ਦੋਵੇਂ ਦੇਸ਼ਾਂ ਦਰਮਿਆਨ ਰਿਸ਼ਤੇ ਬਿਹਤਰ ਬਣਾਉਣ ਦੀ ਕੀਤੀ ਅਪੀਲ
ਨਵੀਂ ਦਿੱਲੀ/ਅੰਮ੍ਰਿਤਸਰ, 1 ਜੁਲਾਈ (ਉਪਮਾ ਡਾਗਾ ਪਾਰਥ, ਸੁਰਿੰਦਰ ਕੋਛੜ)-ਭਾਰਤ ਅਤੇ ਪਾਕਿਸਤਾਨ ਦਰਮਿਆਨ ਰਿਸ਼ਤਿਆਂ ਨੂੰ ਬਿਹਤਰ ਬਣਾਉਣ ਲਈ ਦੋਹਾਂ ਦੇਸ਼ਾਂ ਦੀਆਂ 117 ਅਹਿਮ ਹਸਤੀਆਂ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਉਨ੍ਹਾਂ ਦੇ ਪਾਕਿਸਤਾਨੀ ਹਮਅਹੁਦਾ ਸ਼ਾਹਬਾਜ਼ ਸ਼ਰੀਫ ਨੂੰ ਇਕ ਸਾਂਝੀ ਚਿੱਠੀ ਲਿਖੀ ਹੈ। ਜਿਸ ’ਚ ਟਕਰਾਅ ਦੀ ਥਾਂ ’ਤੇ ਗੱਲਬਾਤ ਦਾ ਰਾਹ ਚੁਣਨ ਦੀ ਲੋੜ ’ਤੇ ਜ਼ੋਰ ਦਿੱਤਾ। ਸੈਂਟਰ ਫਾਰ ਪੀਸ ਐਂਡ ਪ੍ਰੋਗਰੈਸ ਵਲੋਂ ਕੀਤੀ ਪਹਿਲ ਤਹਿਤ ਲਿਖੀ ਗਈ ਇਕ ਚਿੱਠੀ ’ਤੇ ਭਾਰਤ ਵਲੋਂ 61 ਅਤੇ ਪਾਕਿਸਤਾਨ ਵਲੋਂ 56 ਲੋਕਾਂ ਨੇ ਦਸਤਖ਼ਤ ਕੀਤੇ। ਭਾਰਤ ਵਲੋਂ ਜੰਮੂ-ਕਸ਼ਮੀਰ ਦੇ ਸਾਬਕਾ ਮੁੱਖ ਮੰਤਰੀ ਫਾਰੂਖ ਅਬਦੁੱਲਾ, ਮਹਿਬੂਬਾ ਮੁਫਤੀ, ਮੀਰਵਾਇਜ਼ ਉਮਰ ਫਾਰੂਖ, ਕਾਂਗਰਸ ਨੇਤਾ ਮਣੀਸ਼ੰਕਰ ਅਈਅਰ, ਰਾਅ ਦੇ ਸਾਬਕਾ ਮੁਖੀ ਏ. ਐਸ. ਦੁਲਤ, ਰਾਜ ਸਭਾ ਮੈਂਬਰ ਮਨੋਜ ਝਾਅ ਸਮੇਤ ਕਈ ਸਿੱਖਿਆ ਸ਼ਾਸਤਰੀਆਂ, ਪੱਤਰਕਾਰਾਂ, ਵਕੀਲਾਂ ਅਤੇ ਸਮਾਜਿਕ ਕਾਰਕੁਨਾਂ ਨੇ ਇਸ ਅਪੀਲ ਦੀ ਹਮਾਇਤ ਕੀਤੀ, ਜਦਕਿ ਪਾਕਿਸਤਾਨ ਵਲੋਂ ਸਾਬਕਾ ਵਿਦੇਸ਼ ਮੰਤਰੀ ਖੁਰਸ਼ੀਦ ਮਹਿਮੂਦ ਕਸੂਰੀ, ਸਾਬਕਾ ਅਧਿਕਾਰੀ ਅਸ਼ਰਫ ਜਹਾਂਗੀਰ ਕਾਜ਼ੀ, ਸਾਇੰਸਦਾਨ ਪਰਵੇਜ਼ ਹਦੂਭਾਯ ਅਤੇ ਕਈ ਸਮਾਜਿਕ ਕਾਰਕੁਨਾਂ ਨੇ ਚਿੱਠੀ ’ਤੇ ਦਸਤਖ਼ਤ ਕੀਤੇ ਹਨ। ਚਿੱਠੀ ’ਚ ਦੋਹਾਂ ਸਰਕਾਰਾਂ ਤੋਂ ਨਵੀਂ ਦਿੱਲੀ ਅਤੇ ਇਸਲਾਮਾਬਾਦ ’ਚ ਹਾਈ ਕਮਿਸ਼ਨਰਾਂ ਦੀ ਨਿਯੁਕਤੀ, ਪੂਰਨ ਸਫਾਰਤੀ ਸੰਬੰਧ ਬਹਾਲ ਕਰਨ, ਆਮ ਨਾਗਰਿਕਾਂ ਲਈ ਵੀਜ਼ਾ ਸੇਵਾਵਾਂ ਮੁੜ ਤੋਂ ਸ਼ੁਰੂ ਕਰਨ, ਸਰਹੱਦ ਪਾਰ ਧਾਰਮਿਕ ਅਤੇ ਸੱਭਿਆਚਾਰਕ ਯਾਤਰਾਵਾਂ ਨੂੰ ਸੁਖਾਲਾ ਬਣਾਉਣ ਦੀ ਮੰਗ ਕੀਤੀ ਗਈ। ਚਿੱਠੀ ’ਚ ਦੋਹਾਂ ਦੇਸ਼ਾਂ ਦੇ ਮੀਡੀਆ ’ਚ ਲੱਗੀਆਂ ਪਾਬੰਦੀਆਂ ਹਟਾਉਣ ਅਤੇ ਪੱਤਰਕਾਰਾਂ ਨੂੰ ਸੁਤੰਤਰ ਰੂਪ ਨਾਲ ਰਿਪੋਰਟਿੰਗ ਦੀ ਇਜਾਜ਼ਤ ਦੇਣ ਦੀ ਵੀ ਮੰਗ ਕੀਤੀ ਗਈ। ਚਿੱਠੀ ’ਚ ਦੋਹਾਂ ਦੇਸ਼ਾਂ ’ਚ ਗੱਲਬਾਤ ਸ਼ੁਰੂ ਕਰਨ, ਜੰਮੂ-ਕਸ਼ਮੀਰ ਸਮੇਤ ਸਾਰੇ ਵਿਵਾਦਿਤ ਮੁੱਦਿਆਂ ’ਤੇ ਗੱਲਬਾਤ ਕਰਨ, ਫ਼ੌਜੀ ਤਣਾਅ ਘੱਟ ਕਰਨ ਲਈ ਕਦਮ ਚੁੱਕੇ ਜਾਣ ਦੀ ਮੰਗ ਕੀਤੀ ਗਈ। ਇਸ ਤੋਂ ਇਲਾਵਾ ਲੋਕਾਂ ਦਰਮਿਆਨ ਸੰਪਰਕ ਵਧਾਉਣ, ਹਵਾਈ ਮਾਰਗ ਖੋਲ੍ਹਣ ਅਤੇ ਕਾਰੋਬਾਰ ਮੁੜ ਸ਼ੁਰੂ ਕਰਨ ਦੀ ਮੰਗ ਵੀ ਕੀਤੀ ਗਈ। ਪੱਤਰ ’ਚ ਕਿਹਾ ਗਿਆ ਹੈ ਕਿ ਭਾਰਤ ਅਤੇ ਪਾਕਿ ਦੁਨੀਆ ਦੀ ਆਬਾਦੀ ਦਾ ਲਗਭਗ ਪੰਜਵਾਂ ਹਿੱਸਾ ਹਨ। ਦੋਵਾਂ ਦੇਸ਼ਾਂ ’ਚ ਵੱਡੀ ਗਿਣਤੀ ਵਿਚ ਨੌਜਵਾਨ ਆਬਾਦੀ ਹੈ, ਪਰ ਲਗਾਤਾਰ ਤਣਾਅ ਉਨ੍ਹਾਂ ਦੇ ਭਵਿੱਖ, ਰੁਜ਼ਗਾਰ ਅਤੇ ਵਿਕਾਸ ਦੇ ਮੌਕਿਆਂ ’ਚ ਰੁਕਾਵਟ ਬਣ ਰਿਹਾ ਹੈ। ਪੱਤਰ ਦੇ ਅੰਤ ’ਚ ਕਿਹਾ ਗਿਆ ਕਿ ਇਹ ਕਿਸੇ ਵੀ ਰਾਜਨੀਕ ਪਾਰਟੀ ਦਾ ਸਮਰਥਨ ਨਹੀਂ ਹੈ, ਸਗੋਂ ਲਗਭਗ ਦੋ ਅਰਬ ਲੋਕਾਂ ਦੇ ਭਵਿੱਖ, ਸ਼ਾਂਤੀ ਅਤੇ ਖੇਤਰੀ ਸਥਿਰਤਾ ਦੇ ਹਿਤ ’ਚ ਕੀਤੀ ਗਈ ਅਪੀਲ ਹੈ।
ਭਾਰਤ-ਪਾਕਿ ਦੀਆਂ 117 ਸ਼ਖ਼ਸੀਅਤਾਂ ਨੇ ਮੋਦੀ ਤੇ ਸ਼ਾਹਬਾਜ਼ ਨੂੰ ਲਿਖੀ ਚਿੱਠੀ
ਅਜੀਤ ਡੈਸਕ
02-07-2026