ੍ਹਾਂ 'ਤੇ ਦੋਸ਼ ਲਗਾਇਆ ਜਾ ਰਿਹਾ ਹੈ ਕਿ ਉਹ ਧਾਰਮਿਕ ਗ੍ਰੰਥਾਂ ਨੂੰ ਸਿਆਸੀ ਵਿਰੋਧੀਆਂ ਵਿਰੁੱਧ ਹਥਿਆਰ ਵਜੋਂ ਵਰਤ ਰਹੇ ਹਨ | ਖ਼ਵਾਜਾ ਦੀਆਂ ਟਿੱਪਣੀਆਂ 'ਤੇ ਤਿੱਖੀ ਪ੍ਰਤੀਕਿਰਿਆ ਦਿੰਦੇ ਹੋਏ ਪਾਕਿਸਤਾਨੀ ਕਾਰਕੁੰਨ ਇਮਰਾਨ ਰਿਆਜ਼ ਖਾਨ ਨੇ ਕਿਹਾ ਕਿ ਪਾਕਿ ਰੱਖਿਆ ਮੰਤਰੀ ਨੇ ਸਾਫ਼ ਕਰ ਦਿੱਤਾ ਹੈ ਕਿ ਪਾਕਿ ਸਰਕਾਰ ਅਤੇ ਉਥੋਂ ਦੀ ਫ਼ੌਜ ਪੀ.ਓ.ਕੇ. ਦੇ ਨਾਗਰਿਕਾਂ ਨੂੰ ਦੁਸ਼ਮਣ ਦੇਸ਼ ਦੇ ਨਾਗਰਿਕ ਮੰਨਦੀ ਹੈ | ਦੂਜੇ ਪਾਸੇ, ਆਈ. ਜੀ. ਮਕਬੂਜ਼ਾ ਕਸ਼ਮੀਰ ਪੁਲਿਸ ਕੈਪਟਨ (ਸੇਵਾਮੁਕਤ) ਲਿਆਕਤ ਅਲੀ ਮਲਿਕ ਨੇ ਕਿਹਾ ਕਿ ਘਾਟੀ 'ਚ 1000 ਕਸ਼ਮੀਰੀ ਮਾਰ ਦਿਆਂ ਤਾਂ ਪੂਰੇ ਪਾਕਿਸਤਾਨ ਦੇ ਹਾਲਾਤ ਠੀਕ ਹੋ ਜਾਣਗੇ | ਉਨ੍ਹਾਂ ਨੇ ਇਹ ਸ਼ਰਮਨਾਕ ਬਿਆਨ ਦਿੰਦਿਆਂ ਇਹ ਵੀ ਕਿਹਾ ਕਿ ਦੇਸ਼ ਦੀ 24-25 ਕਰੋੜ ਦੀ ਆਬਾਦੀ 'ਚੋਂ 1000 ਲੋਕਾਂ ਨੂੰ ਮਾਰ ਵੀ ਦਿੱਤਾ ਜਾਵੇ ਤਾਂ ਦੇਸ਼ ਨੂੰ ਕੋਈ ਫ਼ਰਕ ਨਹੀਂ ਪੈਣ ਵਾਲਾ | ਦੱਸਣਯੋਗ ਹੈ ਕਿ ਸੰਯੁਕਤ ਅਵਾਮੀ ਐਕਸ਼ਨ ਕਮੇਟੀ (ਜੇ.ਏ.ਏ.ਸੀ.) ਸੰਗਠਨ ਦੀ ਅਗਵਾਈ 'ਚ ਵੱਡੀ ਗਿਣਤੀ 'ਚ ਪ੍ਰਦਰਸ਼ਨਕਾਰੀ ਆਟਾ ਅਤੇ ਬਿਜਲੀ ਵਰਗੀਆਂ ਜ਼ਰੂਰੀ ਵਸਤਾਂ ਦੀਆਂ ਕੀਮਤਾਂ 'ਚ ਕਮੀ, ਬਾਹਰੀ ਲੋਕਾਂ ਲਈ ਰਾਖਵੀਂਆਂ ਸੀਟਾਂ ਨੂੰ ਖ਼ਤਮ ਕਰਨ, ਰਾਜਨੀਤਕ ਅਧਿਕਾਰਾਂ ਦੀ ਬਹਾਲੀ ਦੀ ਮੰਗ ਕਰ ਰਹੇ ਹਨ |